ਐਸ਼ੇਜ਼ ਲੜੀ: ਖਵਾਜਾ ਦੇ ਸੈਂਕੜੇ ਨਾਲ ਆਸਟਰੇਲੀਆ

ਨੇ ਇੰਗਲੈਂਡ ’ਤੇ ਕੱਸਿਆ ਸ਼ਿਕੰਜਾ


ਸਿਡਨੀ - ਉਸਮਾਨ ਖਵਾਜਾ ਦੀਆਂ 171 ਦੌੜਾਂ ਦੀ ਜ਼ਬਰਦਸਤ ਸੈਂਕੜੇ ਦੀ ਪਾਰੀ ਤੇ ਸ਼ਾਨ ਮਾਰਸ਼ ਦੀਆਂ ਸ਼ਾਨਦਾਰ ਨਾਬਾਦ 98 ਦੌੜਾਂ ਦੀ ਬਦੌਲਤ ਆਸਟਰੇਲੀਆ ਨੇ ਪੰਜਵੇਂ ਤੇ ਆਖਰੀ ਐਸ਼ੇਜ਼ ਟੈਸਟ ਮੈਚ ਦੇ ਤੀਜੇ ਦਿਨ ਸ਼ਨਿਚਰਵਾਰ ਨੂੰ ਚਾਰ ਵਿਕਟਾਂ ’ਤੇ 479 ਦੌੜਾਂ ਬਣਾ ਕੇ ਇੰਗਲੈਂਡ ’ਤੇ ਸ਼ਿਕੰਜਾ ਕਸ ਦਿੱਤਾ ਹੈ।
ਆਸਟਰੇਲੀਆ ਕੋਲ ਹੁਣ 133 ਦੌੜਾਂ ਦੀ ਲੀਡ ਹੋ ਗਈ ਹੈ ਅਤੇ ਉਸ ਕੋਲ ਛੇ ਵਿਕਟਾਂ ਬਾਕੀ ਹਨ। ਖਵਾਜਾ ਨੇ ਕਪਤਾਨ ਸਟੀਵਨ ਸਮਿੱਥ ਨਾਲ 188 ਦੌੜਾਂ ਅਤੇ ਮਾਰਸ਼ ਨਾਲ 101 ਦੌੜਾਂ ਦੀ ਭਾਈਵਾਲੀ ਕੀਤੀ। ਖਵਾਜਾ ਨੇ 381 ਗੇਂਦਾਂ ’ਤੇ 171 ਦੌੜਾਂ ਦੀ ਪਾਰੀ ’ਚ 18 ਚੌਕੇ ਤੇ ਇੱਕ ਛੱਕਾ ਲਾਇਆ। ਖਵਾਜਾ ਜਦੋਂ ਆਊਟ ਹੋਇਆ ਤਾਂ ਉਸ ਸਮੇਂ ਟੀਮ ਦਾ ਸਕੋਰ 375 ਦੌੜਾਂ ਸੀ। ਸਮਿੱਥ 83 ਦੌੜਾਂ ਬਣਾ ਕੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਆਊਟ ਹੋਇਆ। ਉਸ ਨੇ 158 ਗੇਂਦਾਂ ਦੀ ਪਾਰੀ ’ਚ ਪੰਜ ਚੌਕੇ ਲਾਏ। ਦਿਨ ਦੀ ਖੇਡ ਮੁੱਕਣ ਤੱਕ ਮਾਰਸ਼ 207 ਗੇਂਦਾਂ ’ਚ 10 ਚੌਕਿਆਂ ਦੀ ਮਦਦ ਨਾਲ 98 ਤੇ ਉਸ ਦੇ ਭਰਾ ਮਿਸ਼ੈਲ ਮਾਰਸ਼ 87 ਗੇਂਦਾਂ ’ਚ ਨੌਂ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾ ਕੇ ਕਰੀਜ਼ ’ਤੇ ਡਟੇ ਹੋਏ ਸਨ।
ਆਸਟਰੇਲੀਆ ਨੇ ਮਜ਼ਬੂਤ ਲੀਡ ਬਣਾ ਕੇ ਐਸ਼ੇਜ਼ ’ਚ 4-0 ਦੀ ਜਿੱਤ ਵੱਲ ਕਦਮ ਵਧਾ ਦਿੱਤੇ ਹਨ। ਮਾਰਸ਼ ਭਰਾਵਾਂ ਨੇ ਆਖਰੀ ਸੈਸ਼ਨ ’ਚ ਨਾਬਾਦ ਰਹਿ ਕੇ 104 ਦੌੜਾਂ ਜੋੜੀਆਂ। ਦੋਵਾਂ ਨੇ ਆਖਰੀ ਘੰਟੇ ’ਚ ਚੌਕਿਆਂ ਦੀ ਝੜੀ ਲਾ ਕੇ ਇੰਗਲੈਂਡ ਦੇ ਗੇਂਦਬਾਜ਼ਾਂ ਦੇ ਸਾਹ-ਸੱਤ ਮੁਕਾ ਦਿੱਤੇ।
ਮੈਚ ਦਾ ਤੀਜਾ ਦਿਨ ਪੂਰੀ ਤਰ੍ਹਾਂ ਖਵਾਜਾ ਦੇ ਨਾਂ ਰਿਹਾ, ਜਿਸ ਨੇ 91 ਦੌੜਾਂ ਤੋਂ ਅੱਗੇ ਖੇਡਦਿਆਂ ਆਪਣਾ ਛੇਵਾਂ ਸੈਂਕੜਾ ਪੂਰਾ ਕੀਤਾ, ਪਰ ਉਹ ਮਾਮੂਲੀ ਫਰਕ ਨਾਲ ਆਪਣੇ ਸਰਵੋਤਮ 174 ਦੇ ਸਕੋਰ ਨੂੰ ਪਛਾੜਨ ਤੋਂ ਖੁੰਝ ਗਿਆ। ਉਸ ਦਾ ਇੰਗਲੈਂਡ ਖ਼ਿਲਾਫ਼ ਇਹ ਪਹਿਲਾ ਸੈਂਕੜਾ ਸੀ। ਖਵਾਜਾ ਨੇ ਸੈਂਕੜੇ ਦੀ ਇਸ ਪਾਰੀ ਨਾਲ 29ਵੇਂ ਟੈਸਟ ’ਚ ਆਪਣੀਆਂ 2000 ਦੌੜਾਂ ਵੀ ਪੂਰੀਆਂ ਕਰ   ਲਈਆਂ ਹਨ।

 

 

fbbg-image

Latest News
Magazine Archive