ਚੀਨ ਤਾਕਤਵਰ, ਪਰ ਭਾਰਤ ਵੀ ਕਮਜ਼ੋਰ ਨਹੀਂ: ਜਨਰਲ ਰਾਵਤ


ਨਵੀਂ ਦਿੱਲੀ - ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਭਾਰਤ ਕਿਸੇ ਨੂੰ ਵੀ ਆਪਣੇ ਇਲਾਕੇ ’ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਚੀਨ ਭਾਵੇਂ ਤਾਕਤਵਰ ਮੁਲਕ ਹੋ ਸਕਦਾ ਹੈ ਪਰ ਭਾਰਤ ਵੀ ਕਮਜ਼ੋਰ ਰਾਸ਼ਟਰ ਨਹੀਂ ਹੈ। ਜਨਰਲ ਰਾਵਤ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣਾ ਧਿਆਨ ਉੱਤਰੀ ਸਰਹੱਦ ਵੱਲ ਕੇਂਦਰਤ ਕਰੇ ਅਤੇ ਮੁਲਕ ਚੀਨ ਦੀ ਧੱਕੇਸ਼ਾਹੀ ਨਾਲ ਨਜਿੱਠਣ ਦੇ ਸਮਰੱਥ ਹੈ। ਖ਼ਿੱਤੇ ’ਚ ਆਪਣਾ ਪ੍ਰਭਾਵ ਜਮਾਉਣ ਲਈ ਚੀਨ ਦੇ ਹਮਲਾਵਰ ਰਵੱਈਏ ਬਾਰੇ ਥਲ ਸੈਨਾ ਮੁਖੀ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀਆਂ ਨੂੰ ਚੀਨ ਨਾਲ ਰਲਣ ਦੀ ਇਜਾਜ਼ਤ ਨਹੀਂ ਦੇ ਸਕਦਾ। ਭਾਰਤ ’ਚ ਚੀਨੀ ਫ਼ੌਜ ਵੱਲੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਭਾਰਤੀ ਇਲਾਕੇ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਪਾਕਿਸਤਾਨ ਨੂੰ ਦਹਿਸ਼ਤਗਰਦੀ ਨਾਲ ਨਜਿੱਠਣ ਬਾਰੇ ਅਮਰੀਕਾ ਵੱਲੋਂ ਦਿੱਤੀਆਂ ਗਈਆਂ ਚਿਤਾਵਨੀਆਂ ਦਾ ਜ਼ਿਕਰ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਭਾਰਤ ਨੂੰ ਦੇਖੋ ਅਤੇ ਉਡੀਕ ਕਰੋ ਦੀ ਰਣਨੀਤੀ ’ਤੇ ਚਲਣਾ ਪਏਗਾ।
‘ਸੀਬੀਆਰਐਨ ਹਥਿਆਰਾਂ ਤੋਂ ਖ਼ਤਰਾ’
ਨਵੀਂ ਦਿੱਲੀ  - ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਕਿਹਾ ਕਿ ਰਸਾਇਣਕ, ਬਾਇਓਲੌਜਿਕਲ, ਰੇਡੀਓਲੌਜਿਕਲ ਅਤੇ ਪਰਮਾਣੂ ਹਥਿਆਰ (ਸੀਬੀਆਰਐਨ) ਗ਼ੈਰ ਰਾਜਕੀ ਅਨਸਰਾਂ ਨੂੰ ਆਸਾਨੀ ਨਾਲ ਮਿਲ ਰਹੇ ਹਨ ਜੋ ਮੁਲਕਾਂ ਲਈ ਖ਼ਤਰਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਥਿਆਰਾਂ ਦੀ ਵਰਤੋਂ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਅਤੇ ਇਸ ਤੋਂ ਉਭਰਨ ’ਚ ਲੰਬਾ ਸਮਾਂ ਲਗਦਾ ਹੈ। ਡੀਆਰਡੀਓ ਹੈੱਡਕੁਆਰਟਰ ’ਚ ਸੀਬੀਆਰਐਨ ਰੱਖਿਆ ਤਕਨਾਲੋਜੀ ਬਾਰੇ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਉਨ੍ਹਾਂ ਇਹ ਟਿੱਪਣੀਆਂ ਕੀਤੀਆਂ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵਰਕਸ਼ਾਪ ਦਾ ਉਦਘਾਟਨ ਕਰਨਾ ਸੀ ਪਰ ਕਿਤੇ ਹੋਰ ਪ੍ਰੋਗਰਾਮ ਹੋਣ ਕਰਕੇ ਉਹ ਇਥੇ ਨਹੀਂ ਪਹੁੰਚ ਸਕੇ। ਜਨਰਲ ਰਾਵਤ ਨੇ ਕਿਹਾ ਕਿ ਮੁਲਕ ਨੂੰ ਸੁਰੱਖਿਅਤ ਕਰਨ ਦਾ ਬਿਹਤਰ ਰਾਹ ਹੈ ਕਿ ਜਵਾਨਾਂ ਨੂੰ ਤਕਨਾਲੋਜੀ, ਸਾਜ਼ੋ ਸਾਮਾਨ ਅਤੇ ਪ੍ਰਣਾਲੀ ਸਮੇਤ ਆਧੁਨਿਕ ਸਿਖਲਾਈ ਦਿੱਤੀ ਜਾਵੇ।

 

 

fbbg-image

Latest News
Magazine Archive