ਈਡੀ ਨੇ ਮੋਦੀ ਤੇ ਚੋਕਸੀ ਦੇ 100 ਕਰੋੜ ਦੇ ਅਸਾਸੇ ਕੀਤੇ ਜ਼ਬਤ


ਮੁੰਬਈ - ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਿਹਾ ਕਿ ਉਸ ਨੇ 14000 ਕਰੋੜ ਰੁਪਏ ਦੇ ਪੀਐਨਬੀ ਕਾਂਡ ਵਿੱਚ ਕਾਲੇ ਧਨ ਨੂੰ ਸਫੇਦ ਬਣਾਉਣ ਦੇ ਕੇਸ ਵਿੱਚ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਸ਼ੇਅਰ, ਜਮਾਂਪੂੰਜੀਆਂ ਤੇ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ 100 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਦੇ 86.72 ਕਰੋੜ ਰੁਪਏ ਤੇ ਚੋਕਸੀ ਤੇ ਉਸ ਦੇ ਗਰੁੱਪ ਦੇ 7.80 ਕਰੋੜ ਰੁਪਏ ਦੇ ਮਿਉੂਚਲ ਫੰਡ ਤੇ ਸ਼ੇਅਰ ਜ਼ਬਤ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਜ਼ਬਤ ਕੀਤੀਆਂ ਚਾਰ ਕਾਰਾਂ ਦੀ ਕੀਮਤ ਵੀ ਕੁਝ ਕਰੋੜ ਰੁਪਏ ਬਣਦੀ ਹੈ। ਏਜੰਸੀ ਦਾ ਕਹਿਣਾ ਹੈ ਕਿ ਹੁਣ ਤਕ ਇਸ ਫਰਾਡ ਨਾਲ ਸਬੰਧਤ ਜ਼ਬਤ ਕੀਤੇ ਅਸਾਸਿਆਂ ਦੀ ਕੁੱਲ ਕੀਮਤ 5826 ਕਰੋੜ ਰੁਪਏ ਮੰਨੀ ਜਾ ਰਹੀ ਹੈ। ਈਡੀ ਨੇ ਵੱਖ ਵੱਖ ਥਾਈਂ ਛਾਪੇ ਮਾਰ ਕੇ ਮੋਦੀ ਦੀਆਂ 9 ਸ਼ਾਨਦਾਰ ਕਾਰਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਵਿੱਚ ਰੌਲਜ਼ ਰੌਇਸ ‘ਗ਼ੋਸਟ’, ਮਰਸਿਡੀਜ਼ ਬੈਂਜ਼, ਪੋਰਸ਼ੇ ਪੈਨਾਮੇਰਾ, ਹੌਂਡਾ ਦੇ ਤਿੰੰਨ ਮਾਡਲ ਅਤੇ ਇਕ ਟੋਯੋਟਾ ਫਾਰਚਿਉਨਰ ਤੇ ਇਕ ਇਨੋਵਾ ਸ਼ਾਮਲ। ਈਡੀ ਸਾਹਮਣੇ ਪੇਸ਼ ਨਾ ਹੋਣ ’ਤੇ ਏਜੰਸੀ ਨੇ ਇਸ ਭਗੌੜੇ ਕਾਰੋਬਾਰੀ ਖ਼ਿਲਾਫ਼ ਨਵੇਂ ਸਿਰਿਓਂ ਸੰਮਨ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਆਮਦਨ ਕਰ ਵਿਭਾਗ ਨੇ ਹੈਦਰਾਬਾਦ ਦੇ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਸਥਿਤ ਮੇਹੁਲ ਚੋਕਸੀ ਦੇ ਗੀਤਾਂਜਲੀ ਗਰੁੱਪ ਦੀ 1200 ਕਰੋੜ ਰੁਪਏ ਮੁੱਲ ਦੀ ਸੰਪਤੀ ਅਟੈਚ ਕਰ ਦਿੱਤੀ ਹੈ।     ਉਧਰ ਸਰਕਾਰੀ ਮਾਲਕੀ ਵਾਲੀ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਉਸ ਨੇ 11400 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਪਣੀਆਂ ਲੈਣਦਾਰੀਆਂ ਦੀ ਵਸੂਲੀ ਲਈ ਕਾਨੂੰਨੀ ਰਾਹ ਅਖਤਿਆਰ ਕੀਤਾ। ਇਸ ਦੇ ਨਾਲ ਹੀ ਬੈਂਕ ਨੇ ਕਿਹਾ ਕਿ ਉਸ ਕੋਲ ਕਿਸੇ ਵੀ ਤਰ੍ਹਾਂ ਦੀ ਦੇਣਦਾਰੀ ਦਾ ਨਿਰਬਾਹ ਕਰਨ ਜੋਗੇ ਅਸਾਸੇ ਤੇ ਪੂੰਜੀ ਮੌਜੂਦ ਹੈ ਜਿਸ ਕਰ ਕੇ ਗਾਹਕਾਂ ਤੇ ਨਿਵੇਸ਼ਕਾਂ ਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਬੈਂਕ ਨੇ ਕਿਹਾ ਕਿ ਮੁਢਲੀ ਜਾਂਚ ਰਿਪੋਰਟ ਦੇ ਆਧਾਰ ’ਤੇ ਹੀ ਉਸ ਨੇ ਸ਼ੁਰੂਆਤੀ ਤੌਰ ’ਤੇ 280.7 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੀ ਬੰਬਈ ਸ਼ੇਅਰ ਬਾਜ਼ਾਰ ਅਤੇ ਨਿਫਟੀ ਦੇ ਬੋਰਡ ਨੂੰ ਇਤਲਾਹ ਦਿੱਤੀ ਸੀ।
ਪਾਸਪੋਰਟ ਸਬੰਧੀ ਨੋਟਿਸ ਜਾਰੀ
ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਅੱਜ ਨੀਰਵ ਮੋਦੀ ਦੀ ਈਮੇਲ ਆਈਡੀ ’ਤੇ ਕਾਰਨ ਦੱਸੋ ਨੋਟਿਸ ਭਿਜਵਾਇਆ ਹੈ ਕਿ ਕਿਊੂਂ ਨਾ ਉਨ੍ਹਾਂ ਦਾ ਪਾਸਪੋਰਟ ਰੱਦ ਕਰ ਦਿੱਤਾ ਜਾਵੇ। ਮੋਦੀ ਤੇ ਉਸ ਦੇ ਮਾਮੇ ਮੇਹੁਲ ਚੋਕਸੀ ਨੂੰ ਦਿੱਤੀ ਹਫ਼ਤੇ ਦੀ ਮੋਹਲਤ ਖ਼ਤਮ ਹੋਣ ਤੋਂ ਬਾਅਦ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ।
ਰੋਟੋਮੈਕ ਘੁਟਾਲਾ: ਵਿਕਰਮ ਕੋਠਾਰੀ ਤੇ ਪੁੱਤਰ ਗ੍ਰਿਫ਼ਤਾਰ
ਨਵੀਂ ਦਿੱਲੀ - ਸੀਬੀਆਈ ਨੇ ਅੱਜ ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਉਸ ਦੇ ਪੁੱਤਰ ਰਾਹੁਲ ਕੋਠਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਖਿਲਾਫ਼ 3695 ਕਰੋੜ ਰੁਪਏ ਦੇ ਕਰਜ਼ੇ ਨਾ ਮੋੜਨ ਦੇ ਦੋਸ਼ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਿਕਰਮ ਕੋਠਾਰੀ ਨੂੰ ਪੁੱਛਗਿੱਛ ਖਾਤਰ ਇੱਥੇ ਏਜੰਸੀ ਦੇ ਹੈੱਡਕੁਆਟਰ ਵਿੱਚ ਸੱਦਿਆ ਗਿਆ ਸੀ ਜਦਕਿ ਰਾਹੁਲ ਨੂੰ ਜਾਂਚ ਵਿੱਚ ਸਹਿਯੋਗ ਨਾ ਦੇਣ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਨੇ ਬੈਂਕ ਆਫ ਬੜੋਦਾ ਜੋ ਵੱਡੇ ਪ੍ਰਾਜੈਕਟਾਂ ਨੂੰ ਕਰਜ਼ੇ ਦੇਣ ਵਾਲੇ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਕਨਸੋਰਸ਼ੀਅਮ (ਸਮੂਹ) ਦਾ ਭਿਆਲ ਹੈ, ਦੀ ਸ਼ਿਕਾਇਤ ’ਤੇ ਇਹ ਕਾਰਵਾਈ ਸ਼ੁਰੂ ਕੀਤੀ ਸੀ। ਅਧਿਕਾਰੀਆਂ ਮੁਤਾਬਕ ਰੋਟੋਮੈਕ ਗਰੁੱਪ ਵੱਲ ਬੈਂਕ ਆਫ ਇੰਡੀਆ ਦੇ 754.77 ਕਰੋੜ, ਬੈਂਕ ਆਫ ਬੜੌਦਾ ਦੇ 456.63 ਕਰੋੜ, ਓਵਰਸੀਜ਼ ਬੈਂਕ ਆਫ ਇੰਡੀਆ ਦੇ 771.07 ਕਰੋੜ, ਯੂਨੀਅਨ ਬੈਂਕ ਆਫ ਇੰਡੀਆ ਦੇ 458.95 ਕਰੋੜ, ਅਲਾਹਾਬਾਦ ਬੈਂਕ ਦੇ 330.68 ਕਰੋੜ, ਬੈਂਕ ਆਫ ਮਹਾਂਰਾਸ਼ਟਰ ਦੇ 49.82 ਕਰੋੜ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਦੇ 97.47 ਕਰੋੜ ਰੁਪਏ ਖੜ੍ਹੇ ਹਨ। ਬੈਂਕ ਆਫ ਬੜੌਦਾ ਦੀ ਤਰਫੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਿਕਰਮ ਕੋਠਾਰੀ, ਉਸ ਦੀ ਪਤਨੀ ਸਾਧਨਾ ਤੇ ਪੁੱਤਰ ਰਾਹੁਲ  ਅਤੇ ਕੁਝ ਨਾਮਾਲੂਮ ਬੈਂਕ ਅਧਿਕਾਰੀ ਸ਼ਾਮਲ ਹਨ।
ਪੀਐਨਬੀ ਨੂੰ ਨੀਰਵ ਮੋਦੀ ਤੋਂ ਹਾਲੇ ਵੀ ਸਹਿਯੋਗ ਦੀ ਆਸ
ਪੀਐਨਬੀ ਨੇ ਨੀਰਵ ਮੋਦੀ ਨੂੰ ਕਿਹਾ ਕਿ ਉਸ ਦੀ ਇਕ ਸ਼ਾਖਾ ਵੱਲੋਂ ਜਾਰੀ ਕੀਤੇ ਫ਼ਰਜ਼ੀ ਮੁਹਾਇਦਾ ਪੱਤਰ (ਐਲਓਯੂ) ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਉਹ ਕੋਈ ਅਮਲਯੋਗ ਯੋਜਨਾ ਪੇਸ਼ ਕਰੇ। ਪੀਐਨਬੀ ਦੇ ਜਨਰਲ ਮੈਨੇਜਰ (ਕੌਮਾਂਤਰੀ ਬੈਂਕਿਗ ਡਿਵੀਜ਼ਨ) ਅਸ਼ਵਨੀ ਵਤਸ ਦੇ ਹਵਾਲੇ ਨਾਲ ਸੂਤਰਾਂ ਨੇ ਦੱਸਿਆ ਕਿ ਬੈਂਕ ਨੇ ਮੋਦੀ ਨਾਲ ਈਮੇਲ ਰਾਹੀਂ ਸੰਪਰਕ ਰੱਖਿਆ ਹੋਈਆ ਹੈ।

 

 

fbbg-image

Latest News
Magazine Archive