ਬੈਂਕਾਂ ਨੂੰ ‘ਚੂਨਾ ਲਾਉਣ’ ਦੇ ਤਿੰਨ ਹੋਰ ਮਾਮਲੇ ਜ਼ਾਹਿਰ


ਨਵੀਂ ਦਿੱਲੀ - ਹੀਰਾ ਕਾਰੋਬਾਰੀ ਮਾਮੇ-ਭਾਂਜੇ ਅਤੇ ਰੋਟੋਮੈਕ ਪੈੱਨਜ਼ ਦੇ ਮਾਲਕ ਵੱਲੋਂ ਬੈਂਕਾਂ ਨਾਲ ਵੱਡੀਆਂ ਵਿੱਤੀ ਗੜਬੜੀਆਂ ਕੀਤੇ ਜਾਣ ਦਾ ਪਰਦਾਫਾਸ਼ ਹੋਣ ਮਗਰੋਂ ਬੈਂਕਾਂ ਨਾਲ ਤਿੰਨ ਹੋਰ ਵਿੱਤੀ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਤਿੰਨ ਵੱਖੋ ਵੱਖਰੇ ਬੈਂਕਾਂ ਵੱਲੋਂ ਇਕ ਜਿਊਲਰ, ਕਾਰੋਬਾਰੀ ਅਤੇ ਬੈਂਕ ਅਧਿਕਾਰੀ ਖ਼ਿਲਾਫ਼ ਦਿੱਤੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸੀਬੀਆਈ ਨੇ ਕੇਸ ਦਰਜ ਕੀਤੇ ਹਨ। ਇਸ ਦੌਰਾਨ 3695 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਫੜੇ ਰੋਟੋਮੈਕ ਪੈੱਨਜ਼ ਦੇ ਮਾਲਕ ਵਿਕਰਮ ਕੋਠਾਰੀ ਅਤੇ ਉਸ ਦੇ ਪੁੱਤਰ ਰਾਹੁਲ ਕੋਠਾਰੀ ਨੂੰ ਲਖਨਊ ’ਚ ਸੀਬੀਆਈ ਅਦਾਲਤ ਨੇ 11 ਦਿਨਾਂ ਦੀ ਸੀਬੀਆਈ ਹਿਰਾਸਤ ’ਚ ਭੇਜ ਦਿੱਤਾ ਹੈ। ਦੋਹਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਗਿਆ ਸੀ।
ਸੀਬੀਆਈ ਨੇ ਵੀਰਵਾਰ ਨੂੰ ਦਿੱਲੀ ਦੇ ਕਰੋਲ ਬਾਗ਼ ਆਧਾਰਿਤ ਜਿਊਲਰ ਕੰਪਨੀ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਖ਼ਿਲਾਫ਼ ਓਰੀਐਂਟਲ ਬੈਂਕ ਆਫ਼ ਕਾਮਰਸ ਨਾਲ 389.85 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਬੁੱਧਵਾਰ ਨੂੰ ਸੀਬੀਆਈ ਨੇ ਬੈਂਕ ਆਫ਼ ਮਹਾਰਾਸ਼ਟਰ ਦੀ ਸ਼ਿਕਾਇਤ ’ਤੇ ਕਾਰੋਬਾਰੀ ਅਮਿਤ ਸਿੰਗਲਾ ਅਤੇ ਹੋਰਾਂ ਖ਼ਿਲਾਫ਼ ਜਾਅਲੀ ਦਸਤਾਵੇਜ਼ਾਂ ਰਾਹੀਂ ਕਰਜ਼ਾ    ਲੈਣ ਦਾ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਜਾਂਚ ਏਜੰਸੀ ਨੇ ਪੰਜਾਬ ਨੈਸ਼ਨਲ ਬੈਂਕ ਦੀ ਬਾੜਮੇਰ ਸ਼ਾਖਾ (ਰਾਜਸਥਾਨ) ਦੇ ਸੀਨੀਅਰ ਬ੍ਰਾਂਚ ਮੈਨੇਜਰ ਇੰਦਰ ਚੰਦ ਚੰਦਾਵਤ ਖ਼ਿਲਾਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਦੋ ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਬੁੱਧਵਾਰ ਨੂੰ ਕੇਸ ਦਰਜ ਕੀਤਾ। ਓਰੀਐਂਟਲ ਬੈਂਕ ਆਫ਼ ਕਾਮਰਸ ਨੇ ਦੋਸ਼ ਲਾਇਆ ਕਿ ਦਿੱਲੀ ਦੇ ਹੀਰਾ ਕਾਰੋਬਾਰੀ ਅਤੇ ਜਿਊਲਰ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਅਤੇ ਉਸ ਦੇ ਮਾਲਕ ਸਭਿਆ ਸੇਠ ਵੱਲੋਂ ਬੈਂਕ ਤੋਂ ਲਿਆ ਕਰਜ਼ਾ 2014 ’ਚ ਡੁੱਬ ਗਿਆ ਸੀ ਪਰ ਬੈਂਕ ਨੇ ਸੀਬੀਆਈ ਕੋਲ ਪਿਛਲੇ ਸਾਲ 16 ਅਗਸਤ ਨੂੰ ਪਹੁੰਚ ਕੀਤੀ ਜਿਸ ਮਗਰੋਂ ਸੇਠ ਮੁਲਕ ਤੋਂ ਭੱਜ ਗਿਆ। ਸੀਬੀਆਈ ਨੇ ਕੰਪਨੀ ਦੇ ਭਾਰਤ ਆਧਾਰਿਤ ਡਾਇਰੈਕਟਰਾਂ ਰੀਟਾ ਸੇਠ, ਕ੍ਰਿਸ਼ਨਾ ਕੁਮਾਰ ਸਿੰਘ, ਰਵੀ ਸਿੰਘ ਅਤੇ ਭਾਈਵਾਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬੈਂਕ ਮੁਤਾਬਕ ਕੰਪਨੀ ਨੇ 2007 ਅਤੇ 2012 ਦਰਮਿਆਨ ਆਪਣੇ ਕਾਰੋਬਾਰ ਲਈ ਇਕ ਬੈਂਕ ਤੋਂ ਦੂਜੇ ਬੈਂਕ ਲਈ ਗਾਰੰਟੀ ਪੱਤਰ ਹਾਸਲ ਕਰਕੇ ਕਰਜ਼ੇ ਲਏ ਪਰ ਉਨ੍ਹਾਂ ਨੂੰ ਮੋੜਿਆ ਨਹੀਂ। ਬੈਂਕ ਵੱਲੋਂ ਕੀਤੀ ਗਈ ਜਾਂਚ ’ਚ ਪਤਾ ਲੱਗਿਆ ਕਿ ਕੰਪਨੀ ਨੇ ਵਿਦੇਸ਼ ’ਚ ਫਰਜ਼ੀ ਕੰਪਨੀਆਂ ਬਣਾ ਕੇ ਬੈਂਕ ਨੂੰ ਚੂਨਾ ਲਾਇਆ। ਦਿੱਲੀ ਦੇ ਕਾਰੋਬਾਰੀ ਅਮਿਤ ਸਿੰਗਲਾ ਅਤੇ ਉਸ ਦੀ ਕੰਪਨੀ ਨੇ 2010 ਅਤੇ 2012 ਵਿਚਕਾਰ ਬੈਂਕ ਆਫ਼ ਮਹਾਰਾਸ਼ਟਰ ਤੋਂ ਸਾਢੇ 9 ਕਰੋੜ ਰੁਪਏ ਲਏ। ਉਸ ਨੇ ਇਸ ਦੇ ਇਵਜ਼ ’ਚ ਦਿੱਲੀ ਅਤੇ ਹਰਿਆਣਾ ’ਚ ਤਿੰਨ ਸੰਪਤੀਆਂ ਗਿਰਵੀ ਰੱਖੀਆਂ। ਕਰਜ਼ਾ ਲੈਣ ਸਮੇਂ ਇਸ ਦੀ ਕੀਮਤ 18 ਕਰੋੜ ਰੁਪਏ ਦੱਸੀ ਗਈ ਸੀ। ਸਾਲ 2013 ’ਚ ਇਹ ਕਰਜ਼ਾ ਡੁੱਬ ਗਿਆ ਅਤੇ ਬੈਂਕ ਨੇ ਗਿਰਵੀ ਰੱਖੀ ਸੰਪਤੀ ’ਚੋਂ ਇਕ ਨੂੰ ਵੇਚ ਦਿੱਤਾ। ਪਰ ਸੰਪਤੀਆਂ ਦੀ ਅਸਲ ਬਾਜ਼ਾਰ ਕੀਮਤ ਮਹਿਜ਼ ਢਾਈ ਕਰੋੜ ਰੁਪਏ ਰਹਿ ਗਈ। ਬੈਂਕ ਆਫ਼ ਮਹਾਰਾਸ਼ਟਰ ਦੀ ਐਫਆਈਆਰ ’ਚ ਸਿੰਗਲਾ, ਦਿੱਲੀ ਆਧਾਰਿਤ ਆਸ਼ੀਰਵਾਦ ਚੇਨ ਕੰਪਨੀ ਦੇ ਪ੍ਰੋਪਰਾਈਟਰ, ਗਾਰੰਟਰ ਰੋਸ਼ਨ ਲਾਲ ਭਲੋਟੀਆ, ਸੰਪਤੀ ਦਾ ਮੁੱਲ ਪਾਉਣ ਵਾਲੀ ਕੰਪਨੀ ਟੈਕ ਮੈਕ ਇੰਟਰਨੈਸ਼ਨਲ ਅਤੇ ਬੈਂਕ ਦੇ ਅਣਪਛਾਤੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ।
ਚੋਕਸੀ ਵੱਲੋਂ ਬੇਕਸੂਰ ਹੋਣ ਦਾ ਦਾਅਵਾ: ਗੀਤਾਂਜਲੀ ਜੈੱਮਸ ਦੇ ਮਾਲਕ ਮੇਹੁਲ ਚੋਕਸੀ ਨੇ ਆਪਣੇ ਮੁਲਾਜ਼ਮਾਂ ਨੂੰ ਈ-ਮੇਲ ਲਿਖ ਕੇ ਦਾਅਵਾ ਕੀਤਾ ਹੈ ਕਿ ਉਹ ਬੇਕਸੂਰ ਹੈ ਅਤੇ ਕੰਪਨੀ ਅਜੇ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਦੇ ਸਕਦੀਆਂ।
ਰਾਹੁਲ ਨੇ ਸੇਧਿਆ ਪ੍ਰਧਾਨ ਮੰਤਰੀ ਉੱਤੇ ਨਿਸ਼ਾਨਾ
ਨਵੀਂ ਦਿੱਲੀ - ਹੋਰ ਬੈਂਕ ਘਪਲੇ ਸਾਹਮਣੇ ਆੳਣ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਸ਼ਬਦੀ ਵਾਰ ਕਰਦਿਆਂ ਦੋਸ਼ ਲਾਏ ਕਿ ਦਿੱਲੀ ਆਧਾਰਿਤ ਹੀਰਾ ਜਿਊਲਰ ਵੀ ਨੀਰਵ ਮੋਦੀ ਅਤੇ ਵਿਜੇ ਮਾਲਿਆ ਵਾਂਗ ਗਾਇਬ ਹੋ ਗਿਆ। ਟਵਿਟਰ ’ਤੇ ਉਨ੍ਹਾਂ ਕਿਹਾ,‘‘ਮੋਦੀ ਜੀ ਦੀ ਜਨ ਧਨ ਲੂਟ ਯੋਜਨਾ ਤਹਿਤ 390 ਕਰੋੜ ਰੁਪਏ ਦਾ ਇਕ ਹੋਰ ਘੁਟਾਲਾ ਸਾਹਮਣੇ ਆਇਆ।’’ ਉਨ੍ਹਾਂ ਕਿਹਾ ਕਿ ਸਰਕਾਰ ਮੂੰਹ ਫੇਰ ਕੇ ਦੂਜੇ ਪਾਸੇ ਦੇਖਦੀ ਰਹੀ ਅਤੇ ਘਪਲੇਬਾਜ਼ ਬਾਹਰ ਭੱਜ ਗਿਆ। 
ਮੋਦੀ ਅਤੇ ਚੋਕਸੀ ਦੇ ਪਾਸਪੋਰਟ ਰੱਦ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਸਲਾਹ ’ਤੇ ਵਿਦੇਸ਼ ਮੰਤਰਾਲੇ ਨੇ ਨੀਰਵ ਮੋਦੀ ਅਤੇ ਉਸ ਦੇ ਮਾਮੇ ਮੇਹੁਲ ਚੋਕਸੀ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਜਾਂਚ ਏਜੰਸੀਆਂ ਕੋਲ ਪੇਸ਼ ਨਾ ਹੋਣ ਕਰਕੇ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਹੋਈ ਹੈ। ਇਸ ਦੌਰਾਨ ਈਡੀ ਨੇ ਨੀਰਵ ਮੋਦੀ ਅਤੇ ਉਸ ਦੀ ਕੰਪਨੀ ਦੇ ਇਕ ਫਲੈਟ ਅਤੇ ਫਾਰਮ ਹਾਊਸ ਸਮੇਤ 21 ਸੰਪਤੀਆਂ ਨੂੰ ਜ਼ਬਤ ਕਰ ਲਿਆ ਜਿਨ੍ਹਾਂ ਦੀ ਕੀਮਤ 523 ਕਰੋੜ ਰੁਪਏ ਬਣਦੀ ਹੈ।
 

 

 

fbbg-image

Latest News
Magazine Archive