ਪਾਕਿ ’ਚ ਅਤਿਵਾਦੀ ਢਾਂਚੇ ਅਜੇ ਵੀ ਮੌਜੂਦ: ਰਾਜਨਾਥ


ਟੇਕਨਪੁਰ (ਮੱਧ ਪ੍ਰਦੇਸ਼) - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪਾਕਿਸਤਾਨ ਵਿੱਚ ਅਤਿਵਾਦ ਦੇ ਬੁਨਿਆਦੀ ਢਾਂਚੇ ਅਜੇ ਵੀ ਮੌਜੂਦ ਹਨ ਤੇ ਗੁਆਂਢੀ ਮੁਲਕ ਵੱਲੋਂ ਜੰਮੂ ਤੇ ਕਸ਼ਮੀਰ ਦੇ ਨੌਜਵਾਨਾਂ ਨੂੰ ਭਾਰਤ ਖ਼ਿਲਾਫ਼ ਭੜਕਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਮੁਲਕ ਦੇ ਸਿਖਰਲੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੰਗਿਆਂ ਤੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ।
ਇਥੇ ਡੀਜੀਪੀਜ਼ ਤੇ ਆਈਜੀਪੀਜ਼ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਸਿਖਲਾਈ ਕੈਂਪਾਂ, ਲਾਂਚ ਪੈਡਜ਼ ਤੇ ਸੰਚਾਰ ਸਟੇਸ਼ਨਾਂ ਦੀ ਸ਼ਕਲ ਵਿੱਚ ਅਤਿਵਾਦ ਦੇ ਬੁਨਿਆਦੀ ਢਾਂਚੇ ਅਜੇ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਵੱਲੋਂ ਜੰਮੂ ਤੇ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੂੰ ਪੈਸੇ ਧੇਲੇ ਸਮੇਤ ਹਰ ਸੰਭਵ ਇਮਦਾਦ ਦੇਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਮੁਲਕ ਖ਼ਿਲਾਫ਼ ਹੀ ਭੜਕਾਇਆ ਜਾ ਰਿਹੈ। ਜੰਮੂ ਤੇ ਕਸ਼ਮੀਰ ਵਿੱਚ ਸਰਕਾਰ ਵੱਲੋਂ ਲਾਏ ਵਿਸ਼ੇਸ਼ ਵਾਰਤਾਕਾਰ ਵੱਲੋਂ ਸੰਵਾਦ ਦੇ ਤੋਰੇ ਅਮਲ ’ਤੇ ਰੋਸ਼ਨੀ ਪਾਉਂਦਿਆਂ ਸਿੰਘ ਨੇ ਕਿਹਾ ਕਿ ਇਹ ਵੱਡੀ ਤਸੱਲੀ ਵਾਲੀ ਗੱਲ ਹੈ ਕਿ ਸਲਾਮਤੀ ਦਸਤੇ ਰਾਜ ਵਿਚਲੇ ਹਾਲਾਤ ਨਾਲ ਸਿੱਝਣ ਵਿੱਚ ਸਫ਼ਲ ਰਹੇ ਹਨ।
ਉਨ੍ਹਾਂ ਕਿਹਾ ਕਿ ਨਕਸਲੀ ਹਿੰਸਾ ਵਿੱਚ ਵੀ ਪਹਿਲਾਂ ਨਾਲੋਂ ਕਮੀ ਆਈ ਹੈ ਤੇ ਉਹ ਯਕੀਨ ਦਿਵਾਉਂਦੇ ਹਨ ਕਿ ਆਉਂਦੇ ਦਿਨਾਂ ’ਚ ਸਰਕਾਰ ਵੱਲੋਂ ਨਕਸਲੀਆਂ ਲਈ ਆਤਮ ਸਮਰਪਣ ਦੀ ਨੀਤੀ ਨੂੰ ਹੁਲਾਰਾ ਦਿੱਤਾ ਜਾਵੇਗਾ।

 

 

fbbg-image

Latest News
Magazine Archive