ਚਾਰਾ ਘੁਟਾਲਾ: ਲਾਲੂ ਨੂੰ ਸਾਢੇ ਤਿੰਨ ਸਾਲ ਕੈਦ


ਰਾਂਚੀ - ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਆਰਜੇਡੀ ਮੁਖੀ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਵਿੱਚ ਸਾਢੇ ਤਿੰਨ ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਸਜ਼ਾ 21 ਸਾਲ ਪਹਿਲਾਂ ਦਿਓਘਰ ਖ਼ਜ਼ਾਨੇ ’ਚੋਂ ਫਰੇਬੀ ਢੰਗ ਨਾਲ 89.27 ਲੱਖ ਰੁਪਏ ਕਢਵਾਉਣ ਦੇ ਦੋਸ਼ ’ਚ ਹੋਈ ਹੈ। 23 ਦਸੰਬਰ ਨੂੰ ਦੋਸ਼ੀ ਕਰਾਰ ਦਿੱਤੇ 69 ਸਾਲਾ ਲਾਲੂ ਪ੍ਰਸਾਦ ਇਸ ਸਮੇਂ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਸੀਬੀਆਈ ਜੱਜ ਸ਼ਿਵ ਪਾਲ ਸਿੰਘ ਨੇ ਉਸ ਨੂੰ ਇਹ ਸਜ਼ਾ ਵੀਡੀਓਕਾਨਫਰੰਸਿੰਗ ਰਾਹੀਂ ਸੁਣਾਈ।
ਦੱਸਣਯੋਗ ਹੈ ਕਿ ਆਰਜੇਡੀ ਮੁਖੀ ਨੂੰ ਚਾਰਾ ਘੁਟਾਲੇ ਦੇ ਇਕ ਹੋਰ ਕੇਸ ’ਚ 30 ਸਤੰਬਰ, 2013 ਨੂੰ ਪੰਜ ਸਾਲ ਕੈਦ ਹੋਈ ਸੀ। ਢਾਈ ਮਹੀਨਿਆਂ ਤੋਂ ਵੱਧ ਸਮਾਂ ਜੇਲ੍ਹ ’ਚ ਰਹਿਣ ਬਾਅਦ ਸੁਪਰੀਮ ਕੋਰਟ ਨੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ।
ਸੀਬੀਆਈ ਦੇ ਵਕੀਲ ਰਾਕੇਸ਼ ਪ੍ਰਸਾਦ ਨੇ ਦੱਸਿਆ ਕਿ ਚਾਰਾ ਘੁਟਾਲੇ ’ਚ ਧੋਖਾਧੜੀ, ਅਪਰਾਧਕ ਸਾਜ਼ਿਸ਼ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਲਾਲੂ ਨੂੰ ਇਸ ਕੇਸ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਪੀਸੀਏ) ਤਹਿਤ ਵੀ ਤਿੰਨ ਸਾਲ ਛੇ ਮਹੀਨੇ ਕੈਦ ਹੋਈ ਹੈ। ਉਸ ਨੂੰ ਆਈਪੀਸੀ ਤੇ ਪੀਸੀਏ ਤਹਿਤ ਪੰਜ ਪੰਜ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਵਕੀਲ ਨੇ ਦੱਸਿਆ ਕਿ ਜੇਕਰ ਜੁਰਮਾਨਾ ਨਾ ਭਰਿਆ ਤਾਂ ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ। ਇਹ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਇਸ ਕੇਸ ’ਚ ਦੋਸ਼ੀ ਠਹਿਰਾਏ ਗਏ 10 ਹੋਰ ਜਣਿਆਂ ਨੂੰ ਸਜ਼ਾ ਬਾਰੇ ਵੀ ਬਹਿਸ ਹੋਈ ਸੀ। ਇਸ ਤੋਂ ਪਹਿਲਾਂ ਅੱਜ ਅਦਾਲਤ ਨੇ ਪੰਜ ਦੋਸ਼ੀਆਂ ਨੂੰ ਸਜ਼ਾ ਬਾਰੇ ਬਹਿਸ ਨਿਬੇੜੀ।
ਵਿਸ਼ੇਸ਼ ਸੀਬੀਆਈ ਅਦਾਲਤ ਨੇ 23 ਦਸੰਬਰ ਨੂੰ ਇਸ ਕੇਸ ’ਚੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਤੇ ਪੰਜ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਇਸ ਦੌਰਾਨ ਪਟਨਾ ’ਚ ਲਾਲੂ ਦੇ ਪੁੱਤਰ ਤੇਜਸਵੀ ਯਾਦਵ ਨੇ ਕਿਹਾ, ‘ਲਾਲੂ ਪ੍ਰਸਾਦ ਨੂੰ ਸਜ਼ਾ ਖ਼ਿਲਾਫ਼ ਅਸੀਂ ਹਾਈ ਕੋਰਟ ਜਾਵਾਂਗੇ ਅਤੇ ਅਦਾਲਤੀ ਫ਼ੈਸਲੇ ਦੇ ਅਧਿਐਨ ਬਾਅਦ ਜ਼ਮਾਨਤ ਲਈ ਅਪੀਲ ਕੀਤੀ ਜਾਵੇਗੀ।’   
‘ਭਾਜਪਾ ਸਾਹਮਣੇ ਨਹੀਂ ਝੁਕਾਂਗਾ’
ਸਜ਼ਾ ਦੇ ਐਲਾਨ ਤੋਂ ਬਾਅਦ ਲਾਲੂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਟਵੀਟ ਕੀਤਾ। ਭਾਜਪਾ ਨਾਲ ਆਓ ਵਰਨਾ ਭੁਗਤੋ, ਦੇ ਨਿਯਮ ਨਾਲ ਨਹੀਂ ਜਾਵਾਂਗਾ। ਉਨ੍ਹਾਂ ਕਿਹਾ ਕਿ ਉਹ ਸਮਤਾ, ਭਾਈਚਾਰੇ ਅਤੇ ਸਮਾਜਿਕ ਨਿਆਂ ਲਈ ਮਰਨ ਨੂੰ ਤਿਆਰ ਹਨ। ਟਵੀਟ ਤੋਂ ਬਾਅਦ ਜਨਤਾ ਦੇ ਨਾਂ ਚਿੱਠੀ ਵੀ ਪੋਸਟ ਕੀਤੀ। ਇਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਤਾਨਾਸ਼ਾਹੀ ਸੱਤਾ ਦਾ ਸਾਥ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਸਜ਼ਾ ਭੁਗਤਣੀ ਪਈ।
ਕਾਨੂੰਨ ਸਭ ਲਈ ਬਰਾਬਰ: ਭਾਜਪਾ
ਲਾਲੂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਹੁਣ ਬਿਹਾਰ ਦੇ ਲੋਕਾਂ ਨਾਲ ਨਿਆਂ ਹੋਇਆ ਹੈ, ਕਿਉਂਕਿ ਉਨ੍ਹਾਂ ਦੇ ਪੈਸੇ ਦੀ ਲੁੱਟ ਹੋਈ ਸੀ। ਉਨ੍ਹਾਂ ਕਿਹਾ ਕਿ ਫੈਸਲਾ ਇਹ ਦਰਸ਼ਾਉਂਦਾ ਹੈ ਕਿ ਕਾਨੂੰਨ ਸਭਨਾਂ ਲਈ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਆਪਣਾ ਕੰਮ ਕੀਤਾ ਅਤੇ ਸੰਦੇਸ਼ ਇਹ ਹੈ ਕਿ ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨਾ ਵੀ ਅਹਿਮ ਕਿਉਂ ਨਾ ਹੋਵੇ, ਜੇ ਉਹ ਮੁਲਕ ਨੂੰ ਲੁੱਟਦਾ ਹੈ ਤਾਂ ਕਾਨੂੰਨ ਸਭਨਾਂ ਲਈ ਬਰਾਬਰ ਹੈ।

 

 

fbbg-image

Latest News
Magazine Archive