ਬਿਜਲੀ ਦੀ ਮੰਗ ਵਧਣ ਕਰ ਕੇ ਪਾਵਰਕੌਮ ਨੇ ਦਿੱਤੀ

ਆਪਣੇ ਥਰਮਲਾਂ ਨੂੰ ਥਾਪੀ


ਬਠਿੰਡਾ - ਗਰਮੀ ਤੋਂ ਪਹਿਲਾਂ ਹੀ ਪ੍ਰਾਈਵੇਟ ਤਾਪ ਬਿਜਲੀ ਘਰਾਂ ਦੇ ਕੋਲਾ ਭੰਡਾਰ ਮੁੱਕਣ ਲੱਗੇ ਹਨ। ਨਤੀਜੇ ਵਜੋਂ ਇਨ੍ਹਾਂ ਥਰਮਲਾਂ ਨੇ ਪਾਵਰਕੌਮ ਨੂੰ ਦਿੱਤੀ ਜਾਣ ਵਾਲੀ ਬਿਜਲੀ ’ਤੇ ਕੱਟ ਲਾ ਦਿੱਤਾ ਹੈ। ਪਾਵਰਕੌਮ ਨੇ ਮਾਹੌਲ ਨੂੰ ਦੇਖਦੇ ਹੋਏ ਅੱਜ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਤੋਂ ਪੰਜਾਬ ਵਿਚ ਗਰਮੀ ਦੇ ਮੌਸਮ ਦੌਰਾਨ ‘ਪਾਵਰ ਕੱਟ’ ਲਾਉਣ ਦੀ ਪ੍ਰਵਾਨਗੀ ਮੰਗੀ ਹੈ। ਪਟੀਸ਼ਨ ਨੰਬਰ 06/2018 ਵਿਚ ਇਹੋ ਤਰਕ ਦਿੱਤਾ ਗਿਆ ਹੈ ਕਿ ਪ੍ਰਾਈਵੇਟ ਥਰਮਲ ਵੱਧ ਸਮਰੱਥਾ ਦੇ ਹਨ ਜਿਨ੍ਹਾਂ ਵਿਚ ਕੋਈ ਤਕਨੀਕੀ ਅੜਚਣ ਵਜੋਂ ‘ਪਾਵਰ ਕੱਟ’ ਲਾਉਣ ਦੀ ਨੌਬਤ ਬਣ ਸਕਦੀ ਹੈ।      ਕੈਪਟਨ ਸਰਕਾਰ ਨੇ ਪਹਿਲੀ ਜਨਵਰੀ ਤੋਂ ਬਠਿੰਡਾ ਥਰਮਲ ਦੇ ਚਾਰ ਯੂਨਿਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਪੱਕੇ ਤੌਰ ’ਤੇ ਬੰਦ ਕਰ ਦਿੱਤੇ ਹਨ। ਪਾਵਰਕੌਮ ਨੂੰ ਆਪਣੇ ਤਾਪ ਬਿਜਲੀ ਘਰਾਂ ਦਾ ਮੁੜ ਚੇਤਾ ਆ ਗਿਆ ਹੈ ਜਿਸ ਵਜੋਂ ਅੱਜ ਲਹਿਰਾ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਚਲਾ ਦਿੱਤੇ ਹਨ। ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਹੁਣ ਤਿੰਨ ਯੂਨਿਟ ਚੱਲ ਰਹੇ ਹਨ ਜਦਕਿ ਚੌਥੇ ਯੂਨਿਟ ਨੂੰ ਚਲਾਉਣ ਦੇ ਹੁਕਮ ਆ ਗਏ ਹਨ।
ਸੂਤਰ ਆਖਦੇ ਹਨ ਕਿ ਗਰਮੀਆਂ ਵਿੱਚ ਵੱਡੀ ਨੌਬਤ ਬਣੀ ਤਾਂ ਬਠਿੰਡਾ ਥਰਮਲ ਵੀ ਪਾਵਰਕੌਮ ਨੂੰ ਚੇਤੇ ਆ ਸਕਦਾ ਹੈ। ਪਿਛਲੇ ਸਾਲ ਦੀਆਂ ਗਰਮੀਆਂ ਵਿਚ ਐਨ ਪੀਕ ਸੀਜ਼ਨ ਵਿੱਚ ਜੁਲਾਈ 2017 ਵਿਚ ਬਿਜਲੀ ਦੀ ਮੰਗ 11705 ਮੈਗਾਵਾਟ ’ਤੇ ਪੁੱਜ ਗਈ ਸੀ।
ਵੇਰਵਿਆਂ ਅਨੁਸਾਰ ਅੱਜ ਪਾਵਰਕੌਮ ਨੂੰ ਆਪਣੇ ਦੋ ਤਾਪ ਬਿਜਲੀ ਘਰਾਂ ਤੋਂ 1057 ਮੈਗਾਵਾਟ ਅਤੇ ਪ੍ਰਾਈਵੇਟ ਥਰਮਲਾਂ ਤੋਂ 2912 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਸੀ। ਸੂਤਰਾਂ ਅਨੁਸਾਰ ਤਲਵੰਡੀ ਸਾਬੋ ਥਰਮਲ ਪਲਾਂਟ ਨੇ  ਸਮਝੌਤੇ ਅਨੁਸਾਰ 1843.4 ਮੈਗਾਵਾਟ ਬਿਜਲੀ ਦੇਣੀ ਹੁੰਦੀ ਹੈ ਪ੍ਰੰਤੂ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਸਮਝੌਤੇ ਮੁਤਾਬਿਕ ਬਿਜਲੀ ਦਿੱਤੀ ਨਹੀਂ ਜਾ ਰਹੀ ਹੈ। ਪਿਛਲੇ ਦਿਨੀਂ ਇਸ ਥਰਮਲ ਨੇ ਸਮਝੌਤੇ ਦੇ ਉਲਟ 1350 ਮੈਗਾਵਾਟ ਬਿਜਲੀ ਹੀ ਦਿੱਤੀ ਅਤੇ ਹੁਣ ਆਉਂਦੇ ਦਿਨਾਂ ਵਿਚ 950 ਮੈਗਾਵਾਟ ਬਿਜਲੀ ਦੇਣ ਦੀ ਗੱਲ ਆਖੀ ਜਾ ਰਹੀ ਹੈ।  ਤਲਵੰਡੀ ਸਾਬੋ ਥਰਮਲ ਕੋਲ ਇਸ ਵੇਲੇ ਸਿਰਫ਼ 1.3 ਦਿਨ ਦਾ ਕੋਲਾ ਬਚਿਆ ਹੈ ਜੋ 43893 ਟਨ ਹੈ ਜਦਕਿ ਰਾਜਪੁਰਾ ਥਰਮਲ ਪਲਾਂਟ ਕੋਲ ਸਿਰਫ਼ 3.3 ਦਿਨ ਦਾ ਕੋਲਾ ਬਚਿਆ ਹੈ ਜੋ 56,690 ਟਨ ਬਣਦਾ ਹੈ। ਗੋਇੰਦਵਾਲ ਥਰਮਲ ਪਲਾਂਟ ਕੋਲ 7.2 ਦਿਨ ਦਾ ਕੋਲਾ ਹੈ।  ਦੂਜੇ ਪਾਸੇ ਪਾਵਰਕੌਮ ਦੇ ਆਪਣੇ ਲਹਿਰਾ ਮੁਹੱਬਤ ਥਰਮਲ ਕੋਲ 17.6 ਦਿਨਾਂ ਦਾ ਅਤੇ ਰੋਪੜ ਥਰਮਲ ਪਲਾਂਟ ਕੋਲ 25 ਦਿਨਾਂ ਦਾ ਕੋਲਾ ਭੰਡਾਰ ਹੈ। ਸੂਤਰ ਆਖਦੇ ਹਨ ਕਿ ਪਾਵਰਕੌਮ ਸਮਝੌਤੇ ਦੇ ਉਲਟ ਬਿਜਲੀ ਘੱਟ ਦਿੱਤੇ ਜਾਣ ਦੀ ਸੂਰਤ ਵਿਚ ਪ੍ਰਾਈਵੇਟ ਥਰਮਲਾਂ ਨੂੰ ਕੋਈ ਜੁਰਮਾਨਾ ਨਹੀਂ ਲਾ ਰਿਹਾ ਹੈ। ਥਰਮਲ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਬਠਿੰਡਾ ਥਰਮਲ ਦੇ ਦੋ ਯੂਨਿਟ ਤਾਂ ਰੈਨੋਵੇਸ਼ਨ ਮਗਰੋਂ 100 ਦਿਨ ਵੀ ਨਹੀਂ ਚੱਲੇ ਹਨ। ਸਰਕਾਰ ਆਪਣਾ ਹਠ ਤਿਆਗੇ ਅਤੇ ਪ੍ਰਾਈਵੇਟ ਥਰਮਲਾਂ ਦੀ ਥਾਂ ਆਪਣੇ ਯੂਨਿਟ ਮੁੜ ਚਲਾਵੇ ਜਿਸ ਵਿਚ ਪਾਵਰਕੌਮ ਦੀ ਵੀ ਭਲਾਈ ਹੈ।
ਬਿਜਲੀ ਦੀ ਤੋਟ ਨਹੀਂ ਆਵੇਗੀ : ਡਾਇਰੈਕਟਰ
ਪਾਵਰਕੌਮ ਦੇ ਡਾਇਰੈਕਟਰ (ਵੰਡ) ਐਨ.ਕੇ. ਸ਼ਰਮਾ ਦਾ ਕਹਿਣਾ ਸੀ ਕਿ ਪਾਵਰਕੌਮ ਕੋਲ ਮੰਗ ਤੋਂ ਜ਼ਿਆਦਾ ਬਿਜਲੀ ਹੈ। ਕਈ ਵਾਰ ਅਚਨਚੇਤ ਅੜਚਣ ਬਣਨ ’ਤੇ ਬਿਜਲੀ ਦੇ ਬਦਲਵੇਂ ਪ੍ਰਬੰਧ ਕਰਨ ’ਤੇ ਸਮਾਂ ਲੱਗ ਜਾਂਦਾ ਹੈ ਜਿਸ ਕਰਕੇ ਇਹਤਿਆਤ ਵਜੋਂ ਕੱਟ ਵਗੈਰਾ ਦਾ ਕਦਮ ਚੁੱਕਣਾ ਪੈ ਸਕਦਾ ਹੈ ਪ੍ਰੰਤੂ ਏਦਾਂ ਦੀ ਨੌਬਤ ਨਹੀਂ ਆਵੇਗੀ। ਕੋਲੇ ਦਾ ਸੰਕਟ ਪੂਰੇ ਦੇਸ਼ ਵਿਚ ਹੈ ਜਿਸ ਕਰ ਕੇ ਤਲਵੰਡੀ ਥਰਮਲ ਰੈਕ ਘੱਟ ਆਉਣ ’ਤੇ ਪੂਰੇ ਲੋਡ ਤੋਂ ਘੱਟ ਸਮਰੱਥਾ ’ਤੇ ਚੱਲਦਾ ਹੈ। ਲੋੜ ਪਈ ਤਾਂ ਉਹ ਆਪਣੇ ਯੂਨਿਟ ਚਲਾਉਣਗੇ ਤੇ ਚਲਾ ਵੀ ਰਹੇ ਹਨ।

 

 

fbbg-image

Latest News
Magazine Archive