ਸੁਪਰੀਮ ਕੋਰਟ ਵੱਲੋਂ ਹਾਦੀਆ ਦੇ ਵਿਆਹ ’ਤੇ ਮੋਹਰ


ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਕੇਰਲਾ ਹਾਈ ਕੋਰਟ ਦੇ ਫੈਸਲੇ ਨੂੰ ਉਲੱਦਦਿਆਂ ਅੱਜ ਹਿੰਦੂ ਕੁੜੀ ਦੇ ਮੁਸਲਿਮ ਨੌਜਵਾਨ ਨਾਲ ਵਿਆਹ ਨੂੰ ਸਹੀ ਕਰਾਰ ਦੇ ਦਿੱਤਾ ਹੈ।
ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏਐਮ ਖਨਵਿਲਕਰ ਤੇ ਡੀਵਾਈ ਚੰਦਰਚੂੜ ਦੇ ਬੈਂਚ ਨੇ ਕਿਹਾ ਕਿ ਹਾਦੀਆ ਉਰਫ਼ ਅਖਿਲਾ ਅਸ਼ੋਕਨ ਨੂੰ ਕਾਨੂੰਨ ਮੁਤਾਬਕ ਭਵਿੱਖ ਵਿਚ ਕੁਝ ਵੀ ਕਰਨ ਦੀ ਆਜ਼ਾਦੀ ਹੈ। ਉਂਜ, ਕੌਮੀ ਜਾਂਚ ਏਜੰਸੀ ਕੇਸ ਦਾ ਜੇ ਕੋਈ ਫ਼ੌਜਦਾਰੀ ਪਹਿਲੂ ਹੈ ਤਾਂ ਉਸ ਦੀ ਜਾਂਚ ਜਾਰੀ ਰੱਖ ਸਕੇਗੀ। ਚੀਫ ਜਸਟਿਸ ਨੇ ਦੁਪਹਿਰ ਦੇ ਖਾਣੇ ਦੇ ਵਕਫ਼ੇ ਮਗਰੋਂ ਫ਼ੈਸਲੇ ਦਾ ਕੇਂਦਰੀ ਹਿੱਸਾ ਸੁਣਾਉਂਦਿਆਂ ਕਿਹਾ ਕਿ ਹਾਈ ਕੋਰਟ ਨੂੰ ਸੰਵਿਧਾਨ ਦੀ ਧਾਰਾ 226 ਤਹਿਤ ਦਾਇਰ ਕੀਤੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਸ਼ਾਦੀ ਰੱਦ ਨਹੀਂ ਕਰਨੀ ਚਾਹੀਦੀ ਸੀ। ਫੈਸਲੇ ਵਿੱਚ ਹਾਦੀਆ ਦੀ 27 ਨਵੰਬਰ ਦੀ ਸੁਪਰੀਮ ਕੋਰਟ ਵਿਚ ਪੇਸ਼ੀ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਦੋਂ ਲੜਕੀ ਨੇ ਕਿਹਾ ਸੀ ਕਿ ਉਸ ਨੇ ਆਪਣੀ ਮਰਜ਼ੀ ਨਾਲ ਸ਼ਫੀਨ ਜਹਾਂ ਨਾਲ ਸ਼ਾਦੀ ਕੀਤੀ ਸੀ। ਸੁਪਰੀਮ ਕੋਰਟ ਨੇ 3 ਅਕਤੂਬਰ ਨੂੰ ਕਿਹਾ ਸੀ ਕਿ ਉਹ ਹਾਦੀਆ ਤੇ ਸ਼ਫੀਨ ਦੀ ਸ਼ਾਦੀ ਰੱਦ ਕਰਨ ਦੇ ਹਾਈ ਕੋਰਟ ਦੇ ਫ਼ੈਸਲੇ ਦੀ ਸਮੀਖਿਆ ਕਰੇਗੀ। 24 ਸਾਲਾ ਅਖੀਲਾ ਅਸ਼ੋਕਨ ਨੇ ਇਸਲਾਮ ਧਾਰਨ ਕਰ ਕੇ ਆਪਣਾ ਨਾਂ ਹਾਦੀਆ ਰੱਖ ਲਿਆ ਸੀ ਤੇ ਆਪਣੇ ਪ੍ਰੇਮੀ ਸ਼ਫੀਨ ਜਹਾਂ ਨਾਲ ਵਿਆਹ ਕਰ ਲਿਆ ਸੀ। ਹਾਦੀਆ ਦੇ ਪਿਤਾ ਅਸ਼ੋਕਨ ਨੇ ਦੋਸ਼ ਲਾਇਆ ਸੀ ਦਹਿਸ਼ਤਪਸੰਦੀ ਨਾਲ ਜੁੜੇ ਕੁਝ ਗਰੁੱਪਾਂ ਨੇ ਉਸ ਦੀ ਧੀ ਦਾ ਮਨ ਬਦਲ ਕੇ ਉਸ ਨੂੰ ਇਸਲਾਮ ਧਰਮ ਧਾਰਨ ਕਰਵਾਇਆ ਸੀ।
ਅਸ਼ੋਕਨ ਰੀਵਿਉੂ ਪਟੀਸ਼ਨ ਦਾਇਰ ਕਰੇਗਾ: ਕੋਚੀ:  ਹਾਦੀਆ ਦੇ ਪਿਤਾ ਕੇਐਮ ਅਸ਼ੋਕਨ ਨੇ ਅੱਜ ਕਿਹਾ ਕਿ ਉਹ ਕੇਰਲਾ ਹਾਈ ਕੋਰਟ ਦੇ ਫੈਸਲੇ ਨੂੰ  ਉਲਟਾਉਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਇਕ ਰੀਵਿਊ ਪਟੀਸ਼ਨ ਦਾਇਰ ਕਰਨਗੇ।  ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਦੇ ਫ਼ੈਸਲੇ ’ਤੇ  ਪ੍ਰਤੀਕਿਰਿਆ ਕਰਦਿਆਂ ਅਸ਼ੋਕਨ ਨੇ ਕਿਹਾ ‘‘ ਅਸੀਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹਾਂ ਪਰ ਅਸੀਂ ਰੀਵਿਊ ਪਟੀਸ਼ਨ ਦਾਇਰ ਕਰਾਂਗੇ।’’ । ਹਾਈ ਕੋਰਟ ਨੇ ਅਸ਼ੋਕਨ ਦੀ ਪਟੀਸ਼ਨ ਦੇ ਆਧਾਰ ’ਤੇ ਇਹ ਸ਼ਾਦੀ ਰੱਦ ਕਰਨ  ਦਾ ਹੁਕਮ ਦਿੱਤਾ ਸੀ। ਅਸ਼ੋਕਨ ਕੋਟਿਯਮ ਜ਼ਿਲੇ ਦੇ ਵਾਇਕਮ ਦਾ ਰਹਿਣ ਵਾਲਾ ਹੈ।

 

 

fbbg-image

Latest News
Magazine Archive