ਕਸ਼ਮੀਰ ’ਚ ਬਾਰੂਦੀ ਸੁਰੰਗ ਧਮਾਕਾ;

ਚਾਰ ਪੁਲੀਸ ਮੁਲਾਜ਼ਮ ਹਲਾਕ


ਸ੍ਰੀਨਗਰ - ਉੱਤਰੀ ਕਸ਼ਮੀਰ ਦੇ ਸੋਪੋਰ ਕਸਬੇ ਦੀ ਮਾਰਕੀਟ ’ਚ ਅੱਜ ਬਾਰੂਦੀ ਸੁਰੰਗ ਨਾਲ ਕੀਤੇ ਧਮਾਕੇ ਵਿੱਚ ਗਸ਼ਤੀ ਡਿਊਟੀ ’ਤੇ ਤਾਇਨਾਤ ਚਾਰ ਪੁਲੀਸ ਮੁਲਾਜ਼ਮ ਹਲਾਕ ਹੋ ਗਏ। ਸਾਲ 2015 ਤੋਂ ਬਾਅਦ ਕਸ਼ਮੀਰ ’ਚ ਬਾਰੂਦੀ ਸੁਰੰਗ ਨਾਲ ਕੀਤਾ ਗਿਆ ਇਹ ਪਲੇਠਾ ਹਮਲਾ ਹੈ। ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਹਾਲਾਂਕਿ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਪਰ ਕਸ਼ਮੀਰ ਪੁਲੀਸ ਨੇ ਫ਼ਿਲਹਾਲ ਦਾਅਵੇ ਦੀ ਪੁਸ਼ਟੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹੱਤਿਆਵਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਹਿੰਸਾ ਦੇ ਚੱਕਰਵਿਊ’ ਨੂੰ ਤੋੜਨ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ।
ਪੁਲੀਸ ਮੁਤਾਬਕ ਅਤਿਵਾਦੀਆਂ ਵੱਲੋਂ ਬਾਰੂਦੀ ਸੁਰੰਗ ਇਥੋਂ 50 ਕਿਲੋਮੀਟਰ ਦੂਰ ਉੱਤਰੀ ਕਸ਼ਮੀਰ ਦੇ ਸੋਪੋਰ ਕਸਬੇ ਵਿੱਚ ਛੋਟਾ ਬਾਜ਼ਾਰ ਤੇ ਬੜਾ ਬਾਜ਼ਾਰ ਵਿਚਲੀ ਮਾਰਕੀਟ ’ਚ ਇਕ ਦੁਕਾਨ ਦੇ ਮੋਹਰੇ ਵਿਛਾਈ ਗਈ ਸੀ। ਜਦੋਂ ਧਮਾਕਾ ਹੋਇਆ ਤਾਂ ਮਾਰਕੀਟ ਵੱਖਵਾਦੀਆਂ ਵੱਲੋਂ ਹੜਤਾਲ ਦੇ ਦਿੱਤੇ ਸੱਦੇ ਕਰਕੇ ਬੰਦ ਸੀ। ਧਮਾਕੇ ਕਰਕੇ ਭਾਰਤੀ ਰਿਜ਼ਰਵ ਪੁਲੀਸ ਦੀ ਤੀਜੀ ਬਟਾਲੀਅਨ ਦੇ ਗ਼ਸ਼ਤੀ ਡਿਊਟੀ ਦੇ ਰਹੇ ਚਾਰ ਜਵਾਨ ਹਲਾਕ ਹੋ ਗਏ। ਪੀੜਤਾਂ ਦੀ ਪਛਾਣ ਡੋਡਾ ਵਾਸੀ ਏਐਸਆਈ ਇਰਸ਼ਾਦ ਅਹਿਮਦ, ਬਾਰਾਮੁਲਾ ਦੇ ਰੋਹਾਮਾ ਰਾਫ਼ੀਆਬਾਦ ਵਾਸੀ ਕਾਂਸਟੇਬਲ ਗ਼ੁਲਾਮ ਨਬੀ, ਹੰਦਵਾੜਾ ਦੇ ਵਿਲਗਾਮ ਵਾਸੀ ਕਾਂਸਟੇਬਲ ਪਰਵੇਜ਼ ਅਹਿਮਦ ਤੇ ਕੁਪਵਾੜਾ ਦੇ ਸੋਗਾਮ ਰਹਿੰਦੇ ਕਾਂਸਟੇਬਲ ਮੁਹੰਮਦ ਅਮੀਨ ਵਜੋਂ ਹੋਈ ਹੈ। ਧਮਾਕੇ ਕਰਕੇ ਛੇ ਸੱਤ ਦੁਕਾਨਾਂ ਨੂੰ ਵੀ ਨੁਕਸਾਨ ਪੁੱਜਾ।
ਵਧੀਕ ਡੀਜੀਪੀ ਮੁਨੀਰ ਖ਼ਾਨ ਨੇ ਕਿਹਾ ਕਿ 2015 ਤੋਂ ਬਾਅਦ ਇਹ ਪਹਿਲਾ ਮੌਕਾ ਜਦੋਂ ਕਿਸੇ ਧਮਾਕੇ ਲਈ ਬਾਰੂਦੀ ਸੁਰੰਗ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਧਮਾਕੇ ਦੇ ਮੱਦੇਨਜ਼ਰ ਸਲਾਮਤੀ ਦਸਤਿਆਂ ਨੂੰ ਨਵੀਂ ਰਣਨੀਤੀ ਘੜਨੀ ਹੋਵੇਗੀ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਟਵੀਟ ਕਰਕੇ ਫ਼ੌਤ ਹੋਏ ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਜੀ.ਏ.ਮੀਰ ਨੇ ਹੱਤਿਆਵਾਂ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਇਸ ਘਟਨਾ ਨੇ ਮਹਿਬੂਬਾ ਸਰਕਾਰ ਵੱਲੋਂ ਕਸ਼ਮੀਰ ’ਚ ਹਾਲਾਤ ਆਮ ਵਾਂਗ ਹੋਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। 

 

 

fbbg-image

Latest News
Magazine Archive