ਈਡੀ ਵੱਲੋਂ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੂੰ ਸੰਮਨ


ਮੁੰਬਈ/ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਵਿਚਲੇ 11400 ਕਰੋੜ ਰੁਪਏ ਦੇ ਘੁਟਾਲੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਰਬਪਤੀ ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਕਾਰੋਬਾਰੀ ਭਾਈਵਾਲ ਅਤੇ ਗਹਿਣਿਆਂ ਦੇ ਪ੍ਰਚਾਰਕ ਮੇਹੁਲ ਚੋਕਸੀ ਨੂੰ ਸੰਮਨ ਜਾਰੀ ਕੀਤਾ ਹੈ। ਸੀਬੀਆਈ ਨੇ ਨੀਰਵ ਅਤੇ ਮੇਹੁਲ ਖ਼ਿਲਾਫ਼ ਨਵੀਂ ਐਫਆਈਆਰ ਦਰਜ ਕਰ ਕੇ ਇੰਟਰਪੋਲ ਨਾਲ ਸੰਪਰਕ ਕੀਤਾ ਹੈ। ਸੀਬੀਆਈ ਨੇ ਇੰਟਰਪੋਲ ਨੂੰ ‘ਡਿਫਿਊਜ਼ਨ ਨੋਟਿਸ’ ਜਾਰੀ ਕਰਨ ਦੀ ਅਪੀਲ ਕੀਤੀ ਹੈ। ਇਹ ਨੋਟਿਸ ਕਿਸੇ ਵਿਅਕਤੀ ਦਾ ਪਤਾ ਲਾਉਣ ਲਈ ਜਾਰੀ ਕੀਤਾ ਜਾਂਦਾ ਹੈ। ਉਧਰ, ਈਡੀ ਦੇ ਨੋਟਿਸ ਮੁਤਾਬਕ ਮੋਦੀ ਅਤੇ ਚੋਕਸੀ ਨੂੰ ਇਕ ਹਫ਼ਤੇ ਦੇ ਅੰਦਰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਨੋਟਿਸ ਦੋਵੇਂ ਕੰਪਨੀਆਂ ਦੇ ਡਾਇਰੈਕਟਰਾਂ ਨੂੰ ਸੌਂਪ ਦਿੱਤੇ ਗਏ ਹਨ ਕਿਉਂਕਿ ਦੋਵੇਂ ਮੁਲਜ਼ਮ ਦੇਸ਼ ਵਿੱਚ ਨਹੀਂ ਹਨ। ਵਿਦੇਸ਼ ਮੰਤਰਾਲੇ ਨੇ ਜਾਂਚ ਏਜੰਸੀ ਦੀ ਅਪੀਲ ’ਤੇ ਦੋਨਾਂ ਮੁਲਜ਼ਮਾਂ ਦਾ ਪਾਸਪੋਰਟ ਮੁਅੱਤਲ ਕਰ ਦਿੱਤਾ ਹੈ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ ਜੇ ਉਹ ਇਕ ਹਫ਼ਤੇ ਵਿੱਚ ਜਵਾਬ ਨਹੀਂ ਦਿੰਦੇ ਤਾਂ ਮੰਨ ਲਿਆ ਜਾਵੇਗਾ ਕਿ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ ਅਤੇ ਵਿਦੇਸ਼ ਮੰਤਰਾਲਾ ਪਾਸਪੋਰਟ ਰੱਦ ਕਰਨ ਦੀ ਕਾਰਵਾਈ ਕਰੇਗਾ।’’  ਮੰਤਰਾਲੇ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਦਾਵੋਸ ਵਿੱਚ ਪ੍ਰਧਾਨ ਮੰਤਰੀ ਨਾਲ ਨੀਰਵ ਮੋਦੀ ਦੀ ਕੋਈ ਮੀਟਿੰਗ ਨਹੀਂ ਹੋਈ।
ਇਸੇ ਦੌਰਾਨ ਇਕ ਬਿਆਨ ਵਿਚ ਕਿਹਾ ਗਿਆ ਹੈ, ‘‘ਈਡੀ ਨੇ ਵੀਰਵਾਰ ਨੂੰ ਨੀਰਵ ਮੋਦੀ ਮਾਮਲੇ ਵਿੱਚ 5100 ਕਰੋੜ ਰੁਪੲ ਦੇ ਗਹਿਣੇ, ਸੋਨਾ, ਹੀਰੇ, ਕੀਮਤੀ ਧਾਤ ਅਤੇ ਰਤਨ ਜ਼ਬਤ ਕੀਤੇ ਸੀ, ਜਿਨ੍ਹਾਂ ਦੀ ਕੁਲ ਕੀਮਤ ਦਾ ਮੁਲਾਂਕਣ ਕੀਤਾ ਜਾ ਰਿਹਾ। ’’ ਸ਼ੁੱਕਰਵਾਰ ਨੂੰ ਵੀ 549 ਕਰੋੜ ਰੁਪਏ ਦਾ ਸੋਨਾ, ਗਹਿਣੇ ਅਤੇ ਹੀਰੇ ਜ਼ਬਤ ਕੀਤੇ ਗਏ ਹਨ। ਸਰਕਾਰ ਸੰਚਾਲਿਤ ਪੀਐਨਬੀ ਬੈਂਕ ਨਾਲ 280 ਕਰੋੜ ਰੁਪਏ ਦੀ ਧੋਖਾਧੜੀ ਦੇ ਸਬੰਧ ਵਿੱਚ ਸੀਬੀਆਈ ਨੇ ਨੀਰਵ (46) ਅਤੇ ਉਸ ਦੀ ਪਤਨੀ, ਭਰਾ ਅਤੇ ਚੋਕਸੀ ਖ਼ਿਲਾਫ਼ ਬੀਤੀ 31 ਜਨਵਰੀ ਨੂੰ ਕੇਸ ਦਰਜ ਕੀਤਾ ਸੀ। ਬੈਂਕ ਨੇ ਮੰਗਲਵਾਰ ਨੂੰ ਸੀਬੀਆਈ ਨੂੰ ਦੋ ਹੋਰ ਸ਼ਿਕਾਇਤਾਂ ਭੇਜੀਆਂ ਅਤੇ ਕਿਹਾ ਕਿ ਘੁਟਾਲਾ 11400 ਕਰੋੜ ਰੁਪਏ ਦਾ ਹੈ। ਇਸ ’ਤੇ ਸੀਬੀਆਈ ਨੇ ਸ਼ੁੱਕਰਵਾਰ ਨੂੰ ਨਵੀਂ ਐਫਆਈਆਰ ਦਰਜ ਕੀਤੀ ਹੈ। ਸੀਬੀਆਈ ਨੇ ਅੱਜ ਮੁੰਬਈ, ਪੁਣੇ, ਸੂਰਤ, ਜੈਪੁਰ, ਹੈਦਰਾਬਾਦ ਅਤੇ ਕੋਇੰਬਟੂਰ ਵਿੱਚ ਗੀਤਾਂਜਲੀ ਸਮੂਹ ਦੇ 20 ਟਿਕਾਣਿਆਂ ’ਤੇ ਛਾਪੇ ਮਾਰੇ। ਉਧਰ, ਸੀਬੀਆਈ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਕਈ ਥਾਈਂ ਪ੍ਰਦਰਸ਼ਨ ਵੀ ਹੋਈ। ਇਸੇ ਦੌਰਾਨ ਆਮਦਨ ਕਰ ਵਿਭਾਗ ਨੇ ਘੁਟਾਲੇ ਨੂੰ ਲੈ ਕੇ ਨੀਰਵ ਮੋਦੀ ਨਾਲ ਜੁੜੀ ਇਕ ਕੰਪਨੀ ‘ਫਾਇਰਸਟਾਰ ਡਾਇਮੰਡ ਪ੍ਰਾਈਵੇਟ ਲਿਮਟਿਡ’ ਦੇ 21 ਬੈਂਕ ਖਾਤੇ ਸੀਲ ਕੀਤੇ ਹਨ। ਈਡੀ ਨੇ ਕਿਹਾ ਹੈ ਕਿ ਜਾਂਚ ਪੂਰੀ ਹੋਣ ਤਕ ਨੀਰਵ ਮੋਦੀ ਆਪਣੇ ਵਿਦੇਸ਼ੀ ਆਊਟਲੈੱਟ ਵਿੱਚ ਕੋਈ ਕਾਰੋਬਾਰ ਨਾ ਕਰੇ।
ਯੂਨੀਅਨ ਬੈਂਕ ਦੇ 1915 ਕਰੋੜ ਰੁਪਏ ਫਸੇ: ਯੂਨੀਅਨ ਬੈਂਕ ਆਫ ਇੰਡੀਆ ਦਾ ਵੀ ਇਸ ਘੁਟਾਲੇ ਵਿੱਚ 30 ਕਰੋੜ ਡਾਲਰ ਅਰਥਾਤ 1915 ਕਰੋੜ ਰੁਪਏ ਫਸੇ ਹੋਏ ਹਨ। ਬੈਂਕ ਨੇ ਵੀਰਵਾਰ ਰਾਤ ਇਸ ਦੀ ਜਾਣਕਾਰੀ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੀ। ਬੈਂਕ ਨੇ ਕਿਹਾ ਸੀ ਕਿ ਉਸ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਕਿਉਂਕਿ ਉਸ ਕੋਲ ਦਾਅਵੇ ਦੇ ਪੂਰੇ ਦਸਤਾਵੇਜ਼ ਹਨ। ਬੈਂਕ ਨੂੰ ਇਸ ਪੈਸੇ ਦੇ ਵਾਪਸ ਮਿਲਣ ਦਾ ਪੂਰਾ ਵਿਸ਼ਵਾਸ ਹੈ।
ਸ਼ੇਅਰ ਬਾਜ਼ਾਰ ਲਗਾਤਾਰ ਤੀਜੇ ਦਿਨ ਵੀ ਡਿੱਗਾ: ਘੁਟਾਲਾ ਸਾਹਮਣੇ ਆਉਣ ਬਾਅਦ ਪੀਐਨਬੀ ਦੇ ਸ਼ੇਅਰਾਂ ਵਿੱਚ ਲਗਾਤਾਰ ਤੀਜੇ ਦਿਨ ਵੀ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਵਿੱਚ ਪੀਐਨਬੀ ਦਾ ਸ਼ੇਅਰ ਸ਼ੁੱਕਰਵਾਰ ਨੂੰ ਬੀਐਸਆਈ ਅਤੇ ਐਨਐਸਆਈ ’ਤੇ ਡਿੱਗ ਗਿਆ। ਬੀਐਸਈ ’ਤੇ ਇਹ 3.27 ਫੀਸਦੀ ਡਿਗ ਕੇ 124.15 ਅਤੇ ਐਨਐਸਈ ’ਤੇ ਇਹ 123.40 ਰੁਪਏ ਪ੍ਰਤੀ ਸ਼ੇਅਰ ਰਿਹਾ। ਇਹ ਇਸਦਾ ਦਾ ਬੀਤੇ 52 ਹਫ਼ਤਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ।
ਬੈਂਕ ਦੇ ਅੱਠ ਅਧਿਕਾਰੀ ਮੁਅੱਤਲ:ਧੋਖਾਧੜੀ ਮਾਮਲੇ ਵਿੱਚ ਪੀਐਨਬੀ ਨੇ ਅੱਠ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਵਿੱਚ ਇਕ ਅਧਿਕਾਰੀ ਜਨਰਲ ਮੈਨੇਜਰ ਪੱਧਰ ਦਾ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਘੁਟਾਲੇ ਵਿੱਚ ਸ਼ਮੂਲੀਅਤ ਦੇ ਮੱਦੇਨਜ਼ਰ ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ।
ਰਿਜ਼ਰਵ ਬੈਂਕ ਕਰੇਗਾ ਲੋੜੀਂਦੀ ਕਾਰਵਾਈ: ਰਿਜ਼ਰਵ ਬੈਂਕ ਨੇ ਅੱਜ ਕਿਹਾ ਕਿ ਉਹ ਪੀਐਨਬੀ ਦੇ ਕੰਟਰੋਲ ਸਿਸਟਮ ਦੀ ਸਮੀਖਿਆ ਕਰ ਰਿਹਾ ਹੈ ਅਤੇ ਢੁਕਵੇਂ ਸਮੇਂ ’ਤੇ ਨਿਗਰਾਨੀ ਸਬੰਧੀ ਕਾਰਵਾਈ ਕੀਤੀ ਜਾਵੇਗੀ। ਚੇਤੇ ਰਹੇ ਕਿ ਬੈਂਕ ਦੇ ਕੁਝ ਮੁਲਾਜ਼ਮਾਂ ਦੀ ਸ਼ੱਕੀ ਭੂਮਿਕਾ ਅਤੇ ਅੰਦਰੂਨੀ ਕੰਟਰੋਲ ਦੀ ਅਸਫ਼ਲਤਾ ਕਾਰਨ ਬੈਂਕ ਇਹ ਘੁਟਾਲਾ ਫੜਨ ਵਿੱਚ ਨਾਕਾਮ ਰਿਹਾ ਸੀ।
ਆਡਿਟਰਾਂ ਦੀ ਭੂਮਿਕਾ ਦੀ ਹੋਵੇਗੀ ਜਾਂਚ
ਇੰਸਟੀਚਿਊਟ ਆਫ ਚਾਰਟਰਡ ਅਕਾਉੂਂਟੈਂਟ ਆਫ ਇੰਡੀਆ (ਆਈਸੀਏਆਈ) ਨੇ ਘੁਟਾਲੇ ਦਾ ਨੋਟਿਸ ਲੈਂਦਿਆਂ ਜਾਂਚ ਏਜੰਸੀਆਂ ਤੋਂ ਇਸ ਸਬੰਧੀ ਜਾਣਕਾਰੀ ਮੰਗੀ ਹੈ। ਇਸ ਤੋਂ ਇਲਾਵਾ ਇੰਸਟੀਚਿਊਟ ਨੇ ਇਸ ਮਾਮਲੇ ਵਿੱਚ ਹੋਰਨਾਂ ਮੁੱਦਿਆਂ ਦੀ ਜਾਂਚ ਲਈ ਇਕ ਟੀਮ ਦਾ ਗਠਨ ਕੀਤਾ ਹੈ। ਆਈਸੀਏਆਈ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਡੀਟਰਾਂ ਦੀ ਭੂਮਿਕਾ ਦੀ ਵੀ ਜਾਂਚ ਕਰੇਗੀ।
ਬੈਂਕ ਦੇ ਅੱਠ ਅਧਿਕਾਰੀ ਮੁਅੱਤਲ
ਧੋਖਾਧੜੀ ਮਾਮਲੇ ਵਿੱਚ ਪੀਐਨਬੀ ਨੇ ਅੱਠ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਵਿੱਚ ਇਕ ਅਧਿਕਾਰੀ ਜਨਰਲ ਮੈਨੇਜਰ ਪੱਧਰ ਦਾ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਘੁਟਾਲੇ ਵਿੱਚ ਸ਼ਮੂਲੀਅਤ ਦੇ ਮੱਦੇਨਜ਼ਰ ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ।

 

 

fbbg-image

Latest News
Magazine Archive