ਗੁੰਡਾ ਟੈਕਸ: ਚੌਧਰੀਆਂ ਦੀ ਸਤਾਈ ਕੰਪਨੀ ਨੇ ਝੰਡਾ ਚੁੱਕਿਆ


ਬਠਿੰਡਾ - ਬਠਿੰਡਾ ਰਿਫਾਈਨਰੀ ਕੋਲ ‘ਗੁੰਡਾ ਟੈਕਸ’ ਤੋਂ ਸਤਾਈ ਦਿੱਲੀ ਦੀ ਇੱਕ ਕੰਪਨੀ ਨੇ ਰਿਫਾਈਨਰੀ ਅੰਦਰ ਝੀਲਾਂ ਦੀ ਉਸਾਰੀ ਦਾ ਕੰਮ ਕਰਨ ਤੋਂ ਹੱਥ ਖਿੱਚ ਲਏ ਹਨ। ਦਿੱਲੀ ਦੀ ‘ਬਾਂਸਲ ਇਨਫਰਾਟੈੱਕ ਸਿਨਰਜੀਜ਼ ਇੰਡੀਆ ਲਿਮਟਿਡ’ ਨੇ ਅੱਜ ਬਠਿੰਡਾ ਰਿਫਾਈਨਰੀ ਦੇ ਜਨਰਲ ਮੈਨੇਜਰ ਅਤੇ ਉਸਾਰੀ ਮੈਨੇਜਰ ਨੂੰ ਪੱਤਰ ਲਿਖ ਕੇ ਟੇਢੇ ਢੰਗ ਨਾਲ ‘ਗੁੰਡਾ ਟੈਕਸ’ ਦੇ ਮਾਮਲੇ ਖ਼ਿਲਾਫ਼ ਝੰਡਾ ਚੁੱਕਿਆ ਹੈ। ਬਠਿੰਡਾ ਰਿਫਾਈਨਰੀ ’ਚ ਪੈਟਰੋ ਕੈਮੀਕਲ ਯੂਨਿਟ  ਦੀ ਉਸਾਰੀ ’ਚ ਅੱਧੀ ਦਰਜਨ ਪ੍ਰਾਈਵਟ ਫਰਮਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਪਹਿਲਾਂ ਡਿਪਟੀ ਕਮਿਸ਼ਨਰ ਕੋਲ ਆਪਣਾ ਰੋਣਾ ਰੋਇਆ। ਅੱਜ ਇਸ ਕੰਪਨੀ ਨੇ ਸ਼ਰੇਆਮ ਰੇਤਾ ਬਜਰੀ ਦੇ ਉੱਚੇ ਭਾਆਂ ਖ਼ਿਲਾਫ਼ ਝੰਡਾ ਚੁੱਕ ਲਿਆ, ਜਿਸ ਤੋਂ ਗੁੰਡਾ ਟੈਕਸ ਦੀ ਅੱਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।    ਦੱਸਣਯੋਗ ਹੈ ਕਿ ਕਾਂਗਰਸੀ ਹਕੂਮਤ ਨਾਲ ਸਬੰਧਤ ਕੁਝ ਆਗੂਆਂ ਵੱਲੋਂ ਰਿਫਾਈਨਰੀ ਕੋਲ ‘ਗੁੰਡਾ ਟੈਕਸ’ ਦੀ ਉਗਰਾਹੀ ਸਬੰਧੀ ਖ਼ਬਰ ਨੂੰ ਇਨ੍ਹਾਂ ਕਾਲਮਾਂ ’ਚ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਸੀ। ਉਸਾਰੀ ਕੰਪਨੀਆਂ ਨੇ ਜਦੋਂ ਉੱਚੇ ਭਾਅ ’ਤੇ ਰੇਤਾ ਬਜਰੀ ਲੈਣ ਤੋਂ ਤੌਬਾ ਕਰ ਦਿੱਤੀ ਤਾਂ 25 ਜਨਵਰੀ ਤੋਂ ਰੇਤਾ ਬਜਰੀ ਨੂੰ ਬਰੇਕ ਲੱਗ ਗਈ।
ਬਾਂਸਲ ਇਨਫਰਾਟੈੱਕ ਸਿਨਰਜੀਜ਼ ਇੰਡੀਆ ਲਿਮਟਿਡ ਨੇ ਰਿਫਾਈਨਰੀ ਪ੍ਰਬੰਧਕਾਂ ਨੂੰ ਲਿਖੇ ਪੱਤਰ ਵਿੱਚ ਆਖਿਆ ਹੈ ਕਿ ‘ਜਿਵੇਂ ਕਿ ਤੁਸੀਂ ਜਾਣੂ ਹੀ ਹੋ ਕਿ ਕੁਝ ਹਫਤਿਆਂ ਤੋਂ ਉਸਾਰੀ ਲਈ ਕੱਚਾ ਮਾਲ ਮਿਲ ਨਹੀਂ ਰਿਹਾ ਹੈ ਤੇ ਉਸਾਰੀ ਸਾਈਟ ’ਤੇ ਭੰਡਾਰ ਖ਼ਤਮ ਹੋਣ ਕਿਨਾਰੇ ਹੈ।’ ਕੰਪਨੀ ਨੇ ਲਿਖਿਆ ਹੈ ਕਿ ‘ਸਿੰਡੀਕੇਟਸ’ ਸਭ ਮਟੀਰੀਅਲ ਅਤੇ ਟਰਾਂਸਪੋਰਟ ਚਾਰਜਿਜ਼ ਬਹੁਤ ਉੱਚੇ ਮੰਗ ਰਹੇ ਹਨ। ਕੰਪਨੀ ਨੇ ਅੱਗੇ ਲਿਖਿਆ ਹੈ ਕਿ ਉਹ ਸਮੱਸਿਆ ਨਾਲ ਨਜਿੱਠਣ ਦੇ ਸਮਰੱਥ ਨਹੀਂ ਹਨ ਅਤੇ ਉਨ੍ਹਾਂ ਨੂੰ ਵੱਡੇ ਵਿੱਤੀ ਘਾਟੇ ਦਾ ਡਰ ਹੈ। ਕੰਪਨੀ ਨੇ ਪ੍ਰਬੰਧਕਾਂ ਨੂੰ ਇਸ ਮਾਮਲੇ ਦਾ ਜਲਦੀ ਨਿਪਟਾਰਾ ਕਰਨ ਲਈ ਕਿਹਾ ਹੈ। ਗੌਰਤਲਬ ਹੈ ਕਿ ਪੈਟਰੋ ਕੈਮੀਕਲ ਯੂਨਿਟ ਵਿੱਚ ਇਸ ਕੰਪਨੀ ਵੱਲੋਂ ਝੀਲਾਂ ਦੀ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਕਿ ਕਰੀਬ 40 ਕਰੋੜ ਦਾ ਹੈ। ਇਸ ਦੌਰਾਨ ਰਿਫਾਈਨਰੀ ਦੇ ‘ਗੁੰਡਾ ਟੈਕਸ’ ਦੀ ਖੁਫ਼ੀਆ ਰਿਪੋਰਟ ਵੀ ਤਿਆਰ ਹੋਣ ਲੱਗੀ ਹੈ ਜਿਸ ‘ਚ ਸ਼ਾਮਲ ਸਿਆਸੀ ਲੋਕਾਂ ਦਾ ਭੇਤ ਕੱਢਿਆ ਜਾਣ ਲੱਗਾ ਹੈ। ਰਿਫਾਈਨਰੀ ਦਾ ਗੁੰਡਾ ਟੈਕਸ ਕਾਂਗਰਸ ਹਕੂਮਤ ਲਈ ਬਦਨਾਮੀ ਦਾ ਟਿੱਕਾ ਬਣਨ ਲੱਗਾ ਹੈ। ਭਾਵੇਂ ਕਾਂਗਰਸੀ ਚੌਧਰੀਆਂ ਨੇ ਅੱਜ ਰੁਖ਼ ਵਿੱਚ ਥੋੜੀ ਨਰਮੀ ਲਿਆਂਦੀ ਹੈ ਪ੍ਰੰਤੂ ਰਿਫਾਈਨਰੀ ਰੋਡ ’ਤੇ ਅੱਜ ਸਵੇਰ ਵਕਤ ਚਾਰ ਪੰਜ ਟਰੱਕ ਮੁੜ ਰੋਕੇ ਗਏ ਹਨ। ਸੂਤਰ ਦੱਸਦੇ ਹਨ ਕਿ ਉਦੋਂ ਟਰੱਕਾਂ ਵਾਲਿਆਂ ਨੇ ਪੁਲੀਸ ਦੇ ਕੰਟਰੋਲ ਰੂਮ ’ਤੇ ਵੀ ਫੋਨ ਖੜਕਾਏ ਸਨ। ਇਹ ਵੀ ਪਤਾ ਲੱਗਾ ਹੈ ਕਿ ਰਾਜ ਸਰਕਾਰ ਇਸ ਗੱਲੋਂ ਵੀ ਡਰੀ ਹੋਈ ਹੈ ਕਿ ਰਿਫਾਈਨਰੀ ਦੇ ਪ੍ਰੋਜੈਕਟ ਪ੍ਰਭਾਵਿਤ ਹੁੰਦੇ ਹਨ ਤਾਂ ਇਸ ਦਾ ਸਿਆਸੀ ਅਸਰ ਪੈ ਸਕਦਾ ਹੈ। ਉਧਰ ‘ਆਪ’ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ.ਬਲਜਿੰਦਰ ਕੌਰ ਵੱਲੋਂ ‘ਗੁੰਡਾ ਟੈਕਸ’ ਦੇ ਮਾਮਲੇ ’ਤੇ ਧਾਰੀ ਚੁੱਪੀ ’ਤੇ ਵੀ ਉਂਗਲ ਉੱਠਣ ਲੱਗੀ ਹੈ। ਮਹਿਲਾ ਵਿਧਾਇਕ ਨੂੰ ਫੋਨ ਕੀਤਾਠ ਪਰ ਉਨ੍ਹਾਂ ਚੁੱਕਿਆ ਨਹੀਂ।  ਇਸ ਦੌਰਾਨ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਕਿਹਾ ਕਿ ਉਨ੍ਹਾਂ ਐਸਐਸਪੀ ਨੂੰ ਸਾਰੇ ਮਾਮਲੇ ਦੀ ਘੋਖ ਲਈ ਕਿਹਾ ਹੈ, ਪਰ ਅਜੇ ਤਕ ਇਸ ਮਾਮਲੇ ਵਿੱਚ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ।
ਮਲੂਕਾ ਵੱਲੋਂ ਸੰਘਰਸ਼ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ ਸਰਕਾਰ ਨੇ ਗੁੰਡਾ ਟੈਕਸ ਬੰਦ ਨਾ ਕੀਤਾ ਤਾਂ ਪਾਰਟੀ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਰਾਜ ਦੇ ਪ੍ਰਾਜੈਕਟਾਂ ਨੂੰ ਉਜਾੜਨ ਦੇ ਰਾਹ ਪਈ ਹੈ ਜਿਸ ਤੋਂ ਅੱਕੀਆਂ ਪ੍ਰਾਈਵੇਟ ਉਸਾਰੀ ਕੰਪਨੀਆਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ।

 

 

fbbg-image

Latest News
Magazine Archive