ਬਰਫ਼ੀਲੇ ਤੂਫ਼ਾਨ ’ਚ ਦੱਬ ਕੇ 11 ਵਿਅਕਤੀਆਂ ਦੀ ਮੌਤ


ਸ੍ਰੀਨਗਰ - ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਬਰਫ਼ੀਲੇ ਤੂਫ਼ਾਨ ਦੀ ਮਾਰ ਹੇਠ ਆਏ ਵਾਹਨ ’ਚ ਸਵਾਰ 11 ਵਿਅਕਤੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਕੁਪਵਾੜਾ ਦੇ ਡਿਪਟੀ ਕਮਿਸ਼ਨਰ ਖਾਲਿਦ ਜਹਾਂਗੀਰ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੂੰ ਜਿਊਂਦੇ ਕੱਢ ਲਿਆ ਗਿਆ ਹੈ। ਉਨ੍ਹਾਂ ਮੁਤਾਬਕ ਅੱਜ 10 ਲਾਸ਼ਾਂ ਨੂੰ ਬਰਫ਼ੀਲੇ ਤੂਫ਼ਾਨ ਵਾਲੀ ਥਾਂ ’ਚੋਂ ਕੱਢਿਆ ਗਿਆ ਜਦਕਿ ਇਕ ਲਾਸ਼ ਕੱਲ ਰਾਤ ਹੀ ਬਚਾਅ ਕਾਰਜਾਂ ਦੌਰਾਨ ਮਿਲ ਗਈ ਸੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕੁਪਵਾੜਾ-ਟੰਗਧਾਰ ਸੜਕ ’ਤੇ ਸਾਧਾਂ ਟੌਪ ਨੇੜੇ ਖੂਨੀ ਨਾਲੇ ’ਤੇ ਬਰਫ਼ ਦਾ ਭਾਰੀ ਤੂਫ਼ਾਨ ਆਇਆ ਸੀ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਘਟਨਾ ’ਤੇ ਦੁਖ ਦਾ ਇਜ਼ਹਾਰ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਤਰਜਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਨੂੰ ਹਰਸੰਭਵ ਮੈਡੀਕਲ ਸਹਾਇਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਆਫ਼ਤ ਪ੍ਰਬੰਧਨ, ਰਾਹਤ ਤੇ ਮੁੜ ਵਸੇਬਾ ਮੰਤਰੀ ਜਾਵੇਦ ਮੁਸਤਫ਼ਾ ਮੀਰ ਨੇ ਮ੍ਰਿਤਕਾਂ ਦੇ ਨਜ਼ਦੀਕੀਆਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਉਨ੍ਹਾਂ ਜ਼ਖ਼ਮੀਆਂ ਨੂੰ 12600 ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ।

 

 

fbbg-image

Latest News
Magazine Archive