ਹੋਲਾ ਮਹੱਲਾ: ਅਕਾਲੀਆਂ ਦੀਆਂ ਕਾਨਫਰੰਸਾਂ ਵਿੱਚ ਦੂਸ਼ਨਬਾਜ਼ੀ ਰਹੀ ਭਾਰੀ


ਸ੍ਰੀ ਆਨੰਦਪੁਰ ਸਾਹਿਬ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਨੂੰ ਫ਼ਖ਼ਰ ਹੈ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਲਈ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਸਨ। ਹੋਲੇ ਮਹੱਲੇ ਦੇ ਦੂਸਰੇ ਦਿਨ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਦਹਾਕਿਆਂ ਤੋਂ ਚਲੀ ਆ ਰਹੀ ਰਵਾਇਤ ਅਨੁਸਾਰ ਸਿਆਸੀ ਕਾਨਫਰੰਸ ਕੀਤੀ ਗਈ। ਉਂਜ ਪਾਰਟੀ ਦੀ ਰਵਾਇਤ ਦੇ ਉਲਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਨਫਰੰਸ ’ਚੋਂ ਗ਼ੈਰਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਵਾਰ ਬਿਮਾਰ ਹੋਣ ਕਰਕੇ ਉਹ ਕਾਨਫਰੰਸ ’ਚ ਹਾਜ਼ਰ ਨਹੀਂ ਹੋ ਸਕੇ ਸਨ।
ਦੂਜੇ ਪਾਸੇ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਗਈ ਕਾਨਫਰੰਸ ਵਿੱਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਨੇ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ।
ਕਾਂਗਰਸ ਸਰਕਾਰ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇਣੀ ਜਾਰੀ ਰੱਖੀ ਸੀ ਜਦਕਿ ਕਾਂਗਰਸ ਸਰਕਾਰ ਕਿਸਾਨਾਂ ਉਤੇ ਬਿਜਲੀ ਦੇ ਬਿਲ ਲਾਉਣ ਦੀ ਤਿਆਰੀ ਕਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਰੀਆਂ ਲੋਕ ਭਲਾਈ ਸਕੀਮਾਂ, ਇਹ ਚਾਹੇ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਜਾਂ  ਫਿਰ ਦਲਿਤ ਵਿਦਿਆਰਥੀਆਂ ਲਈ ਵਜ਼ੀਫੇ ਹੋਣ, ਨੂੰ ਬੰਦ ਕਰ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ 800 ਸਕੂਲਾਂ ਨੂੰ ਵੀ ਤਾਲਾ ਜੜ ਦਿੱਤਾ ਹੈ।  ਕਾਂਗਰਸ ਸਰਕਾਰ ਪੰਜਾਬ ਵਿੱਚ ਹੋਣ ਵਾਲਾ ਸਾਲਾਨਾ ਵਿਸ਼ਵ ਕਬੱਡੀ ਕੱਪ ਕਰਾਉਣ ਤੋਂ ਵੀ ਇਨਕਾਰ ਕਰ ਰਹੀ ਹੈ। ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਆ ਰਹੇ ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਸਰਕਾਰ ਨੂੰ ਕੁੰਭਕਰਨੀ ਨੀਂਦ ਵਿੱਚੋਂ ਜਗਾਉਣ ਲਈ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਫ਼ੈਸਲਾ ਲਿਆ ਹੈ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਮਾਰੂ ਦੱਸਿਆ ਅਤੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਕੈਬਨਿਟ ਦੇ ਵਿਸਥਾਰ ਮੌਕੇ ਕਾਬਿਲ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਵੇ। ਉਨ੍ਹਾਂ ਸਿੱਖ ਭਾਈਚਾਰੇ ਨੂੰ ਪੰਜਾਬੀਆਂ ਦੀ ਸ਼ਾਨ ਦੱਸਦਿਆਂ ਕਿਹਾ, ‘‘ਸਾਨੂੰ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਤੋਂ ਸੇਧ ਲੈਣੀ ਚਾਹੀਦੀ ਹੈ।’’ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਆਪਣੀਆਂ ਪ੍ਰਾਪਤੀਆਂ ਲੋਕਾਂ ਨੂੰ ਗਿਣਵਾਉਣ ਤੋਂ ਪਿੱਛੇ ਨਹੀਂ ਰਹੇ।       ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਲੋਕਾਂ ਨਾਲ ਕੀਤੇ ਮੁਕੰਮਲ ਕਰਜ਼ਾ ਮੁਆਫ਼ੀ, ਘਰ ਘਰ ਨੌਕਰੀ ਅਤੇ ਸਮਾਜ ਭਲਾਈ ਦੇ ਲਾਭਾਂ ਵਿੱਚ ਵਾਧੇ ਆਦਿ ਜਿਹੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਕਾਨਫਰੰਸ ਨੂੰ ਗੁਲਜ਼ਾਰ ਸਿੰਘ ਰਣੀਕੇ, ਮਦਨ ਮੋਹਨ ਮਿੱਤਲ, ਚਰਨਜੀਤ ਸਿੰਘ ਅਟਵਾਲ, ਬੀਬੀ ਜਾਗੀਰ ਕੌਰ, ਸੋਹਣ ਸਿੰਘ ਠੰਡਲ, ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰਾਂ ਨੇ ਵੀ ਸੰਬੋਧਨ ਕੀਤਾ।
ਉਧਰ ਅਕਾਲੀ ਦਲ (ਅ) ਦੇ ਨੇਤਾ ਸ੍ਰੀ ਮਾਨ ਨੇ ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਰੋਕਣ ਦੇ ਉਪਰਾਲੇ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ 10 ਸਾਲਾਂ ਦੇ ਰਾਜਕਾਲ ਦੌਰਾਨ ਸਿੱਖਾਂ ਅਤੇ ਸਿੱਖੀ ਦਾ ਬਹੁਤ ਵੱਡਾ ਘਾਣ ਕੀਤਾ ਗਿਆ  ਅਤੇ ਸਿੱਖ ਕੌਮ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।  ਪਾਰਟੀ ਦੇ ਯੂਥ ਵਿੰਗ ਪੰਜਾਬ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਨਾ ਦੇ ਕੇ ਸਿੱਖ ਕੌਮ ਨੂੰ ਕੈਨੇਡਾ ਸਰਕਾਰ ਤੋਂ ਦੂਰ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਕੌਮ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਐਲਾਨ ਕਰਕੇ ਸਿੱਖ ਕੌਮ ਤੋਂ ਮੁੜ ਫਤਵਾ ਲਿਆ ਜਾਵੇ। ਇਸ ਮੌਕੇ ਕੁਲਦੀਪ ਸਿੰਘ ਭਾਗੋਵਾਲ, ਹਰਭਜਨ ਸਿੰਘ ਕਸ਼ਮੀਰੀ, ਅਮਰੀਕ ਸਿੰਘ ਬੱਲੋਵਾਲ, ਫੌਜਾ ਸਿੰਘ ਧਨੋਰੀ, ਹਰਪ੍ਰੀਤ ਸਿੰਘ ਮੜੋਲੀ, ਸ਼ਿੰਗਾਰਾ ਸਿੰਘ ਬੱਢਲਾ, ਅਵਤਾਰ ਸਿੰਘ ਖੱਖ, ਹਰਮੇਸ਼ ਸਿੰਘ ਬੜੋਦੀ, ਰਾਜਵਿੰਦਰ ਸਿੰਘ ਲੋਧੀਪੁਰ, ਹਰਬੰਸ ਸਿੰਘ ਪੱਲੀ, ਅਮਰੀਕ  ਸਿੰਘ ਨੰਗਲ, ਤੇਜ ਕੌਰ, ਹਰਭਜਨ ਸਿੰਘ, ਸਵਰਨ ਸਿੰਘ ਫਾਟਕ ਮਾਜਰੀ, ਬਲਵਿੰਦਰ ਸਿੰਘ, ਹਰਜੀਤ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।

 

 

fbbg-image

Latest News
Magazine Archive