ਭਾਜਪਾ ਨੇ ਹਮੇਸ਼ਾ ਜਮਹੂਰੀ ਕਦਰਾਂ-ਕੀਮਤਾਂ ’ਤੇ ਪਹਿਰਾ ਦਿੱਤਾ: ਮੋਦੀ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲੋਕਤੰਤਰ ਉਨ੍ਹਾਂ ਦੀ ਪਾਰਟੀ ਦਾ ਕੇਂਦਰੀ ਸਾਰ ਹੈ ਜੋ ਉਨ੍ਹਾਂ ਨੂੰ ਆਪਣੇ ਭਾਈਵਾਲਾਂ ਨੂੰ ਸਫ਼ਲਤਾਪੂਰਬਕ ਨਾਲ ਲੈ ਕੇ ਚਲਣ ਦੇ ਸਮਰੱਥ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਜਨਸੰਘ ਨੇ ਦੇਸ਼ ਹਿੱਤ ’ਚ ਆਜ਼ਾਦੀ ਦੇ ਸਮੇਂ ਤੋਂ ਹੀ ਸਾਰੇ ਅੰਦੋਲਨਾਂ ਦੀ ਅਗਵਾਈ ਕੀਤੀ ਹੈ। ਭਾਜਪਾ ਦੇ ਨਵੇਂ ਕੇਂਦਰੀ ਦਫ਼ਤਰ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ 1951 ’ਚ ਭਾਰਤੀ ਜਨਸੰਘ ਦੇ ਗਠਨ ਦੇ ਸਮੇਂ ਤੋਂ ਪਾਰਟੀ ਦੀ ਵਿਕਾਸ ਯਾਤਰਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਕਦੇ ਵੀ ਆਪਣੇ ਆਦਰਸ਼ਾਂ ਤੋਂ ਨਹੀਂ ਥਿੜਕੀ ਅਤੇ ਦੇਸ਼ਭਗਤੀ ਨਾਲ ਲਬਰੇਜ਼ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਦੌਰਾਨ ਕਾਂਗਰਸ ਨਾਲ ਕਈ ਆਗੂ ਜੁੜੇ ਸਨ ਪਰ ਬਾਅਦ ’ਚ ਆਪਣੀਆਂ ਸਿਆਸੀ ਕਦਰਾਂ ਦਾ ਪ੍ਰਸਾਰ ਕਰਨ ਲਈ ਉਨ੍ਹਾਂ ਵੱਖਰਾ ਰਾਹ ਅਪਣਾਇਆ ਅਤੇ ਨਵੀਂ ਪਾਰਟੀਆਂ ਦੀ ਸਥਾਪਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਸੰਘ ਦੀ ਸਥਾਪਨਾ ਇਸ ਲਈ ਕੀਤੀ ਗਈ ਕਿਉਂਕਿ ਆਜ਼ਾਦੀ ਮਗਰੋਂ ਇਹ ਮਹਿਸੂਸ ਕੀਤਾ ਗਿਆ ਕਿ ਇਕ ਜਾਂ ਦੋ ਮਜ਼ਬੂਤ ਕੌਮੀ ਪਾਰਟੀਆਂ ਹੋਣੀਆਂ ਚਾਹੀਦੀਆਂ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਮਗਰੋਂ ਭਾਰਤੀ ਜਨਸੰਘ ਅਤੇ ਉਸ ਤੋਂ ਬਾਅਦ ਭਾਜਪਾ ਨੇ ਦੇਸ਼ ਹਿੱਤ ’ਚ ਸਾਰੇ ਅੰਦੋਲਨਾਂ ਦੀ ਅਗਵਾਈ ਕੀਤੀ ਅਤੇ ਇਸ ’ਤੇ ਉਨ੍ਹਾਂ ਨੂੰ ਮਾਣ ਹੈ। ਇਸ ਮੌਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਅਤੇ ਪਾਰਟੀ ਅਹੁਦੇਦਾਰ ਵੀ ਹਾਜ਼ਰ ਸਨ। ਸ੍ਰੀ ਮੋਦੀ ਨੇ ਕਿਹਾ ਇਸੇ ਕਰਕੇ ਭਾਜਪਾ ਦੇਸ਼ਭਗਤੀ ਦੇ ਰੰਗ ’ਚ ਰੰਗੀ ਹੋਈ ਹੈ ਅਤੇ ਦੇਸ਼ ਲਈ ਹਮੇਸ਼ਾ ਸੰਘਰਸ਼ ਅਤੇ ਬਲੀਦਾਨ ਦੇਣ ਨੂੰ ਤਿਆਰ ਹੈ। ਪ੍ਰਧਾਨ ਮੰਤਰੀ ਨੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠਲੇ ਐਨਡੀਏ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਨਵਾਂ ਦਫ਼ਤਰ ਭਾਵੇਂ ਪਾਰਟੀ ਲਈ ਕੰਮ ਵਾਲੀ ਥਾਂ ਹੋਵੇ ਪਰ ਉਸ ਦੇ ਕੰਮ ਦਾ ਘੇਰਾ ਦੇਸ਼ ਦੀਆਂ ਸਰਹੱਦਾਂ ਤਕ ਹੋਣਾ ਚਾਹੀਦਾ ਹੈ। ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਦਾ ਨਵਾਂ ਸਦਰਮੁਕਾਮ ਦੁਨੀਆ ’ਚ ਕਿਸੇ ਸਿਆਸੀ ਪਾਰਟੀ ਦੇ ਦਫ਼ਤਰ ਨਾਲੋਂ ਸਭ ਤੋਂ ਵੱਡਾ ਹੈ। ਇਹ 1.70 ਲੱਖ ਵਰਗ ਫੁੱਟ ਖੇਤਰ ’ਚ ਬਣਿਆ ਹੈ।
ਬੰਦਰਗਾਹ ਅਤੇ ਕੌਮਾਂਤਰੀ ਹਵਾਏ ਅੱਡੇ ਲਈ ਕੰਮ ਸ਼ੁਰੂ: ਬਾਅਦ ’ਚ ਨਵੀ ਮੁੰਬਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਐਨਪੀਟੀ ਦੇ 7900 ਕਰੋੜ ਰੁਪਏ ਦੇ ਚੌਥੇ ਟਰਮੀਨਲ ਪ੍ਰਾਜੈਕਟ ਦਾ ਪਹਿਲਾ ਪੜਾਅ ਕੌਮ ਨੂੰ ਸਮਰਪਿਤ ਕੀਤਾ। ਇਸ ਨਾਲ ਬੰਦਰਗਾਹ ’ਤੇ ਸਾਮਾਨ ਨੂੰ ਸਾਂਭਣ ਦੀ ਸਮਰੱਥਾ 50 ਫ਼ੀਸਦੀ ਹੋਰ ਵਧ ਜਾਵੇਗੀ। ਸ੍ਰੀ ਮੋਦੀ ਨੇ 16700 ਕਰੋੜ ਰੁਪਏ ’ਚ ਬਣਨ ਵਾਲੇ ਨਵੀ ਮੁੰਬਈ ਕੌਮਾਂਤਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੰਦਰਗਾਹਾਂ ਰਾਹੀਂ ਵਿਕਾਸ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਲਮੀ ਪੱਧਰ ’ਤੇ ਥਾਂ ਬਣਾਉਣੀ ਹੈ ਤਾਂ ਮੁਲਕ ਦੇ ਜਲ ਮਾਰਗਾਂ ਨੂੰ ਵਧਾ ਕੇ ਲਾਹਾ ਲੈਣਾ ਪਏਗਾ।

 

 

fbbg-image

Latest News
Magazine Archive