ਬੰਮਰਾ ਤੇ ਭੁਵੀ ਸਦਕਾ ਭਾਰਤ ਦੀ ਟੈਸਟ ’ਚ ਵਾਪਸੀ


ਜੋਹਾਨਸਬਰਗ - ਜਸਪ੍ਰੀਤ ਬੰਮਰਾ ਅਤੇ ਭੁਵਨੇਸ਼ਵਰ ਕੁਮਾਰ ਦੀ ਖ਼ਤਰਨਾਕ ਗੇਂਦਬਾਜ਼ੀ ਸਦਕਾ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਵੀ 200 ਦੌੜਾਂ ਤੋਂ ਘੱਟ ਦੇ ਸਕੋਰ ’ਤੇ ਆਊਟ ਕਰਕੇ ਤੀਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਸ਼ਾਨਦਾਰ ਵਾਪਸੀ ਕਰ ਲਈ ਹੈ। ਬੰਮਰਾ ਨੇ (54 ਦੌੜਾਂ ਦੇ ਕੇ ਪੰਜ ਵਿਕਟਾਂ) ਅਤੇ ਭੁਵਨੇਸ਼ਵਰ (44 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਕੁੱਲ ਮਿਲਾ ਕੇ ਅੱਠ ਵਿਕਟਾਂ ਲਈਆਂ ਜਿਸ ਨਾਲ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਪਹਿਲੀ ਪਾਰੀ ਵਿੱਚ 194 ਦੌੜਾਂ ’ਤੇ ਆਊਟ  ਕਰ ਦਿੱਤਾ। ਪਹਿਲੀ ਪਾਰੀ ਵਿੱਚ 187 ਦੌੜਾਂ ਬਣਾਉਣ ਵਾਲੇ ਭਾਰਤ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਪਣੀ ਦੂਜੀ ਪਾਰੀ ਵਿੱਚ ਇੱਕ ਵਿਕਟ ’ਤੇ 49 ਦੌੜਾਂ ਬਣਾਈਆਂ ਹਨ ਅਤੇ ਉਸ ਨੇ ਹੁਣ ਮੇਜ਼ਬਾਨ ਟੀਮ ’ਤੇ 42 ਦੌੜਾਂ ਦੀ ਲੀਡ ਲੈ ਲਈ ਹੈ।
ਅੱਜ ਦੇ ਦੂਜੇ ਦਿਨ ਦੇ ਮੈਚ ਦੌਰਾਨ ਬੰਮਰਾ ਨੇ ਹਾਸ਼ਿਮ ਅਮਲਾ (61), ਕਪਤਾਨ ਫਾਫ ਡੂ ਪਲੇਸਿਸ (8), ਕਵਿੰਟਨ ਡੀ ਕਾਕ (8), ਆਂਡਿਲੇ ਫੇਹਲੁਕਵਾਯੋ (9) ਅਤੇ ਲੁੰਗੀਸਾਨੀ ਐਨਗਿਦੀ (0) ਨੂੰ ਆਪਣਾ ਸ਼ਿਕਾਰ ਬਣਾਇਆ। ਬੁੱਧਵਾਰ ਨੂੰ ਐਡਮ ਮਾਰਕਰਮ ਨੂੰ ਆਊਟ ਕਰਨ ਵਾਲੇ ਭੁਵਨੇਸ਼ਵਰ ਨੇ ਅੱਜ ਡੀਨ ਐਲਗਰ (4) ਅਤੇ ਖ਼ਤਰਨਾਕ ਬੱਲੇਬਾਜ਼ ਏਬੀ ਡਿਵਿਲੀਅਰਜ਼ (5) ਦੇ ਵਿਕਟ ਲਏ। ਇਸ਼ਾਂਤ ਸ਼ਰਮਾ ਨੇ ਰਬਾਦਾ ਨੂੰ ਬੋਲਡ ਕੀਤਾ ਜਦਕਿ ਮੁਹੰਮਦ ਸ਼ਮੀ ਨੇ ਫਿਲੇਂਡਰ ਨੂੰ ਬੰਮਰਾ ਹੱਥੋਂ ਕੈਚ ਕਰਵਾਇਆ।
ਭਾਰਤੀ ਗੇਂਦਬਾਜ਼ਾਂ ਨੇ ਦੂਜੇ ਦਿਨ ਸਵੇਰ ਦੇ ਸੈਸ਼ਨ ਵਿੱਚ ਦੋ ਵਿਕਟਾਂ, ਦੂਜੇ ਸੈਸ਼ਨ ਵਿੱਚ ਚਾਰ ਵਿਕਟਾਂ ਅਤੇ ਤੀਜੇ ਸੈਸ਼ਨ ਵਿੱਚ ਚਾਰ ਵਿਕਟ ਲਈਆਂ। ਦੱਖਣੀ ਅਫਰੀਕਾ ਨੇ ਇੱਕ ਵਿਕਟ ’ਤੇ ਛੇ ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਲੰਚ ਤਕ ਤਿੰਨ ਵਿਕਟਾਂ ’ਤੇ 81 ਦੌੜਾਂ ਅਤੇ ਚਾਹ ਪੀਣ ਤੱਕ ਛੇ ਵਿਕਟਾਂ ’ਤੇ 143 ਦੌੜਾਂ  ਹੀ ਬਣਾ ਸਕਿਆ। ਐਲਗਰ ਨੇ ਕੁੱਝ ਸਮਾਂ ਟਿਕਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਕੱਲ੍ਹ ਦੇ ਸਕੋਰ (ਚਾਰ) ’ਤੇ ਹੀ ਆਊਟ ਹੋ ਗਿਆ। ਭਾਰਤ ਨੂੰ ਪਹਿਲੀ ਸਫਲਤਾ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਨੇ ਦਿਵਾਈ। ਉਸ ਤੋਂ ਬਾਅਦ ਰਬਾਦਾ ਲੇ 84 ਗੇਂਦਾਂ ਵਿੱਚ ਛੇ ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਰਬਾਦਾ ਨੂੰ ਇਸ਼ਾਂਤ ਸ਼ਰਮਾ ਨੇ ਅਜਿੰਕਿਆ ਰਹਾਣੇ ਹੱਥੋਂ ਕੈਚ ਕਰਵਾਇਆ।

 

Latest News
Magazine Archive