ਪੀਐਨਬੀ ਘੁਟਾਲੇ ਵਿੱਚ 1300 ਕਰੋੜ ਹੋਰ ਜੁੜੇ


ਈਡੀ ਨੇ ਨੀਰਵ ਮੋਦੀ ਖ਼ਿਲਾਫ਼ ਗ਼ੈਰਜ਼ਮਾਨਤੀ ਵਾਰੰਟ ਕਢਵਾਉਣ ਲਈ ਅਰਜ਼ੀ ਕੀਤੀ ਦਾਇਰ
ਨਵੀਂ ਦਿੱਲੀ - ਜਦੋਂ ਪੀਐਨਬੀ ਘੁਟਾਲੇ ਦੀ ਕਈ ਏਜੰਸੀਆਂ ਰਾਹੀਂ ਜਾਂਚ ਚੱਲ ਰਹੀ ਹੈ ਤਾਂ ਇਸ ਸਰਕਾਰੀ ਬੈਂਕ ਨੇ ਕਿਹਾ ਹੈ ਕਿ ਫਰਾਡ ਦੀ ਲਪੇਟ ਵਾਲੀ  ਰਕਮ 11400 ਕਰੋੜ ਰੁਪਏ ਨਹੀਂ ਸਗੋਂ 14700 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਭਾਰਤੀ ਬੈਂਕਿੰਗ ਖੇਤਰ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਘੁਟਾਲਾ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਸੀਬੀਆਈ ਨੇ ਅੱਜ ਪੀਐਨਬੀ ਘੁਟਾਲੇ ਸਬੰਧੀ ਅਲਾਹਾਬਾਦ ਬੈਂਕ ਦੀ ਸੀਈਓ ਤੇ ਐਮਡੀ ਊਸ਼ਾ ਅਨੰਤਾਸੁਬਰਾਮਣੀਅਨ (60) ਤੋਂ ਪੁੱਛਗਿੱਛ ਕੀਤੀ ਗਈ। ਅਨੰਤਾਸੁਬਰਾਮਣੀਅਨ ਹਾਲ ਹੀ ਵਿੱਚ ਇੰਡੀਅਨ ਬੈਂਕਜ਼ ਐਸੋਸੀਏਸ਼ਨ ਦੀ ਮੁਖੀ ਚੁਣੀ ਗਈ ਸੀ।
ਲੰਘੀ 4 ਫਰਵਰੀ ਨੂੰ ਇਹ ਘੁਟਾਲਾ ਬੈਂਕ ਦੀ ਨਜ਼ਰੀਂ ਚੜ੍ਹਿਆ ਸੀ ਜਿਸ ਵਿੱਚ ਹੀਰੇ ਜਵਾਹਰਾਤ ਦਾ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੇ ਸਹਿਯੋਗੀਆਂ ਨੇ ਪੀਐਨਬੀ ਦੀਆਂ ਕੁਝ ਸ਼ਾਖਾਵਾਂ ਤੋਂ ਓਵਰਸੀਜ਼ ਕ੍ਰੈਡਿਟ ਵਾਸਤੇ ਜਾਅਲਸਾਜ਼ੀ ਨਾਲ ਮੁਹਾਇਦਾ ਪੱਤਰ (ਐਲਓਯੂਜ਼) ਹਾਸਲ ਕਰ ਲਏ ਸਨ। ਬੰਬਈ ਸ਼ੇਅਰ ਬਾਜ਼ਾਰ ਨੂੰ ਬੈਂਕ ਵੱਲੋਂ ਲੰਘੀ ਰਾਤੀਂ ਦਿੱਤੀ ਇਤਲਾਹ ਵਿੱਚ ਕਿਹਾ ਗਿਆ ਸੀ ਕਿ 1300 ਕਰੋੜ ਰੁਪਏ ਦੇ ਹੋਰ ਗ਼ੈਰਕਾਨੂੰਨੀ ਲੈਣ ਦੇਣ ਦਾ ਪਤਾ ਚੱਲਿਆ ਹੈ। ਚਲੰਤ ਵਟਾਂਦਰਾ ਦਰਾਂ ਮੁਤਾਬਕ ਇਹ ਰਕਮ 1325 ਕਰੋੜ ਰੁਪਏ ਬਣਦੀ ਹੈ। ਬੈਂਕ ਨੇ ਲੰਘੀ 14 ਫਰਵਰੀ ਨੂੰ ਬੀਐਸਈ ਨੂੰ ਭੇਜੀ ਆਪਣੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਹੈ।
ਇਸ ਦੌਰਾਨ, ਵਿੱਤੀ ਸੇਵਾਵਾਂ ਬਾਰੇ ਸਕੱਤਰ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਸਰਕਾਰੀ ਖੇਤਰ ਦੀਆਂ ਬੈਂਕਾਂ ਨੂੰ ਚਲੰਤ ਤੇ ਤਕਨੀਕੀ ਜੋਖ਼ਿਮਾਂ ਨਾਲ ਨਿਬਟਣ ਤੇ ਖੱਪਿਆਂ ਦੀ ਭਰਪਾਈ ਲਈ ਅਗਾਊਂ ਕਾਰਵਾਈ ਤਿਆਰ ਕਰਨ ਲਈ 15 ਦਿਨਾਂ ਦੀ ਮੋਹਲਤ ਦਿੱਤੀ ਗਈ ਹੈ। ਸਰਕਾਰੀ ਬੈਂਕਾਂ ਦੇ ਕਾਰਜਕਾਰੀ ਡਾਇਰੈਕਟਰਾਂ ਤੇ ਚੀਫ ਟੈਕਨਾਲੋਜੀਕਲ ਅਫ਼ਸਰਾਂ ਨੂੰ ਵਧ ਰਹੇ ਅਜਿਹੇ ਖ਼ਤਰਿਆਂ ਨਾਲ ਨਜਿੱਠਣ ਲਈ ਇਕ ਖਾਕਾ ਤਿਆਰ ਕਰਨ ਲਈ ਕਿਹਾ ਗਿਆ ਹੈ। ਸਕੱਤਰ ਨੇ ਇਹ ਵੀ ਲਿਖਿਆ ਹੈ ਕਿ ਈਡੀਜ਼ ਤੇ ਸੀਟੀਓਜ਼ ਦੇ ਸਮੂਹ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਬੈਂਕਿੰਗ ਖੇਤਰ ਦੀਆਂ ਵਧੀਆ ਰਵਾਇਤਾਂ ਤੋਂ ਸਿੱਖਿਆ ਹਾਸਲ ਕਰ ਕੇ ਮੌਜੂਦਾ ਪ੍ਰਬੰਧਾਂ ਨੂੰ ਚੁਸਤ ਦਰੁਸਤ ਬਣਾਵੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਡਾਇਮੰਡ ਵਪਾਰੀ ਨੀਰਵ ਮੋਦੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਾਉਣ ਲਈ ਅੱਜ ਮੁੰਬਈ ਦੀ ਇਕ ਵਿਸ਼ੇਸ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਮਨੀ ਲਾਂਉਂਡਰਿੰਗ ਐਕਟ ਤਹਿਤ ਕਾਇਮ ਕੀਤੀ ਗਈ ਇਸ ਅਦਾਲਤ ਨੇ ਕੱਲ੍ਹ ਕੇਂਦਰੀ ਏਜੰਸੀ ਵੱਲੋਂ ਛੇ ਦੇਸ਼ਾਂ ਨੂੰ ਲੈਟਰਜ਼ ਰੌਗੇਟਰੀ ਜਾਰੀ ਕਰਨ ਦੀ ਅਪੀਲ ਪ੍ਰਵਾਨ ਕਰ ਲਈ ਸੀ।
50 ਕਰੋੜ ਤੋਂ ਵੱਧ ਦੇ ਐਨਪੀਏ ਖਾਤਿਆਂ ਦੀ ਜਾਂਚ ਜ਼ਰੂਰੀ
ਵਿੱਤ ਮੰਤਰਾਲੇ ਨੇ ਅੱਜ ਸਰਕਾਰੀ ਖੇਤਰ ਦੀਆਂ ਬੈਂਕਾਂ ਨਿਰਦੇਸ਼ ਦਿੱਤੇ ਹਨ ਕਿ ਸੰਭਾਵੀ ਤੌਰ ’ਤੇ 50 ਕਰੋੜ ਰੁਪਏ ਤੋਂ ਉਪਰ ਦੇ ਸਾਰੇ ਐਨਪੀਏ ਖਾਤਿਆਂ ਦੀ ਜਾਂਚ ਕਰਵਾ ਕੇ ਕੇਸਾਂ ਦੀ ਸੀਬੀਆਈ ਨੂੰ ਰਿਪੋਰਟ ਭੇਜੀ ਜਾਵੇ।

 

 

fbbg-image

Latest News
Magazine Archive