ਦੋਹਰੀ ਵੋਟ ਮਾਮਲਾ: ‘ਆਪ’ ਵਿਧਾਇਕਾ ਖ਼ਿਲਾਫ਼ ਦੋ ਆਪਾ ਵਿਰੋਧੀ ਫ਼ੈਸਲੇ


ਬਠਿੰਡਾ - ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੋਹਰੀ ਵੋਟ ਦੇ ਮਾਮਲੇ ਵਿੱਚ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਜਦੋਂ ਕਿ ਐਸਡੀਐਮ ਤੇ ਰਿਟਰਨਿੰਗ ਅਫ਼ਸਰ ਨੇ ਵਿਧਾਇਕਾ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।
‘ਆਪ’ ਦੇ ਸਾਬਕਾ ਆਗੂ ਹਰਮਿਲਾਪ ਗਰੇਵਾਲ ਜਿਨ੍ਹਾਂ ਦੋਹਰੀ ਵੋਟ ਮਾਮਲੇ ਵਿੱਚ ਵਿਧਾਇਕਾ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਸਨ, ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪ੍ਰੋ. ਬਲਜਿੰਦਰ ਕੌਰ ਨੂੰ ਅਮਰਜੀਤ ਸਿੰਘ ਨੇ ਸਾਲ 1997 ਵਿੱਚ ਕਾਨੂੰਨੀ ਪ੍ਰਕਿਰਿਆ ਤਹਿਤ ਗੋਦ ਲਿਆ ਸੀ ਜਿਸ ਮਗਰੋਂ ਪਹਿਲੀ ਵਾਰ 18 ਨਵੰਬਰ 2005 ਨੂੰ ਬਲਜਿੰਦਰ ਕੌਰ ਦੀ ਵੋਟ ਅਮਰਜੀਤ ਸਿੰਘ ਦੀ ਪੁੱਤਰੀ ਵਜੋਂ ਬਣੀ। ਜਦੋਂ 22 ਜੂਨ 2011 ਨੂੰ ਫਾਰਮ ਨੰਬਰ-6 ਤਹਿਤ ਬਲਜਿੰਦਰ ਕੌਰ ਦੀ ਵੋਟ ਬਣੀ ਤਾਂ ਉਸ ਵਿੱਚ ਪਿਤਾ ਵਜੋਂ ਦਰਸ਼ਨ ਸਿੰਘ ਵਾਸੀ ਰਾਮ ਤੀਰਥ ਦਾ ਨਾਂ ਦਰਜ ਸੀ। ਉਨ੍ਹਾਂ ਕਿਹਾ ਕਿ ਹਿੰਦੂ ਐਕਟ ਅਨੁਸਾਰ ਗੋਦ ਲਏ ਜਾਣ ਮਗਰੋਂ ਕੋਈ ਵੀ ਬੱਚਾ ਅਦਾਲਤ ਦੀ ਪ੍ਰਵਾਨਗੀ ਲੈ ਕੇ ਹੀ ਪੁਰਾਣੇ ਮਾਪਿਆਂ ਕੋਲ ਵਾਪਸ ਆ ਸਕਦਾ ਹੈ ਪ੍ਰੰਤੂ ਬਲਜਿੰਦਰ ਕੌਰ ਨੇ ਬਿਨਾਂ ਕੋਈ ਪ੍ਰਵਾਨਗੀ ਲਏ ਨਵੀਂ ਵੋਟ ਬਣਾਉਣ ਵੇਲੇ ਆਪਣੇ ਪਿਤਾ ਦਾ ਨਾਂ ਦਰਸ਼ਨ ਸਿੰਘ ਲਿਖਵਾ ਦਿੱਤਾ। ਉਨ੍ਹਾਂ ਆਖਿਆ ਕਿ ਐਸਡੀਐਮ ਦੀ ਰਿਪੋਰਟ ਅਨੁਸਾਰ ਬਲਜਿੰਦਰ ਕੌਰ ਦੋਹਰੀ ਵੋਟ ਮਾਮਲੇ ਵਿੱਚ ਦੋਸ਼ੀ ਸਾਬਿਤ ਹੋ ਗਈ ਹੈ ਜਿਸ ਕਰਕੇ ਉਸ ਦੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਵਿੱਚ  ਚੋਣ ਕਮਿਸ਼ਨ ਨੇ ਕਾਰਵਾਈ ਨਾ ਕੀਤੀ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਉੱਧਰ, ਡੀਸੀ-ਕਮ-ਜ਼ਿਲ੍ਹਾ ਚੋਣ ਅਫਸਰ ਦੀਪਰਵਾ ਲਾਕਰਾ ਦਾ ਕਹਿਣਾ ਹੈ ਕਿ ਬਲਜਿੰਦਰ ਕੌਰ ਨੇ 2017 ਚੋਣਾਂ ਲੜਨ ਤੋਂ ਪਹਿਲਾਂ ਸਾਲ 2015 ਵਿੱਚ ਵੋਟ ਕਟਵਾ ਦਿੱਤੀ ਸੀ ਜਿਸ ਕਰਕੇ ਉਹ ਇਸ ਕੇਸ ਵਿੱਚ ਦੋਸ਼ੀ ਨਹੀਂ ਬਣਦੀ ਹੈ। ਉਦੋਂ ਬਹੁਤ ਸਾਰੀਆਂ ਵੋਟਾਂ ਡਬਲ ਬਣੀਆਂ ਸਨ ਜਿਨ੍ਹਾਂ ਨੂੰ ਸੁਧਾਈ ਮਗਰੋਂ ਠੀਕ ਕੀਤਾ ਗਿਆ ਸੀ। ਉਹ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਰਹੇ ਹਨ।
ਤਲਵੰਡੀ ਸਾਬੋ - ਤਲਵੰਡੀ ਸਾਬੋ ਤੋਂ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਐਸਡੀਐਮ ਦੀ ਰਿਪੋਰਟ ਮਗਰੋਂ ਦੋਹਰੀ ਵੋਟ ਦੇ ਮਾਮਲੇ ਵਿੱਚ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ ਤੋਂ ਨੈਤਿਕ ਅਧਾਰ ’ਤੇ ਅਸਤੀਫੇ ਦੀ ਮੰਗ ਕੀਤੀ ਹੈ।
ਨਿਯਮਾਂ ਅਨੁਸਰ ਲੜੀ ਚੋਣ: ਵਿਧਾਇਕਾ
ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨਿਯਮਾਂ ਅਨੁਸਾਰ ਚੋਣ ਲੜੀ ਸੀ ਅਤੇ ਇਹ ‘ਆਪ’ ਨੂੰ ਨੀਵਾਂ ਦਿਖਾਉਣ ਦੀ ਸਿਆਸੀ ਸਾਜ਼ਿਸ਼ ਹੈ। ਚੋਣ ਕਮਿਸ਼ਨ ਨਿਰਪੱਖ ਜਾਂਚ ਕਰਵਾ ਲਵੇ, ਸੱਚ ਦਾ ਪਤਾ ਲੱਗ ਜਾਵੇਗਾ।

 

 

fbbg-image

Latest News
Magazine Archive