ਭਾਰਤ, ਪਾਕਿ ਦੀ ਸਹਿਮਤੀ ਤੋਂ ਬਿਨਾਂ ਵਿਚੋਲਗੀ ਸੰਭਵ ਨਹੀਂ: ਯੂਐਨ


ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਿਨਾਂ ਵਿਚੋਲਗੀ ਸੰਭਵ ਨਹੀਂ ਹੈ। ਸਕੱਤਰ ਜਨਰਲ ਨੇ ਭਾਰਤ ਤੇ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣੇ ਬਕਾਇਆ ਮਸਲੇ ਗੱਲਬਾਤ ਰਾਹੀਂ ਹੱਲ ਕਰਨ। ਯੂਐਨ ਨੇ ਸਪਸ਼ਟ ਕਰ ਦਿੱਤਾ ਕਿ ਉਹ ਪਿਛਲੇ ਦਸ ਦਿਨਾਂ ਤੋਂ ਭਾਰਤ-ਪਾਕਿ ਸਰਹੱਦ ’ਤੇ ਬਣੇ ਹਾਲਾਤ ਤੋਂ ਪੂਰੀ ਤਰ੍ਹਾਂ ਜਾਣੂ ਹੈ। ਕਾਬਿਲੇਗੌਰ ਹੈ ਕਿ ਕੌਮਾਂਤਰੀ ਸਰਹੱਦ ਤੇ ਕੰਟਰੋਲ ਰੇਖਾ ’ਤੇ ਪਿਛਲੇ ਪੰਜ ਦਿਨਾਂ ਤੋਂ ਜਾਰੀ ਗੋਲੀਬਾਰੀ ਕਰਕੇ ਦੋਵਾਂ ਮੁਲਕਾਂ ’ਚ ਤਣਾਅ ਸਿਖਰ ’ਤੇ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਤਰਜਮਾਨ ਸਟੈਫ਼ਨੀ ਦੁਜਾਰਿਕ ਨੇ ਕਿਹਾ ਯੂਐਨ ਦੇ ਮੁਖੀ ਵਿਚੋਲਗੀ ਲਈ ਹਮੇਸ਼ਾਂ ਤਿਆਰ ਹਨ, ਪਰ ਇਸ ਆਲਮੀ ਸੰਸਥਾ ਨੂੰ ਵਿਚ ਪਾਉਣਾ ਹੈ ਜਾਂ ਨਹੀਂ, ਇਸ ਬਾਰੇ ਸਾਰਿਆਂ ਨੂੰ ਸਹਿਮਤ ਹੋਣ ਦੀ ਲੋੜ ਹੈ। ਸਰਹੱਦ ’ਤੇ ਜਾਰੀ ਝੜੱਪਾਂ ਤੇ ਗੋਲੀਬਾਰੀ ਕਰਕੇ ਦੋਵਾਂ ਮੁਲਕਾਂ ਵਿੱਚ ਬਣੇ ਤਣਾਅ ਬਾਰੇ ਪੁੱਛੇ ਜਾਣ ’ਤੇ ਦੁਜਾਰਿਕ ਨੇ ਕਿਹਾ, ‘ਪ੍ਰਤੱਖ ਤੌਰ ’ਤੇ ਅਸੀਂ ਸਾਰੇ ਹਾਲਾਤ ਤੋਂ ਜਾਣੂ ਹਾਂ। ਸਾਡੀ ਪੂਰੀ ਨਜ਼ਰ ਹੈ ਕਿ ਪਿਛਲੇ ਦਸ ਦਿਨਾਂ ਤੋਂ ਉਥੇ ਕੀ ਵਾਪਰ ਰਿਹੈ।’ ਸਕੱਤਰ ਜਨਰਲ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਵਿਚੋਲਗੀ ਲਈ ਤਿਆਰ ਨਾ ਹੋਣ ਬਾਰੇ ਦੁਜਾਰਿਕ ਨੇ ਕਿਹਾ, ‘ਗੁਟੇਰੇਜ਼ ਵਿਚੋਲਗੀ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ, ਪਰ ਵਿਚੋਲਗੀ ਦੇ ਕਿਸੇ ਵੀ ਯਤਨ ਲਈ ਸਭ ਤੋਂ ਜ਼ਰੂਰੀ ਹੈ ਕਿ ਸਾਰੀਆਂ ਧਿਰਾਂ ਯੂਐਨ ਦੀ ਸ਼ਮੂਲੀਅਤ ਲਈ ਰਾਜ਼ੀ ਹੋਣ।’ ਉਨ੍ਹਾਂ ਕਿਹਾ ਕਿ ਸਕੱਤਰ ਜਨਰਲ ਦੋਵਾਂ ਧਿਰਾਂ ਨੂੰ ਆਪਣੇ ਬਕਾਇਆ ਮਸਲੇ ਸੰਵਾਦ ਰਾਹੀਂ ਸੁਲਝਾਉਣ ਲਈ ਹੱਲਾਸ਼ੇਰੀ ਦੇਣਗੇ। ਦੱਸਣਾ ਬਣਦਾ ਹੈ ਕਿ ਭਾਰਤ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਹਮੇਸ਼ਾਂ ਕਿਸੇ ਤੀਜੇ ਧਿਰ ਦੀ ਦਖ਼ਲਅੰਦਾਜ਼ੀ ਦਾ ਵਿਰੋਧ ਕੀਤਾ ਹੈ, ਹਾਲਾਂਕਿ ਪਾਕਿਸਤਾਨ ਵੱਖਰੇਵਿਆਂ ਨੂੰ ਦੂਰ ਕਰਨ ਲਈ ਲਗਾਤਾਰ ਕਿਸੇ ਤੀਜੀ ਧਿਰ ਦੀ ਵਿਚੋਲਗੀ ਦਾ ਰਾਗ ਅਲਾਪਦਾ ਰਿਹਾ ਹੈ।

 

 

fbbg-image

Latest News
Magazine Archive