ਹਰਮਨਪ੍ਰੀਤ ਦੀ ਡੀਐਸਪੀ ਵਜੋਂ ਨਿਯੁਕਤੀ ਲਈ ਰਾਹ ਪੱਧਰਾ


ਚੰਡੀਗੜ੍ਹ - ਭਾਰਤੀ ਟੀ-20 ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਪਹਿਲੀ ਮਾਰਚ ਤੋਂ ਪੰਜਾਬ ਪੁਲੀਸ ਵਿੱਚ ਡੀਐਸਪੀ ਵਜੋਂ ਤਾਇਨਾਤ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਭਾਰਤੀ ਰੇਲ ਮੰਤਰਾਲੇ ਨੇ ਹਰਮਨਪ੍ਰੀਤ ਕੌਰ ਦੇ ਐਂਪਲਾਇਮੈਂਟ ਬਾਂਡ ਨੂੰ ਮੁਆਫ਼ ਕਰ ਦਿੱਤਾ ਹੈ ਜਿਸ ਨਾਲ ਉਸ ਦੇ ਪੰਜਾਬ ਪੁਲੀਸ ਵਿੱਚ ਬਤੌਰ ਡੀਐਸਪੀ ਜੁਆਇਨ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ।
ਸੂਬਾ ਸਰਕਾਰ ਨੇ ਰੇਲਵੇ ਪਾਸੋਂ ਬਾਂਡ ਦੀ ਮੁਆਫ਼ੀ ਬਾਰੇ ਰਸਮੀ ਪੱਤਰ ਹਾਸਲ ਕਰ ਲਿਆ ਹੈ। ਰੇਲਵੇ ਨੇ ਸੂਬਾ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਇਹ ਦੱਸਿਆ ਹੈ ਕਿ ਕੈਪਟਨ ਦੀ ਬਾਂਡ ਖ਼ਤਮ ਕਰਨ ਦੀ ਬੇਨਤੀ ਪ੍ਰਵਾਨ ਕਰ ਲਈ ਹੈ ਜਿਸ ਨਾਲ ਹੁਣ ਇਹ ਕ੍ਰਿਕਟਰ ਪੁਲੀਸ ਅਫਸਰ ਬਣਨ ਦਾ ਆਪਣਾ ਸੁਪਨਾ ਸਾਕਾਰ ਕਰ ਸਕੇਗੀ। ਰੇਲਵੇ ਦੇ ਇਸ ਕਦਮ ’ਤੇ ਖ਼ੁਸ਼ੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਮਾਣ ਹੈ ਕਿ ਹਰਮਨਪ੍ਰੀਤ ਪੰਜਾਬ ਪੁਲੀਸ ਦਾ ਹਿੱਸਾ ਬਣੇਗੀ। ਮੁੱਖ ਮੰਤਰੀ ਨੇ ਨਿੱਜੀ ਤੌਰ ’ਤੇ ਇਹ ਮਾਮਲਾ ਕੇਂਦਰੀ ਮੰਤਰੀ ਕੋਲ ਉਠਾਇਆ ਸੀ ਅਤੇ ਉਨ੍ਹਾਂ ਨੂੰ ਹਰਮਨਪ੍ਰੀਤ ਦਾ ਰੇਲਵੇ ਤੋਂ ਅਸਤੀਫ਼ਾ ਪ੍ਰਵਾਨ ਕਰਨ ਲਈ ਅਪੀਲ ਕੀਤੀ ਸੀ ਤਾਂ ਜੋ ਉਹ ਪੰਜਾਬ ਵਿੱਚ ਡੀਐਸਪੀ ਦੇ ਅਹੁਦੇ ’ਤੇ ਜ਼ਿੰਮੇਵਾਰੀ ਸੰਭਾਲ ਸਕੇ। ਉਨ੍ਹਾਂ ਨੇ ਪ੍ਰਵਾਨਗੀ ਦੇਣ ਲਈ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਮਹਿਲਾ ਵਿਸ਼ਵ ਕੱਪ-2017 ਵਿੱਚ ਹਰਮਨਪ੍ਰੀਤ ਦੀ ਸ਼ਾਨਦਾਰ ਕਾਰਗੁਜ਼ਾਰੀ ਕਾਰਨ ਪਿਛਲੇ ਸਾਲ ਜੁਲਾਈ ਵਿੱਚ ਉਸ ਨੂੰ ਪੰਜਾਬ ਪੁਲੀਸ ਵਿੱਚ ਡੀਐਸਪੀ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਬਹੁਤ ਸਾਰੇ ਲੋਕ ਹਰਮਨਪ੍ਰੀਤ ਨੂੰ ਮਹਿਲਾ ਕ੍ਰਿਕਟ ਟੀਮ ਵਿੱਚ ਖੇਡ ਦਾ ਰੁਖ਼ ਮੋੜਣ ਵਾਲੀ ਖਿਡਾਰਨ ਦੱਸਦੇ ਹਨ। ਹਰਮਨਪ੍ਰੀਤ ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਇਹ ਪੇਸ਼ਕਸ਼ ਮਿਲਣ ਤੋਂ ਬਾਅਦ ਭਾਰਤੀ ਰੇਲਵੇ ਤੋਂ ਫਾਰਗ ਹੋਣ ਦੀ ਅਪੀਲ ਕੀਤੀ ਸੀ ।

 

Latest News
Magazine Archive