ਜੰਗਲਾਤ ਵਿਭਾਗ ਵੱਲੋਂ ਘੁਟਾਲੇ ਦੀ ਜਾਂਚ ਮੁਕੰਮਲ


ਡੇਰਾਬਸੀ - ਇਥੋਂ ਦੇ ਜੰਗਲਾਤ ਖੇਤਰ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦੀ ਜਾਂਚ ਵਿਭਾਗ ਦੇ ਇਕ ਉੱਚ ਅਧਿਕਾਰੀ ਵੱਲੋਂ ਮੁਕੰਮਲ ਕਰ ਲਈ ਗਈ ਹੈ। ਇਸ ਸਬੰਧੀ ਡੇਰਾਬਸੀ ਵਸਨੀਕ ਸਤਪਾਲ ਸਿੰਘ ਨੇ ਸ਼ਿਕਾਇਤ ਦਿੱਤੀ ਸੀ। ਜਾਂਚ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦੀ ਪੁਸ਼ਟੀ ਹੋਈ ਹੈ। ਮਾਮਲੇ ਦੀ ਜਾਂਚ ਮੁੱਖ ਜੰਗਲਾਤ ਅਫਸਰ ਹਿੱਲਜ ਹਰਸ਼ ਕੁਮਾਰ (ਆਈਐਫਐਸ) ਨੇ ਕੀਤੀ ਹੈ। ਜਾਂਚ ਰਿਪੋਰਟ ਵਿੱਚ ਵਿਭਾਗ ਦੇ ਤਿੰਨ ਆਈਐਫਐਸ ਮੁੱਖ ਜੰਗਲਾਤ ਅਫਸਰ ਰਤਨਾ ਕੁਮਾਰ , ਸਹਾਇਕ ਮੁੱਖ ਜੰਗਲਾਤ ਅਫਸਰ ਰਾਜੇਸ਼ ਚੌਧਰੀ , ਜੰਗਲਾਤ ਅਫਸਰ ਬਿਸਤ ਸਰਕਲ ਜਲੰਧਰ ਮਹਾਂਵੀਰ ਸਿੰਘ, ਪੀਐਫਐਸ ਵਣ ਮੰਡਲ ਅਫਸਰ ਤੇਜਿੰਦਰ ਸਿੰਘ ਸੈਣੀ (ਸੇਵਾਮੁਕਤ) ਅਤੇ ਤਤਕਾਲੀ ਵਣ ਰੇਂਜਰ ਡੇਰਾਬਸੀ  ਸਤਪਾਲ ਸਿੰਘ (ਹੁਣ ਛੱਤਬੀੜ ਚਿੜੀਆਘਰ ਵਿੱਚ ਤਾਇਨਾਤ ਹਨ) ਖ਼ਿਲਾਫ਼ ਪੁਲੀਸ ਨੂੰ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਜਾਂਚ ਅਧਿਕਾਰੀ ਨੇ ਰਿਪੋਰਟ ਵਿੱਚ ਦੱਸਿਆ ਹੈ ਕਿ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨੇਚਰ ਪਾਰਕਾਂ ਵਿੱਚ ਮਿੱਟੀ ਦੀ ਭਰਤ ਪਾਉਣ ਲਈ 40 ਲੱਖ ਰੁਪਏ ਦਾ ਖਰਚ ਦਿਖਾਇਆ ਗਿਆ, ਜਦਕਿ ਮੌਕੇ ’ਤੇ ਭਰਤ ਪਾਉਣ ਦੇ ਨਾਂ ’ਤੇ ਮਿੱਟੀ ਨੂੰ ਟਰੈਕਟਰਾਂ ਰਾਹੀਂ ਉਲਟ ਪਲਟ ਕੇ ਸਿਰਫ਼ ਖਾਨਾਪੂਰਤੀ ਕੀਤੀ ਗਈ ਸੀ। ਪਿੰਡ ਈਸਾਪੁਰ ਅਤੇ ਪਿੰਡ ਮੇਹਮਦਪੁਰ ਵਿੱਚ ਫਰਜ਼ੀ ਜੰਗਲਾਤ ਕਮੇਟੀਆਂ ਬਣਾ ਕੇ ਲਗਪਗ 60 ਲੱਖ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ। ਜਾਂਚ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੇਟੀ ਸਾਹਮਣੇ ਨਹੀਂ ਆਈ। ਜਾਅਲੀ ਸੋਲਰ ਸਿਸਟਮ ਦਿਖਾ ਕੇ 24.20 ਲੱਖ ਰੁਪਏ ਦੀ ਘਪਲੇਬਾਜ਼ੀ ਕੀਤੀ ਗਈ। ਨਿਯਮਾਂ ਦੀ ਉਲੰਘਣਾ ਕਰ ਰਾਜਪੁਰਾ ਦੀ ਨਿੱਜੀ ਨਰਸਰੀ ਤੋਂ 4.35 ਲੱਖ ਰੁਪਏ ਦੇ ਬੂਟੇ ਖਰੀਦੇ ਗਏ ਪਰ ਇਨ੍ਹਾਂ ਬੂਟਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਡੇਰਾਬਸੀ ਦੇ ਤਤਕਾਲੀ ਵਣ ਰੇਂਜਰ ਸਤਪਾਲ ਸਿੰਘ ਵੱਲੋਂ ਆਪਣੇ ਭਰਾ ਜੋ ਕਥਿਤ ਤੌਰ ’ਤੇ ਦਰਜੀ ਹੈ ਨੂੰ ਚੌਕੀਦਾਰ ਦਿਖਾ ਕੇ ਤਨਖ਼ਾਹ ਦਾ ਗਬਨ, ਆਪਣੇ ਸਾਕ ਸਬੰਧੀਆਂ ਦੀ ਜਾਅਲੀ ਭਰਤੀ ਦਿਖਾ ਕੇ ਲੱਖਾਂ ਰੁਪਏ ਦਾ ਚੂਨਾ ਲਾਇਆ ਗਿਆ। ਜਾਅਲੀ ਕੰਪਨੀਆਂ ਬਣਾ ਕੇ ਬਿੱਲ ਪਾਸ ਕਰਵਾਏ ਗਏ। ਗੁਰਮੁੱਖ ਸਿੰਘ ਤੋਂ ਨੇਚਰ ਪਾਰਕਾਂ ਵਿੱਚ ਬੀੜ ਦੰਦਰਾਲਾ ਅਤੇ ਰਹਿਤਵਾਲ ਬਾਗ ਵਿੱਚ ਕੰਮ ਕਰਵਾਇਆ ਗਿਆ, ਜਿਸ ਵਿੱਚ ਮਿੱਟੀ ਦੀ ਖਰੀਦ ਕੀਤੀ ਗਈ ਤੇ ਕੁਝ ਕੰਮ ਗੁਰਮੁੱਖ ਸਿੰਘ ਐਂਡ ਕੰਪਨੀ ਤੋਂ ਕਰਵਾਇਆ ਗਿਆ। ਜਦਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵੇਂ ਇਕ ਹੀ ਹਨ ਤੇ ਇਹ ਕੰਪਨੀ ਜਾਅਲੀ ਹੈ ਅਤੇ ਇਸ ਦੇ ਸਾਰੇ ਬਿੱਲ ਫਰਜ਼ੀ ਹਨ।
ਨੇਚਰ ਪਾਰਕਾਂ ਲਈ ਜ਼ਿਆਦਾਤਰ ਸਾਮਾਨ ਜਿਨ੍ਹਾਂ ਵਿੱਚ ਸੀਮਿੰਟ ਅਤੇ ਬੈਂਚ ਦੀ ਬਾਹਰੋਂ ਖਰੀਦ ਕੀਤੀ ਗਈ ਜਦਕਿ ਇਹ ਸਾਰਾ ਸਾਮਾਨ ਡੇਰਾਬਸੀ ਵਿੱਚ ਮਿਲ ਜਾਂਦਾ ਹੈ।
ਜਾਂਚ ਵਿੱਚ ਡੇਰਾਬਸੀ ਤੋਂ ਇਲਾਵਾ ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ ਵਿਖੇ ਉਸਾਰੇ ਜਾ ਰਹੇ ਨੇਚਰ ਪਾਰਕ ਵਿੱਚ ਵੀ ਲੱਖਾਂ ਰੁਪਏ ਦੀਆਂ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ।
ਇਸ ਸਬੰਧੀ ਪੁੱਛੇ ਜਾਣ ’ਤੇ ਜੰਗਲਾਤ ਵਿਭਾਗ ਦੇ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਕਿਹਾ ਕਿ ਜਾਂਚ ਅਧਿਕਾਰੀ ਹਰਸ਼ ਕੁਮਾਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਕਥਿਤ ਦੋਸ਼ੀ ਅਫਸਰ ਜਾਂਚ ਵਿੱਚ ਉਨ੍ਹਾਂ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁੱਖ ਜੰਗਲਾਤ ਅਫਸਰ (ਪੀਸੀਸੀਐਫ) ਜਿਤੇਂਦਰ ਸ਼ਰਮਾ ਨੂੰ ਰਿਪੋਰਟ ਵਿੱਚ ਸ਼ਾਮਲ ਪੰਜ ਅਧਿਕਾਰੀਆਂ ਦਾ ਪੱਖ ਸੁਣਨ ਮਗਰੋਂ ਰਿਪੋਰਟ ਬਣਾ ਕੇ ਭੇਜਣ ਲਈ ਕਿਹਾ ਗਿਆ ਹੈ। ਮੁੱਖ ਜੰਗਲਾਤ ਅਫਸਰ ਰਤਨਾ ਕੁਮਾਰ (ਆਈਐਫਐਸ) ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਤਰ੍ਹਾਂ ਦੀ ਕੋਈ ਜਾਂਚ ਹੋਈ ਹੈ। ਵਿਭਾਗ ਵੱਲੋਂ ਜਾਂਚ ਮੁੱਖ ਜੰਗਲਾਤ ਅਫਸਰ ਜਿਤੇਂਦਰ ਸ਼ਰਮਾ ਨੂੰ ਦੇਣ ਬਾਰੇ ਵੀ ਉਨ੍ਹਾਂ ਨੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ।
ਡੇਰਾਬਸੀ ਦੇ ਸਾਬਕਾ ਰੇਂਜ ਅਫਸਰ ਦਾ ਪੱਖ
ਡੇਰਾਬਸੀ ਦੇ ਸਾਬਕਾ ਰੇਂਜ ਅਫਸਰ ਸਤਪਾਲ ਸਿੰਘ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ। ਉੱਕਤ ਅਧਿਕਾਰੀ ਵੱਲੋਂ ਜਾਂਚ ਲਈ ਦੌਰਾ ਕਰਨ ਆਉਣ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ।

 

 

fbbg-image

Latest News
Magazine Archive