ਪੀਐਨਬੀ ਘੁਟਾਲਾ: ਚੰਡੀਗੜ੍ਹ ਸਣੇ 47 ਥਾਵਾਂ ’ਤੇ ਛਾਪੇ


ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ 11400 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਤੇਜ਼ ਹੋ ਗਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਹੀਰਾ ਕਾਰੋਬਾਰੀ ਤੇ ਮੁੱਖ ਮੁਲਜ਼ਮ ਨੀਰਵ ਮੋਦੀ ਅਤੇ ਉਸ ਦੇ ਭਾਈਵਾਲ ਮੇਹੁਲ ਚੋਕਸੀ ਦੇ ਦੇਸ਼ ਭਰ ਵਿਚਲੇ 47 ਟਿਕਾਣਿਆਂ ’ਤੇ ਛਾਪੇ ਮਾਰੇ। ਚੰਡੀਗੜ੍ਹ ਦੇ ਇਲਾਂਤੇ ਮਾਲ ਸਥਿਤ ਗੀਤਾਂਜਲੀ ਸ਼ੋਅਰੂਮ ਉੱਤੇ ਵੀ ਛਾਪੇ ਮਾਰੇ। ਟੀਮ ਨੇ ਉਥੋਂ ਗਹਿਣਿਆਂ ਅਤੇ ਘੜੀਆਂ ਦਾ ਰਿਕਾਰਡ ਕਬਜ਼ੇ ’ਚ ਲਿਆ ਹੈ। ਸੂਤਰਾਂ ਅਨੁਸਾਰ ਜਿਨ੍ਹਾਂ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਤੋਂ ਪੀਐਨਬੀ ਦੇ ਧੋਖਾਧੜੀ ਵਾਲੇ ‘ਲੈਟਰ ਆਫ ਅੰਡਰਟੇਕਿੰਗ’ (ਐਲਓਯੂ) ਰਾਹੀਂ ਕਰਜ਼ਾ ਦਿੱਤਾ ਗਿਆ, ਉਨ੍ਹਾਂ ਦੇ ਅਧਿਕਾਰੀ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਅਲਾਹਾਬਾਦ ਬੈਂਕ, ਭਾਰਤੀ ਸਟੇਟ ਬੈਂਕ, ਯੂਨੀਅਨ ਬੈਂਕ, ਯੂਕੋ ਬੈਂਕ ਅਤੇ ਐਕਸਿਸ ਬੈਂਕ ਦੀਆਂ  ਹਾਂਗਕਾਂਗ ਵਿਚਲੀਆਂ ਸ਼ਾਖਾਵਾਂ ਦੇ ਅਧਿਕਾਰੀ ਇਸ ਘੁਟਾਲੇ ਵਿੱਚ ਸ਼ਾਮਲ ਹਨ। ਸੂਤਰਾਂ ਅਨੁਸਾਰ ਨੇਮਾਂ ਮੁਤਾਬਕ ਹੀਰੇ ਜਵਾਹਰਾਤ ਅਤੇ ਗਹਿਣਿਆਂ ਦੇ ਖੇਤਰ ਦੇ ਐਲਓਯੂ ਨੂੰ ਵਰਤੋਂ ਵਿੱਚ ਲਿਆਉਣ ਦੀ ਨਿਰਧਾਰਿਤ ਮਿਆਦ 365 ਦਿਨਾਂ ਦੀ ਥਾਂ 90 ਦਿਨ ਹੈ, ਜਿਵੇਂ ਕਿ ਪੀਐਨਬੀ ਘੁਟਾਲੇ ਨਾਲ ਜੁੜੇ ਜ਼ਿਆਦਾਤਰ ਐਲਓਯੂ ਵਿੱਚ ਦਿਖਾਇਆ ਗਿਆ ਹੈ। ਰਵਾਇਤ ਤੋਂ ਲਾਂਭੇ ਜਾ ਕੇ ਐਲਓਯੂ ਦੇ ਮੱਦੇਨਜ਼ਰ ਹਾਂਗਕਾਂਗ ਵਿਚਲੇ ਹੋਰਨਾਂ ਬੈਂਕਾਂ ਦੀਆਂ ਸ਼ਾਖਾਵਾਂ ਦੇ ਅਧਿਕਾਰੀਆਂ ਨੂੰ ਚੌਕਸ ਰਹਿਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਹਾਂਗਕਾਂਗ ਵਿੱਚ ਭਾਰਤੀ ਬੈਂਕਾਂ ਦਾ ਕਾਰੋਬਾਰ ਹੈ। ਉਥੇ ਅਲਾਹਾਬਾਦ ਬੈਂਕ, ਯੂਕੋ ਬੈਂਕ, ਯੂਨੀਅਨ ਬੈਂਕ ਆਫ ਇੰਡੀਆ,  ਐਕਸਿਸ ਬੈਂਕ, ਐਸਬੀਆਈ, ਬੈਂਕ ਆਫ ਬੜੌਦਾ, ਕੇਨਰਾ ਬੈਂਕ, ਐਚਡੀਐਫਸੀ, ਆਈ ਸੀ ਆਈ ਸੀਆਈ ਅਤੇ ਇੰਡੀਅਨ ਓਵਰਸੀਜ਼ ਬੈਂਕ ਦੀਆਂ ਸ਼ਾਖਾਵਾਂ ਹਨ। ਇਨ੍ਹ੍ਹਾਂ ਵਿੱਚੋਂ ਐਸਬੀਆਈ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਸ ਨੇ ਪੀਐਨਬੀ ਘੁਟਾਲੇ ਵਿੱਚ ਸ਼ਾਮਲ ਨੀਰਵ ਮੋਦੀ ਨਾਲ ਜੁੜੀਆਂ ਕੰਪਨੀਆਂ ਨੂੰ 21.2 ਕਰੋੜ ਡਾਲਰ ਦਾ ਕਰਜ਼ ਦਿੱਤਾ ਹੈ। ਇਸੇ ਤਰ੍ਹਾਂ ਯੂਨੀਅਨ ਬੈਂਕ ਆਫ ਇੰਡੀਆ ਨੇ 30 ਕਰੋੜ ਡਾਲਰ ਅਤੇ ਯੂਕੋ ਬੈਂਕ ਨੇ 41.18 ਕਰੋੜ ਡਾਲਰ ਦਾ ਕਰਜ਼ ਦਿੱਤਾ। ਮੰਨਿਆ ਜਾਂਦਾ ਹੈ ਕਿ ਇਸ ਘੁਟਾਲੇ ਵਿੱਚ ਅਲਾਹਾਬਾਦ ਬੈਂਕ ਦੇ ਕਰੀਬ 2000 ਕਰੋੜ ਰੁਪਏ ਫਸੇ ਹੋਏ ਹਨ।
‘ਨਾ ਖਾਵਾਂਗੇ, ਨਾ ਖਾਣ ਦਿਆਂਗੇ’ ਦਾ ਭਰੋਸਾ ਕਿੱਥੇ ਗਿਆ: ਮਾਇਆਵਤੀ
ਬਸਪਾ ਪ੍ਰਮੁੱਖ ਮਾਇਆਵਤੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਨੱਕ ਹੇਠ ਹਜ਼ਾਰਾਂ ਕਰੋੜ ਦਾ ਬੈਂਕ ਮਹਾਘੁਟਾਲਾ ਹੋ ਗਿਆ ਅਤੇ ਸਰਕਾਰ ਸੌਂਦੀ ਰਹੀ। ‘ਨਾ ਖਾਵਾਂਗੇ ਅਤੇ ਨਾ ਖਾਣ ਦਿਆਂਗੇ’ ਦੇ ਭਰੋਸੇ ਦਾ ਕੀ ਹੋਇਆ? ਕੀ ਆਪਣੇ ਚਹੇਤੇ ਸਨਅਤਕਾਰਾਂ ਦੇ ਗਬਨ ਲਈ ਹੀ ਜਨ ਧਨ ਯੋਜਨਾ ਵਿੱਚ ਕਰੋੜਾਂ ਮਿਹਨਤੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਮ੍ਹਾਂ ਕਰਾਈ ਗਈ ਸੀ।
ਪੂਰਾ ਸੱਚ ਸਾਹਮਣੇ ਆਏ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐਨਬੀ ਘੁਟਾਲੇ ਵਿੱਚ ਹੋਰਨਾਂ ਬੈਂਕਾਂ ਦੇ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਮਾਮਲੇ ਦੀ ਪੂਰੀ ਜਾਂਚ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਟਵੀਟ ਕੀਤਾ, ‘ਨੋਟਬੰਦੀ ਦੌਰਾਨ ਵੱਡੀ ਗਿਣਤੀ ਵਿਚ ਕਾਲੇ ਧਨ ਨੂੰ ਸਫੇਦ ਕੀਤਾ ਗਿਆ। ਬੈਂਕ ਅਧਿਕਾਰੀਆਂ ਨੂੰ ਬਦਲਿਆ ਗਿਆ। ਇਸ ਵਿੱਚ ਕਈ ਬੈਂਕ ਸ਼ਾਮਲ ਹਨ, ਪੂਰੀ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ।’
ਬੈਂਕਾਂ ਦੀ ਹਾਲਤ ਬਾਰੇ ਸਫ਼ੇਦ ਪੱਤਰ ਜਾਰੀ ਹੋਵੇ: ਕਾਂਗਰਸ
ਬੀਤੇ ਪੰਜ ਵਰ੍ਹਿਆਂ ਤੋਂ ਬੈਂਕਾਂ ਵਿੱਚ 60 ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਧੋਖਾਧੜੀ ਦਾ ਦੋਸ਼ ਲਾਉਂਦਿਆਂ ਕਾਂਗਰਸ ਨੇ ਮੋਦੀ ਸਰਕਾਰ ਤੋਂ ਸੰਸਦ ਦੇ ਬਜਟ ਸੈਸ਼ਨ ਵਿੱਚ ਬੈਂਕਾਂ ਦੀ ਹਾਲਤ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਬੈਂਕਾਂ ਵਿੱਚ ਬੀਤੇ ਪੰਜ ਵਰ੍ਹਿਆਂ ਵਿੱਚ 61, 360 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਇਨ੍ਹਾਂ ਪੰਜ ਵਰ੍ਹਿਆਂ ਵਿੱਚੋਂ ਚਾਰ ਸਾਲ ਐਨਡੀਏ ਸਰਕਾਰ ਦੇ ਸ਼ਾਸਨ ਦੇ ਹਨ।
ਸੀਬੀਆਈ ਵੱਲੋਂ ਗੀਤਾਂਜਲੀ ਗਰੁੱਪ ਦੀਆਂ ਬੈਲੰਸ ਸ਼ੀਟਾਂ ਦੀ ਫਰੋਲਾ-ਫਰਾਲੀ
ਨਵੀਂ ਦਿੱਲੀ - ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਅੱਜ ਪੀਐਨਬੀ ਘੁਟਾਲੇ ’ਚ ਮੁੱਖ ਮੁਲਜ਼ਮ ਮੇਹੁਲ ਚੌਕਸੀ ਦੇ ਗੀਤਾਂਜਲੀ ਗਰੁੱਪ ਦੀਆਂ ਭਾਰਤੀ ਵਿਚਲੀਆਂ 18 ਸ਼ਾਖਾਵਾਂ ਦੀਆਂ ਬੈਲੰਸ ਸ਼ੀਟਾਂ ਦੀ ਘੋਖ ਕੀਤੀ। ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਬੈਂਕ ਅਧਿਕਾਰੀਆਂ ਗੋਕੁਲਨਾਥ ਸ਼ੈਟੀ(ਸੇਵਾ ਮੁਕਤ) ਤੇ ਮਨੋਜ ਖਰਤ ਅਤੇ ਨੀਰਵ ਮੋਦੀ ਦੀ ਕੰਪਨੀ ਦੇ ਅਧਿਕਾਰੀ ਤੋਂ ਪੁੱਛ ਪੜਤਾਲ ਜਾਰੀ ਹੈ। ਏਜੰਸੀ ਨੇ ਕਿਹਾ ਕਿ ਫ਼ਿਲਹਾਲ ਉਸ ਦਾ ਸਾਰਾ ਧਿਆਨ ਇਹ ਪਤਾ ਲਾਉਣ ਵੱਲ ਹੈ ਕਿ ਇਸ ਘੁਟਾਲੇ ਦੀਆਂ ਜੜ੍ਹਾਂ ਕਿੱਥੋਂ ਤਕ ਹਨ। ਏਜੰਸੀ ਨੇ ਇਕ ਵੱਡੇ ਸਰਵਰ ਤੋਂ ਮਿਲੇ ਰਿਕਾਰਡ ਨੂੰ ਖੰਗਾਲੇ ਜਾਣ ਦਾ ਵੀ ਦਾਅਵਾ ਕੀਤਾ ਹੈ।

 

 

fbbg-image

Latest News
Magazine Archive