ਰਾਹੁਲ ਮੇਰੇ ਵੀ ਬੌਸ, ਭਾਜਪਾ ਨੂੰ ਹਰਾਉਣ ਲਈ ਹਮਖ਼ਿਆਲ

ਧਿਰਾਂ ਨਾਲ ਕਰਾਂਗੇ ਕੰਮ: ਸੋਨੀਆ


ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਵੀ ਬੌਸ ਐਲਾਨਦਿਆਂ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਪਾਰਟੀ ਦੀ ਨੁਹਾਰ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਅਗਲੀਆਂ ਚੋਣਾਂ ’ਚ ਭਾਜਪਾ ਦੀ ਹਾਰ ਯਕੀਨੀ ਬਣਾਉਣ ਲਈ ਉਹ ਹਮ-ਖ਼ਿਆਲ ਪਾਰਟੀਆਂ ਨਾਲ ਮਿਲ ਕੇ ਕੰਮ ਕਰਨਗੇ। ਕਾਂਗਰਸ ਸੰਸਦੀ ਦਲ ਦੀ ਬੈਠਕ ਦੌਰਾਨ ਚੇਅਰਪਰਸਨ ਸੋਨੀਆ ਗਾਂਧੀ ਨੇ ਭਾਜਪਾ ਅਤੇ ਮੋਦੀ ਸਰਕਾਰ ’ਤੇ ਜ਼ੋਰਦਾਰ ਹਮਲਾ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਸੌੜੇ ਸਿਆਸੀ ਹਿੱਤਾਂ ਲਈ ਸਮਾਜ ਦਾ ਧਰੁਵੀਕਰਨ ਕਰਕੇ ਘੱਟ ਗਿਣਤੀਆਂ ਖ਼ਿਲਾਫ਼ ਹਿੰਸਾ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾਟਕ ’ਚ ਵੀ ਦੇਖਣ ਨੂੰ ਮਿਲ ਸਕਦਾ ਹੈ ਜਿਥੇ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਰਾਹੁਲ ਗਾਂਧੀ ਨਾਲ ਪੂਰੇ ਸਮਰਪਣ, ਵਫ਼ਾਦਰੀ ਅਤੇ ਉਤਸ਼ਾਹ ਨਾਲ ਕੰਮ ਕਰਨ ਲਈ ਕਿਹਾ। ‘ਅਸੀਂ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ ਕੀਤੀ ਹੈ। ਮੈਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹਾਂ। ਉਹ ਹੁਣ ਮੇਰੇ ਵੀ ਬੌਸ ਹਨ। ਇਸ ਬਾਰੇ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਅਤੇ ਮੈਂ ਜਾਣਦੀ ਹਾਂ ਕਿ ਤੁਸੀਂ ਸਾਰੇ ਮੈਨੂੰ ਦਿੱਤੀ ਹਮਾਇਤ ਵਾਂਗ ਉਨ੍ਹਾਂ (ਰਾਹੁਲ) ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੋਗੇ।’ ਲੋਕ ਸਭਾ ’ਚ ਕੱਲ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਾਸ਼ਣ ਬਾਰੇ ਉਨ੍ਹਾਂ ਕਹਾ ਕਿ ਮੋਦੀ ਸਰਕਾਰ ਅਸਲੀਅਤ ਤੋਂ ਮੂੰਹ ਫੇਰਨ ਵਾਲੀ ਹੈ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਹਮ-ਖ਼ਿਆਲ ਪਾਰਟੀਆਂ ਨਾਲ ਰਾਬਤਾ ਕਾਇਮ ਕਰਕੇ ਯਕੀਨੀ ਬਣਾਇਆ ਜਾਵੇਗਾ ਕਿ ਭਾਜਪਾ ਨੂੰ ਹਾਰ ਮਿਲੇ ਅਤੇ ਭਾਰਤ ਨੂੰ ਜਮਹੂਰੀ, ਸਮੁੱਚ, ਧਰਮ ਨਿਰਪੱਖ, ਸਹਿਣਸ਼ੀਲ ਅਤੇ ਆਰਥਿਕ ਤਰੱਕੀ ਦੇ ਰਾਹ ਪਾਇਆ ਜਾ ਸਕੇ। ਕਾਂਗਰਸ ਆਗੂ ਨੇ ਕਿਹਾ ਕਿ ਘੱਟ ਗਿਣਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਥੋਂ ਤਕ ਕਿ ਦਲਿਤਾਂ ਅਤੇ ਮਹਿਲਾਵਾਂ ’ਤੇ ਵੀ ਵਧੀਕੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਲਾਹੇ ਲਈ ਸਮਾਜ ’ਚ ਵੰਡੀਆਂ ਪਾਈਆਂ ਜਾਂਦੀਆਂ ਹਨ ਅਤੇ ਇਹ ਉੱਤਰ ਪ੍ਰਦੇਸ਼ ਤੇ ਗੁਜਰਾਤ ’ਚ ਦੇਖਣ ਨੂੰ ਮਿਲਿਆ ਹੈ ਅਤੇ ਕੋਈ ਸ਼ੱਕ ਨਹੀਂ ਕਿ ਕਰਨਾਟਕ ’ਚ ਅਜਿਹੀਆਂ ਵਾਰਦਾਤਾਂ ਦੇਖਣ ਨੂੰ ਮਿਲ ਸਕਦੀਆਂ ਹਨ। ਉਨ੍ਹਾਂ ਮੁਤਾਬਕ ਅਜਿਹਾ ਧਰੁਵੀਕਰਨ ਜਮਹੂਰੀਅਤ ’ਚ ਜੁਰਮ ਹੈ ਪਰ ਹੁਕਮਰਾਨ ਇਸ ਨੂੰ ਆਪਣੇ ਲਾਹੇ ਲਈ ਵਰਤਦੇ ਹਨ।

 

 

fbbg-image

Latest News
Magazine Archive