ਸੀਤਾਰਾਮਨ ਵੱਲੋਂ ਲੜਾਕੂ ਜਹਾਜ਼ ਸੁਖੋਈ ’ਚ ਸਫ਼ਰ


ਜੋਧਪੁਰ - ਪਾਇਲਟ ਦਾ ਹਰੇ ਰੰਗ ਵਾਲਾ ਜੀ-ਸੂਟ ਅਤੇ ਸਿਰ ’ਤੇ ਹੈਲਮੈੱਟ ਪਾ ਕੇ ਨਿਰਮਲਾ ਸੀਤਾਰਾਮਨ ਨੇ ਅੱਜ ਸੁਖੋਈ-30 ਐਮਕੇਆਈ ਜੈੱਟ ਵਿੱਚ ਉਡਾਣ ਭਰੀ। ਦੇਸ਼ ਦੀ ਹਵਾਈ ਫੌਜ ਦੇ ਅਹਿਮ ਅੰਗ ਤੇ ਹਰ ਮੌਸਮ ਵਿੱਚ ਉਡਾਣ ਭਰਨ ਦੇ ਸਮਰੱਥ ਇਸ ਲੜਾਕੂ ਜਹਾਜ਼ ’ਚ ਉਡਾਣ ਭਰਨ ਵਾਲੀ ਉਹ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਹੈ। ਇਸ ਸੁਪਰਸੌਨਿਕ ਜੈੱਟ ਨੇ ਜੋਧਪੁਰ ਦੇ ਏਅਰ ਫੋਰਸ ਸਟੇਸ਼ਨ ਤੋਂ ਬਾਅਦ ਦੁਪਹਿਰ ਇਕ ਵਜੇ ਉਡਾਣ ਭਰੀ ਅਤੇ ਅੱਠ ਹਜ਼ਾਰ ਮੀਟਰ ਦੀ ਉੱਚਾਈ ਛੂਹੀ। ਪਾਕਿਸਤਾਨ ਨਾਲ ਲੱਗਦੇ ਰਾਜਸਥਾਨ ਦੇ ਪੱਛਮੀ ਸੈਕਟਰਾਂ ਉਤੇ 45 ਮਿੰਟਾਂ ਦੀ ਉਡਾਣ ਬਾਅਦ ਸੀਤਾਰਾਮਨ ਮੁੜ ਹਵਾਈ ਫ਼ੌਜ ਦੇ ਸਟੇਸ਼ਨ ’ਤੇ ਪਰਤੇ।
58 ਸਾਲਾ ਸੀਤਾਰਾਮਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ‘ਇਹ ਯਾਦਗਾਰੀ ਤਜਰਬਾ ਸੀ ਅਤੇ ਵਧੀਆ ਸਫ਼ਰ ਸੀ।’ ਇਸ ਪਹਿਲਾਂ ਉਹ ਹਵਾਈ ਜਹਾਜ਼ ਰਾਹੀਂ ਇਥੇ ਏਅਰ ਸਟੇਸ਼ਨ ਉਤੇ ਪੁੱਜੇ ਸਨ। ਉਨ੍ਹਾਂ ਦਾ ਹਵਾਈ ਫੌ਼ਜ ਦੇ ਸੀਨੀਅਰ ਅਫ਼ਸਰਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਬਾਅਦ ਉਨ੍ਹਾਂ ਨੇ ਹਵਾਈ ਯੋਧਿਆਂ ਅਤੇ ਅਫ਼ਸਰਾਂ ਨਾਲ ਸੰਖੇਪ ਮੀਟਿੰਗ ਕੀਤੀ। ਇਸ ਬਾਅਦ ਸੁਖੋਈ ਵਿੱਚ ਸਫ਼ਰ ਲਈ ਪਾਇਲਟ ਗਰੁੱਪ ਕੈਪਟਨ ਸੁਮਿਤ ਗਰਗ ਦੀ ਮਗਰਲੀ ਸੀਟ ’ਤੇ ਬੈਠੇ। ਸ਼ਾਂਤ ਨਜ਼ਰ ਆ ਰਹੀ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਨੇ ਜਹਾਜ਼ ਅੰਦਰੋਂ ਹੀ ‘ਥੰਮਜ਼ ਅੱਪ’ ਕੀਤਾ ਅਤੇ ਸੁਖੋਈ ਹਵਾ ਨੂੰ ਚੀਰਦਾ ਹੋਇਆ ਆਸਮਾਨ ਵਿੱਚ ਸੀ। ਉਨ੍ਹਾਂ ਨੇ ਇਸ ਸ਼ਾਨਦਾਰ ਤਜਰਬੇ ਲਈ ਪਾਇਲਟ ਦਾ ਧੰਨਵਾਦ ਕੀਤਾ। ਰੱਖਿਆ ਮੰਤਰੀ ਨੇ ਕਿਹਾ, ‘ਇਹ ਮੇਰਾ ਯਾਦਗਾਰੀ ਤੇ ਸ਼ਾਨਦਾਰ ਤਜਰਬਾ ਸੀ। ਗਰੁੱਪ ਕੈਪਟਨ ਨੇ ਮੈਨੂੰ ਪੂਰੀ ਤਰ੍ਹਾਂ ਸਹਿਜ ਮਹਿਸੂਸ ਕਰਾਇਆ ਅਤੇ ਉਡਾਣ ਦੌਰਾਨ ਆਪਣੀ ਮੁਹਾਰਤ ਦਾ ਮੁਜ਼ਾਹਰਾ ਕੀਤਾ। ਜਹਾਜ਼ ਆਵਾਜ਼ ਦੀ ਗਤੀ ਨਾਲੋਂ ਵੀ ਤੇਜ਼ ਮਾਊਂਟ ਐਵਰੈਸਟ ਤੋਂ ਵੀ ਉੱਚਾ ਉੱਡ ਰਿਹਾ ਸੀ। ਇਸ ਸਫ਼ਰ ਦੌਰਾਨ ਹਵਾਈ ਫ਼ੌਜ ਦੇ ਪਾਇਲਟਾਂ ਦੀ ਤਿਆਰੀ ਅਤੇ ਚੌਕਸੀ ਦਾ ਮੁਜ਼ਾਹਰਾ ‘ਅੱਖਾਂ ਖੋਲ੍ਹਣ’ ਵਾਲਾ ਸੀ।’ ਜੋਧਪੁਰ ਏਅਰ ਬੇਸ ਉਤੇ ਫੇਰੀ ਦੌਰਾਨ ਉਨ੍ਹਾਂ ਨੇ ਅਪਰੇਸ਼ਨਲ ਤੇ ਜੰਗੀ ਤਿਆਰੀਆਂ ਦੀ ਸਮੀਖਿਆ ਕੀਤੀ।
ਦੱਸਣਯੋਗ ਹੈ ਕਿ ਸੁਖੋਈ-30 ਐਮਕੇਆਈ ਵਿੱਚ ਉਡਾਣ ਭਰਨ ਵਾਲੀ ਸੀਤਾਰਾਮਨ ਦੂਜੀ ਭਾਰਤੀ ਮਹਿਲਾ ਅਤੇ ਦੂਜੀ ਰੱਖਿਆ ਮੰਤਰੀ ਹੈ। ਉਨ੍ਹਾਂ ਤੋਂ ਪਹਿਲਾਂ 2009 ਵਿੱਚ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸੁਖੋਈ ਵਿੱਚ ਸਫ਼ਰ ਕੀਤਾ ਸੀ। 2003 ਵਿੱਚ ਤਤਕਾਲੀ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਨੇ ਵੀ ਸੁਖੋਈ-30 ਜੈੱਟ ਵਿੱਚ ਉਡਾਣ ਭਰੀ ਸੀ। 

 

Latest News
Magazine Archive