ਕੌਮਾਂਤਰੀ ਧੀ ਦਿਵਸ ਮੌਕੇ 21 ਹੋਣਹਾਰ ਧੀਆਂ ਦਾ ਸਨਮਾਨ


ਸੰਗਰੂਰ/ ਧੂਰੀ - ਮਾਲਵਾ ਫਰੈਂਡਜ ਵੈਲਫੇਅਰ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੌਮਾਂਤਰੀ ਧੀ ਦਿਵਸ ਮੌਕੇ ਧੂੂਰੀ ਵਿੱਚ ਪ੍ਰਭਾਵਸ਼ਾਲੀ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਧੀਆਂ ਦੀ ਲੋਹੜੀ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਆਪਣੀ ਕਾਬਲੀਅਤ ਦੇ ਝੰਡੇ ਗੱਡਣ ਵਾਲੀਆਂ ਪੰਜਾਬ ਦੀਆਂ 21 ਹੋਣਹਾਰ ਧੀਆਂ ਦਾ ‘ਧੀ ਪੰਜਾਬ ਦੀ ’ ਐਵਾਰਡ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਨਮਾਨਿਤ ਧੀਆਂ ਵਿੱਚ ‘ਲਿਮਕਾ ਬੁੱਕ ਆਫ ਰਿਕਾਰਡਜ਼ ’ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੀ ਸਭ ਤੋਂ ਵਡੇਰੀ ਉਮਰ ਦੀ ਅਥਲੀਟ  ਬੇਬੇ ਮਾਨ ਕੌਰ(102 ਸਾਲ), ਜ਼ਿਲ੍ਹਾ ਬਠਿੰਡਾ ਦੇ ਪਿੰਡ ਹਿੰਮਤਪੁਰਾ ਦੀ ਸਰਪੰਚ ਮਲਕੀਤ ਕੌਰ, ਝੁੱਗੀ ਵਿੱਚ ਰਹਿਣ ਵਾਲੀ ਤੇ ਇੱਕ ਲੱਤ ਪੂਰੀ ਤਰ੍ਹਾਂ ਕੱਟੀ ਹੋਣ ਦੇ ਬਾਵਜੂਦ ਰੋਜ਼ਾਨਾ ਸਵਾ ਕਿਲੋਮੀਟਰ ਪੈਦਲ ਚੱਲ ਕੇ ਸਕੂਲ ਪੁੱਜਣ ਵਾਲੀ ਸੱਤ ਸਾਲਾ ਬੱਚੀ ਮੀਰਾ, ਰਾਜ ਪੁਰਸਕਾਰ ਪ੍ਰਾਪਤ ਅਧਿਆਪਕਾ ਰੇਣੂ ਸਿੰਗਲਾ, ਬਾਰਵੀਂ ਅਤੇ ਦਸਵੀਂ ਦੀ ਪ੍ਰੀਖਿਆਂ ਵਿੱਚੋਂ ਪੰਜਾਬ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਹੁਸਨਦੀਪ ਕੌਰ (ਸੰਗਰੂਰ), ਪ੍ਰਭਜੋਤ ਜੋਸ਼ੀ, ਨੈਨਸੀ ਗੋਇਲ ਅਤੇ ਜੋਤੀ ਪੰਵਾਰ (ਤਿੰਨੋਂ ਲੁਧਿਆਣਾ), ਦਸਵੀਂ ਦੀ ਪ੍ਰੀਖਿਆ ਵਿੱਚੋਂ ਰਾਜ ਪੱਧਰ ਤੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਪੁੰਨਾਵਾਲ ਸਕੂਲ ਦੀ ਮਨਪ੍ਰੀਤ ਕੌਰ, ਕੌਮੀ ਪੱਧਰ ਦੀ ਜਿਮਨਾਸਟ ਮੀਨਾਕਸ਼ੀ, ਕੌਮੀ ਖੇਡਾਂ ਵਿੱਚ ਸੋਨ ਤਗ਼ਮੇ ਜਿੱਤਣ ਵਾਲੀ ਤੈਰਾਕ ਸਿਮਰਨਜੀਤ ਕੌਰ, ਸਮਾਜ ਸੇਵਕਾ ਪ੍ਰੋਫੈਸਰ ਸੰਤੋਖ ਕੌਰ, ਸਮਾਜਿਕ ਜਾਗਰੂਕਤਾ ਫੈਲਾਉਣ ਵਾਲੀ ਸ਼ਹਿਬਾਨਾ,  ਵਿਦਵਾਨ ਯੋਗਿਤਾ ਜੋਸ਼ੀ, ਗਣਿਤ ਦੀ ਹੋਣਹਾਰ ਵਿਦਿਆਰਥਣ ਸਵਰੀਨ ਕੌਰ, ਰਾਸ਼ਟਰੀ ਪੱਧਰ ਦੀ ਫੁਟਬਾਲਰ ਲਵਦੀਪ ਕੌਰ,  ਕਰ ਅਤੇ ਆਬਕਾਰੀ ਆਧਿਕਾਰੀ ਡਾ: ਜਸਵੀਤ ਦੀਕਸ਼ਤ, ਗੱਤਕੇ ਦੀ ਕੌਮੀ ਤਗ਼ਮਾ ਜੇਤੂ ਹਰਮੀਤ ਕੌਰ ਅਤੇ ਤਾਇਕਵਾਂਡੋ ਖੇਡਾਂ ਦੀ ਸੋਨ ਤਗ਼ਮਾ ਜੇਤੂ ਈਸਕਾ ਸ਼ਾਮਲ ਹਨ। ਬੇਹਤਰੀਨ ਅਦਾਕਾਰ ਸੁਖਮਨ ਕੌਰ ਅਤੇ ਅੰਤਰਰਾਸ਼ਟਰੀ ਜੂਡੋਕਾ ਰਿਧੀਮਾ ਸ਼ਰਮਾ ਨਾ ਪੁੱਜੀਆਂ ਤੇਉਨ੍ਹਾਂ ਦੇ ਮਾਪਿਆਂ ਨੇ ਸਨਮਾਨ ਪ੍ਰਾਪਤ ਕੀਤਾ। ਪੰਜਾਬੀ ਗਾਇਕਾ ਸ਼ੈਲੀਨਾ ਸ਼ੈਲੀ , ਗਾਇਕ ਬਿਲਾਸ ਅਤੇ ਹੀਰਾ ਸ਼ਹਿਪਤ ਨੇ ਮਨੋਰੰਜਨ ਕੀਤਾ। ਸਮਾਗਮ ਨੂੰ ਡਿਪਟੀ ਕਮਿਸ਼ਨਰ  ਅਮਰ ਪ੍ਰਤਾਪ ਸਿੰਘ ਵਿਰਕ ਨੇ ਸੰਬੋਧਨ ਕਰਦਿਆਂ ਔਰਤਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਡਾ: ਸੰਦੀਪ ਜੋਤ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ, ਵਿਜੈ ਕੁਮਾਰ ਰਾਈਸੀਲਾ ਗਰੁੱਪ, ਸੁਰਿੰਦਰ ਸ਼ਰਮਾ ਸੇਵਾਮੁਕਤ ਮੈਨੇਜਰ, ਜਤਿੰਦਰ ਸੋਨੀ ਮੰਡੇਰ, ਬਲਦੇਵ ਸਿੰਘ ਸਰਪੰਚ ਧੂਰੀ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਮਸਤੂਆਣਾ ਸਾਹਿਬ, ਪ੍ਰਿੰਸੀਪਲ ਜਬਰਾ ਸਿੰਘ ਆਦਿ ਸ਼ਾਮਲ ਸਨ। ਮੰਚ ਸੰਚਾਲਨ ਅਮਨਦੀਪ ਕੌਰ ਬਾਠ ਨੇ ਕੀਤਾ।

 

 

fbbg-image

Latest News
Magazine Archive