ਨਿਗਮ ਚੋਣਾਂ: ਅਕਾਲੀਆਂ ਤੇ ਕਾਂਗਰਸੀਆਂ ’ਚ ਚੱਲੀਆਂ ਗੋਲੀਆਂ


ਲੁਧਿਆਣਾ - ਨਗਰ ਨਿਗਮ ਲੁਧਿਆਣਾ ਦੀਆਂ ਅੱਜ ਹੋਈਆਂ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨੇ ਹਿੰਸਾ ਤੇ ਦਹਿਸ਼ਤ ਦੇ ਆਲਮ ਦੌਰਾਨ ਵੋਟਾਂ ਪਾਈਆਂ। ਸਨਅਤੀ ਸ਼ਹਿਰ ਵਿੱਚ ਕਈ ਥਾਈ ਸਿਆਸੀ ਵਿਰੋਧੀਆਂ ਦੌਰਾਨ ਲੜਾਈ-ਝਗੜੇ ਹੋਏ। ਪੌਸ਼ ਇਲਾਕੇ ਬੀਆਰਐਸ ਨਗਰ ਵਿੱਚ ਅਕਾਲੀਆਂ ਦੇ ਕਥਿਤ ਹਮਲੇ ’ਚ ਕਾਂਗਰਸ ਦੇ ਤਿੰਨ ਕਾਰਕੁਨ ਜ਼ਖ਼ਮੀ ਹੋ ਗਏ। ਇਸ ਦੌਰਾਨ ਗੋਲੀਆਂ ਵੀ ਚੱਲੀਆਂ। ਇਸ ਮੌਕੇ 95 ਵਾਰਡਾਂ ਲਈ 59.08 ਫ਼ੀਸਦੀ ਪੋਲਿੰਗ ਹੋਈ।
ਵੋਟਾਂ ਦਾ ਸਮਾਂ ਖਤਮ ਹੋਣ ਤੋਂ ਕੁੱਝ ਦੇਰ ਪਹਿਲਾਂ ਬੀਆਰਐਸ ਨਗਰ ਸਥਿਤ ਇੱਕ ਬੂਥ ’ਚ ਅਕਾਲੀਆਂ ਅਤੇ ਕਾਂਗਰਸੀਆਂ ਦੇ ਟਕਰਾਓ ਕਾਰਨ ਸਥਿਤੀ ਤਣਾਅਪੂਰਨ ਬਣ ਗਈ। ਝੜਪ ਦੌਰਾਨ 4-5 ਗੋਲੀਆਂ ਵੀ ਚੱਲੀਆਂ। ਕਾਂਗਰਸੀਆਂ ਨੇ ਦੋਸ਼ ਲਾਇਆ ਕਿ ਅਕਾਲੀਆਂ ਦੇ ਹਮਲੇ ’ਚ ਤਿੰਨ ਕਾਂਗਰਸੀ ਫੱਟੜ ਹੋ ਗਏ, ਜੋ ਡੀਐਮਸੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਅਕਾਲੀਆਂ ਨੇ ਮੌਕੇ ’ਤੇ ਖੜ੍ਹੀਆਂ ਕਾਂਗਰਸੀਆਂ ਦੀਆਂ ਤਿੰਨ ਗੱਡੀਆਂ ਵੀ ਭੰਨ ਦਿੱਤੀਆਂ। ਗੋਲੀਆਂ ਚੱਲਣ ਦੀ ਇਤਲਾਹ ਮਿਲਦਿਆਂ ਹੀ ਪੁਲੀਸ ਦੇ ਉਚ ਅਧਿਕਾਰੀ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਪਾਰਟੀ ਵਿਧਾਇਕਾਂ ਸਣੇ ਮੌਕੇ ’ਤੇ ਪੁੱਜੇ।
ਸਨਅਤੀ ਸ਼ਹਿਰ ਦੇ ਵਾਰਡ ਨੰ. 75 ਦੇ ਬੀਆਰਐਸ ਨਗਰ ਸਥਿਤ ਡੀਏਵੀ ਸਕੂਲ ਵਿਚਲੇ ਪੋਲਿੰਗ ਬੂਥ ’ਤੇ ਵੋਟਾਂ ਦਾ ਪੁਰਅਮਨ ਚੱਲ ਰਿਹਾ ਸੀ ਕਿ ਸ਼ਾਮ ਪੌਣੇ ਚਾਰ ਵਜੇ ਅਕਾਲੀ ਉਮੀਦਵਾਰ ਸੁਖਮਿੰਦਰ ਕੌਰ ਦੇ ਪਤੀ ਤੇ ਸਾਬਕਾ ਕੌਂਸਲਰ ਭੁਪਿੰਦਰ ਸਿੰਘ ਭਿੰਦਾ ਉਥੇ ਆਪਣੇ ਕਰੀਬ 50 ਹਮਾਇਤੀਆਂ ਨਾਲ ਪੁੱਜੇ ਅਤੇ ਅਕਾਲੀਆਂ ਤੇ ਕਾਂਗਰਸੀਆਂ ਦੀ ਝੜਪ ਹੋ ਗਈ। ਸ੍ਰੀ ਬਿੱਟੂ ਨੇ ਦੋਸ਼ ਲਗਾਏ ਕਿ ਭਿੰਦਾ ਕੁਝ ਗੈਂਗਸਟਰਾਂ ਨੂੰ ਨਾਲ ਲੈ ਕੇ ਕਥਿਤ ਤੌਰ ’ਤੇ ਬੂਥ ਉਤੇ ਕਬਜ਼ਾ ਕਰਨ ਆਇਆ ਸੀ। ਮੌਕੇ ’ਤੇ ਕਾਂਗਰਸੀਆਂ ਦੀ ਗਿਣਤੀ ਘੱਟ ਸੀ ਤੇ ਉਨ੍ਹਾਂ ਰੌਲਾ ਪਾ ਦਿੱਤਾ ਪਰ ਅਕਾਲੀਆਂ ਨੇ ਹਵਾਈ ਫਾਈਰਿੰਗ ਕਰ ਦਿੱਤੀ। ਸ੍ਰੀ ਬਿੱਟੂ ਨੇ ਦੱਸਿਆ ਕਿ ਕਾਂਗਰਸੀਆਂ ਨੂੰ ਦੇਖ ਕੇ ਇੱਕ ਵਿਅਕਤੀ ਨੇੜਲੀ ਕੋਠੀ ’ਚ ਵੜ ਗਿਆ, ਜਿਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਕਾਂਗਰਸੀਆਂ ਮੁਤਾਬਕ ਉਸ ਵਿਅਕਤੀ ਦੇ ਕੋਲੋਂ ਗੋਲੀਆਂ ਮਿਲੀਆਂ ਹਨ। ਕਾਂਗਰਸੀਆਂ ਨੇ ਦੋਸ਼ ਲਾਇਆ ਕਿ ਸਕੂਲ ਦੇ ਕੋਲ ਹੀ ਇੱਕ ਅਕਾਲੀ ਆਗੂ ਦੀ ਕੋਠੀ ਹੈ, ਜਿੱਥੇ ਸਵੇਰ ਤੋਂ ਹੀ ਅਕਾਲੀਆਂ ਦਾ ਇਕੱਠ ਹੋ ਰਿਹਾ ਸੀ।
ਉਧਰ,  ਅਕਾਲੀਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਉਮੀਦਵਾਰ ਅੰਮ੍ਰਿਤ ਵਰਸ਼ਾ ਰਾਮਪਾਲ ਦੇ ਸਮਰਥਕ ਬੂਥ ਕਬਜ਼ਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨੂੰ ਉਹ ਰੋਕਣ ਗਏ ਸਨ। ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਉਮੀਦਵਾਰ ਸੁਖਮਿੰਦਰ ਕੌਰ ਦੇ ਪਤੀ ਭਿੰਦਾ ਦਾ ਇਸ ਮਾਮਲੇ ਨਾਲ ਕੋਈ ਤੁਅੱਲਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਬੂਥ ਕਬਜ਼ੇ ਦੀ ਕੋਸ਼ਿਸ਼ ਕੀਤੀ ਸੀ। ਭਿੰਦਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਵਿਰੋਧ ਕੀਤਾ ਤਾਂ ਕਾਂਗਰਸੀਆਂ ਨੇ ਕੁੱਟਮਾਰ ਕਰ ਕੇ ਭਜਾ ਦਿੱਤਾ ਤੇ ਹਵਾਈ ਫਾਇਰ ਕੀਤੇ।
ਏਸੀਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਘਟਨਾ ਸਥਾਨ ਤੋਂ ਇੱਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਜ਼ਖਮੀਆਂ ਦੇ ਬਿਆਨ ਦਰਜ ਕਰਨ ਪਿੱਛੋਂ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਵਾਰਡ ਨੰਬਰ 44 ਵਿੱਚ ਵੀ ਅਕਾਲੀ-ਭਾਜਪਾ ਉਮੀਦਵਾਰ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਨੇ  ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ’ਤੇ ਧੱਕਾ ਕਰਨ ਦੇ ਦੋਸ਼ ਲਾਏ। ਵਾਰਡ ਤੋਂ ਵਿਧਾਇਕ ਦਾ ਪੁੱਤਰ ਚੋਣ ਲੜ ਰਿਹਾ ਹੈ। ਅਜਿਹੇ ਹੀ ਦੋਸ਼ ਹਲਕਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਬਰ ਤੇ ਹਲਕਾ ਪੱਛਮੀ ਦੇ ਵਿਧਾਇਕ ਭਾਰਤ ਭੂਸ਼ਨ ਆਸ਼ੂ ’ਤੇ ਵੀ ਲੱਗੇ। ਸਾਰੇ ਵਿਧਾਇਕਾਂ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਲੁਧਿਆਣਾ ਵਿੱਚ 59.08 ਫੀਸਦੀ ਪੋਲਿੰਗ
ਲੁਧਿਆਣਾ ਦੇ 95 ਵਾਰਡਾਂ ਵਿੱਚ ਖ਼ਰਾਬ ਮੌਸਮ ਤੇ ਦਹਿਸ਼ਤ ਦੇ ਮਾਹੌਲ ਦੇ ਬਾਵਜੂਦ 59.08 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜਦਕਿ 2012 ਵਿੱਚ 63.02 ਫੀਸਦੀ ਵੋਟਿੰਗ ਹੋਈ ਸੀ। ਸਭ ਤੋਂ ਵੱਧ 73.17 ਫੀਸਦੀ ਵੋਟਾਂ ਵਾਰਡ ਨੰਬਰ 5 ਵਿੱਚ ਤੇ ਸਭ ਤੋਂ ਘੱਟ 47.73 ਫ਼ੀਸਦੀ ਵਾਰਡ 30 ਵਿੱਚ ਹੋਈ।
ਫ਼ਾਜ਼ਿਲਕਾ: ਭਾਜਪਾ ਵੱਲੋਂ ਕਾਂਗਰਸ ’ਤੇ ਧੱਕੇ ਦਾ ਦੋਸ਼
ਫਾਜ਼ਿਲਕਾ - ਫਾਜ਼ਿਲਕਾ ਨਗਰ ਕੌਂਸਲ ਦੇ ਵਾਰਡ ਨੰ. 7 ਦੀ ਜ਼ਿਮਨੀ ਚੋਣ ਕਾਂਗਰਸ ਨੇ ਜਿੱਤ ਲਈ, ਜਦੋਂਕਿ ਭਾਜਪਾ ਨੇ ਹਾਕਮ ਧਿਰ ’ਤੇ ਬੂਥਾਂ ਉਤੇ ਕਬਜ਼ੇ ਕਰਨ ਦੇ ਦੋਸ਼ ਲਾਏ ਹਨ। ਕਾਂਗਰਸ ਉਮੀਦਵਾਰ ਬਿਮਲਾ ਰਾਣੀ ਨੇ ਆਪਣੀ ਵਿਰੋਧਣ ਭਾਜਪਾ ਦੀ ਸੰਗੀਤਾ ਰਾਣੀ ਨੂੰ 178 ਵੋਟਾਂ ਨਾਲ ਹਰਾਇਆ। ਕੁੱਲ ਪਈਆਂ 1313 ਵੋਟਾਂ ਵਿੱਚੋਂ ਬਿਮਲਾ ਨੂੰ 735 ਤੇ ਸੰਗੀਤਾ ਨੂੰ 557 ਵੋਟਾਂ ਮਿਲੀਆਂ, ਜਦੋਂਕਿ 21 ਵੋਟਰਾਂ ਨੇ ਨੋਟਾ ਦਬਾਇਆ। ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਪੁਲੀਸ ਦੀ ਕਥਿਤ ਮੱਦਦ ਨਾਲ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਵਿੱਚ ਬਣਾਏ ਪੋਲਿੰਗ ਬੂਥ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਪਾਰਟੀ ਕਾਰਕੁਨਾਂ ਸਣੇ ਬੂਥ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਅਬੋਹਰ-ਫਾਜ਼ਿਲਕਾ ਸੜਕ ’ਤੇ ਆਵਾਜਾਈ ਰੋਕੀ।

 

 

fbbg-image

Latest News
Magazine Archive