ਜਲਦੀ ਹੋਵੇਗਾ ਸੁਪਰੀਮ ‘ਸੰਕਟ’ ਦਾ ਨਿਬੇੜਾ: ਸੀਜੇਆਈ


ਚਾਰ ਸਾਬਕਾ ਜੱਜਾਂ ਵੱਲੋਂ ਭਾਰਤ ਦੇ ਚੀਫ਼ ਜਸਟਿਸ ਨੂੰ ਖੁੱਲ੍ਹੀ ਚਿੱਠੀ
ਨਵੀਂ ਦਿੱਲੀ - ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਅੱਜ ਭਾਰਤੀ ਬਾਰ ਕੌਂਸਲ (ਬੀਸੀਆਈ) ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੇ ਉੱਚ ਪੱਧਰੀ ਵਫ਼ਦਾਂ ਨਾਲ ਵੱਖੋ ਵੱਖਰੀ ਮੁਲਾਕਾਤ ਕੀਤੀ। ਚੀਫ਼ ਜਸਟਿਸ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸਿਖਰਲੀ ਅਦਾਲਤ ਦੇ ਚਾਰ ਸੀਨੀਅਰ ਜੱਜਾਂ ਵੱਲੋਂ ਉਨ੍ਹਾਂ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਣ ਕਰਕੇ ਨਿਆਂਪਾਲਿਕਾ ਨੂੰ ਦਰਪੇਸ਼ ਸੰਕਟ ਜਲਦੀ ਹੀ ਸੁਲਝਾ ਲਿਆ ਜਾਵੇਗਾ ਤੇ ਸਾਜ਼ਗਾਰ ਮਾਹੌਲ ਬਣੇਗਾ। ਇਸ ਦੌਰਾਨ ਸੁਪਰੀਮ ਕੋਰਟ ਦੇ ਇਕ ਸਾਬਕਾ ਜੱਜ ਸਮੇਤ ਚਾਰ ਸੇਵਾ ਮੁਕਤ ਜੱਜਾਂ ਨੇ ਅੱਜ ਮੁਲਕ ਦੇ ਚੀਫ਼ ਜਸਟਿਸ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਪਿਛਲੇ ਦਿਨੀਂ ਸਿਖਰਲੀ ਅਦਾਲਤ ਦੇ ਚਾਰ ਸੀਨੀਅਰ ਜੱਜਾਂ ਵੱਲੋਂ ਕੇਸਾਂ ਦੀ ਵੰਡ ਅਤੇ ‘ਨਿਆਂਪਾਲਿਕ ਅੰਦਰਲੇ ਸੰਕਟ’ ਨੂੰ ਹੱਲ ਕਰਨ ਦੀ ਲੋੜ ਜਿਹੇ ਚੁੱਕੇ ਮੁੱਦਿਆਂ ਨਾਲ ਸਹਿਮਤੀ ਜਤਾਈ ਗਈ ਹੈ।
ਭਾਰਤੀ ਬਾਰ ਕੌਂਸਲ ਦੇ ਸੱਤ ਮੈਂਬਰੀ ਵਫ਼ਦ ਨੇ ਅੱਜ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਦੀ ਅਗਵਾਈ ਵਿੱਚ ਭਾਰਤ ਦੇ ਚੀਫ਼ ਜਸਟਿਸ ਨਾਲ ਮੀਟਿੰਗ ਕੀਤੀ, ਜਿਹੜੀ ਲਗਪਗ ਪੰਜਾਹ ਮਿੰਟ ਚੱਲੀ। ਸੀਜੇਆਈ ਦੀ ਮੈਨਨ ਮਾਰਗ ਸਥਿਤ ਰਿਹਾਇਸ਼ ਤੋਂ ਬਾਹਰ ਆਉਂਦਿਆਂ ਮਿਸ਼ਰਾ ਨੇ ਕਿਹਾ ਕਿ ਚੀਫ਼ ਜਸਟਿਸ ਦੀਪਕ ਮਿਸ਼ਰਾ ਨਾਲ ਬੜੇ ਸਾਜ਼ਗਾਰ ਮਾਹੌਲ ’ਚ ਮੁਲਾਕਾਤ ਹੋਈ ਤੇ ਉਨ੍ਹਾਂ ਸਭ ਕੁਝ ਜਲਦੀ ਹੀ ਹੱਲ ਹੋਣ ਦਾ ਯਕੀਨ ਦਿਵਾਇਆ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਵੀ ਸੀਜੇਆਈ ਨਾਲ ਮੁਲਾਕਾਤ ਕੀਤੀ ਤੇ ਐਸੋਸੀਏਸ਼ਨ ਵੱਲੋਂ ਪਿਛਲੇ ਦਿਨੀਂ ਪਾਸ ਮਤੇ ਦੀ ਕਾਪੀ ਸੌਂਪੀ। ਉਧਰ ਸੁਪਰੀਮ ਕੋਰਟ ਦੇ ਦੋ ਜੱਜਾਂ ਜਸਟਿਸ ਐਸ.ਏ. ਬੋਬਡੇ ਤੇ ਐਲ.ਨਾਗੇਸ਼ਵਰ ਰਾਓ ਅਤੇ ਭਾਰਤੀ ਬਾਰ ਕੌਂਸਲ (ਬੀਸੀਆਈ) ਦੇ ਸੱਤ ਮੈਂਬਰੀਂ ਵਫ਼ਦ ਨੇ ਅੱਜ ਵੱਖੋ ਵੱਖਰੇ ਤੌਰ ’ਤੇ ਜਸਟਿਸ ਜੇ. ਚੇਲਾਮੇਸ਼ਵਰ ਨਾਲ ਮੁਲਾਕਾਤ ਕੀਤੀ ਤੇ   ਨਿਆਂਪਾਲਿਕਾ ਨੂੰ ਦਰਪੇਸ਼ ਸੰਕਟ ’ਤੇ ਵਿਚਾਰ ਚਰਚਾ ਕੀਤੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀ.ਬੀ. ਸਾਵੰਤ, ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਏ.ਪੀ.ਸ਼ਾਹ, ਮਦਰਾਸ ਹਾਈ ਕੋਰਟ ਦੇ ਸਾਬਕਾ ਜੱਜ ਕੇ.ਚੰਦਰੂ ਤੇ ਬੰਬੇ ਹਾਈ ਕੋਰਟ ਦੇ ਸਾਬਕਾ ਜੱਜ ਐਚ. ਸੁਰੇਸ਼ ਵੱਲੋ ਲਿਖੀ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਜਸਟਿਸ ਸ਼ਾਹ ਨੇ ਖੁੱਲ੍ਹੀ ਚਿੱਠੀ ਲਿਖੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ, ‘ਅਸੀਂ ਦੇਸ਼ ਦੇ ਚੀਫ਼ ਜਸਟਿਸ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ ਤੇ ਇਸ ਚਿੱਠੀ ਵਿੱਚ ਜਿਨ੍ਹਾਂ ਜੱਜਾਂ ਦੇ ਨਾਂ ਦਾ ਜ਼ਿਕਰ ਹੈ, ਉਨ੍ਹਾਂ ਵੀ ਇਸ ਮੁੱਦੇ ’ਤੇ ਆਪਣੀ ਸਹਿਮਤੀ ਦਿੱਤੀ ਹੈ।’ ਉਨ੍ਹਾਂ ਕਿਹਾ ਕਿ ਸੇਵਾ ਮੁਕਤ ਜੱਜਾਂ ਵੱਲੋਂ ਰੱਖੀ ਗਈ ਗੱਲ ਕਾਫ਼ੀ ਹੱਦ ਤਕ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ (ਐਸਸੀਬੀਏ) ਵੱਲੋਂ ਰੱਖੇ ਗਏ ਨਜ਼ਰੀਏ ਨਾਲ ਮੇਲ ਖਾਂਦੀ ਹੈ, ਜਿਨ੍ਹਾਂ ਕਿਹਾ ਸੀ ਕਿ ਜਦੋਂ ਤਕ ਸੰਕਟ ਦਾ ਨਿਬੇੜਾ ਨਹੀਂ ਹੁੰਦਾ ਉਦੋਂ ਤਕ ਅਹਿਮ ਕੇਸ ਸੀਨੀਅਰ ਜੱਜਾਂ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਅੱਗੇ ਹੀ ਰੱਖੇ ਜਾਣ।
ਦਿੱਲੀ ਬਾਰੇ ਐਸੋਸੀਏਸ਼ਨ ਵੱਲੋਂ ਸੜਕਾਂ ’ਤੇ ਨਿੱਤਰਨ ਦੀ ਧਮਕੀ
ਨਵੀਂ ਦਿੱਲੀ - ਦਿੱਲੀ ਜ਼ਿਲ੍ਹਾ ਅਦਾਲਤ ਬਾਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵੱਲੋਂ ਪਾਏ ਦਬਾਅ ਨੂੰ ਮੰਦਭਾਗਾ ਦਸਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਨਿਆਂਪਾਲਿਕਾ ਨੂੰ ਦਰਪੇਸ਼ ਸੰਕਟ ਦਾ ਦਸ ਦਿਨਾਂ ਅੰਦਰ ਕੋਈ ਹੱਲ ਨਾ ਨਿਕਲਿਆ ਤਾਂ ਉਹ ਮੁਲਕ ਭਰ ਦੀਆਂ ਬਾਰ ਐਸੋਸੀਏਸ਼ਨਾਂ ਦੇ ਸਲਾਹ ਮਸ਼ਵਰੇ ਮਗਰੋਂ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ।

 

 

fbbg-image

Latest News
Magazine Archive