ਨਕੋਦਰ ਲਾਂਬੜਾ ਸੜਕ ’ਤੇ ਹਾਦਸਾ; ਪੰਜ ਹਲਾਕ


ਜਲੰਧਰ - ਇੱਥੇ ਨਕੋਦਰ ਰੋਡ ’ਤੇ ਲਾਂਬੜਾ ਨੇੜੇ  ਪਿੰਡ ਤਾਜਪੁਰ ਕੋਲ ਦੁੱਧ ਵਾਲੇ ਟੈਂਕਰ ਤੇ ਆਟੋ ਵਿਚਾਲੇ ਹੋਈ ਟੱਕਰ ਵਿੱਚ ਸਾਢੇ ਤਿੰਨ ਸਾਲ ਦੀ ਬੱਚੀ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ। ਜਗਰਾਓਂ ਜਾ  ਰਹੇ ਇਸ ਆਟੋ ਵਿੱਚ 10 ਤੋਂ ਵੱਧ ਸਵਾਰੀਆਂ ਸਨ। ਇਨ੍ਹਾਂ ਵਿੱਚੋਂ ਪੰਜ ਜਣੇ ਮੌਕੇ ’ਤੇ ਹੀ ਦਮ ਤੋੜ ਗਏ ਜਦਕਿ ਬਾਕੀ  ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਰਾਮਾਮੰਡੀ ਦੇ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਦਲੀਪ (47), ਮਹਿੰਦਰ (22), ਧਰਮਾ ਦਾਈ (40) ਅਤੇ ਆਟੋ ਚਾਲਕ ਰਮਨ ਕੁਮਾਰ (32) ਵਜੋਂ ਹੋਈ। ਟੈਂਕਰ ਨੇ ਆਟੋ ਨੂੰ ਟੱਕਰ ਮਾਰਨ ਤੋਂ ਪਹਿਲਾਂ ਇੱਕ ਮਹਿੰਦਰਾ ਗੱਡੀ ਨੂੰ ਵੀ ਟੱਕਰ ਮਾਰੀ ਤੇ ਦੋ ਜਣਿਆਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੁੱਧ ਵਾਲੇ ਟੈਂਕਰ ਨੂੰ  ਮੱਖੂ ਵਾਸੀ ਕਮਲਜੀਤ ਸਿੰਘ ਚਲਾ ਰਿਹਾ ਸੀ, ਜਿਸ ਨੂੰ ਪੁਲੀਸ ਨੇ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਅਨੁਸਾਰ ਜਗਰਾਓਂ  ਤੋਂ ਆਟੋ ਵਿੱਚ ਕੁਝ ਲੋਕ ਇੱਥੇ ਚਰਚ ਵਿੱਚ ਮੱਥਾ ਟੇਕਣ ਲਈ  ਆਏ ਸਨ। ਸ਼ਾਮੀਂ ਜਦੋਂ ਉਹ ਆਟੋ ’ਤੇ ਵਾਪਸ ਜਾ ਰਹੇ ਸਨ ਤਾਂ ਮੇਨ ਸੜਕ ’ਤੇ ਚੜ੍ਹਨ ਲੱਗਿਆਂ ਨਕੋਦਰ ਵਾਲੇ ਪਾਸਿਓਂ ਆ ਰਹੇ ਦੁੱਧ ਦੇ ਟੈਂਕਰ ਨੇ ਆਟੋ ਨੂੰ ਟੱਕਰ ਮਾਰੀ ਤੇ ਘੜੀਸਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ। ਪੁਲੀਸ ਅਨੁਸਾਰ ਟੈਂਕਰ ਨੇ ਪਹਿਲਾਂ ਇੱਕ ਮਹਿੰਦਰਾ ਗੱਡੀ ਨੂੰ ਵੀ ਟੱਕਰ ਮਾਰੀ ਸੀ ਜਿਸ ਕਾਰਨ ਟੈਂਕਰ ਬੇਕਾਬੂ ਹੋ ਕੇ ਆਟੋ ਨਾਲ ਜਾ ਟਕਰਾਇਆ। ਖ਼ਬਰ ਲਿਖੇ ਜਾਣ ਤੱਕ ਥਾਣਾ ਲਾਂਬੜਾ ਦੀ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ।
ਕੈਂਟਰ ਦੀ ਟੱਕਰ ਨਾਲ ਪਿਓ-ਪੁੱਤ ਹਲਾਕ
ਸ੍ਰੀ ਆਨੰਦਪੁਰ ਸਾਹਿਬ - ਇਥੇ ਨੰਗਲ-ਸ੍ਰੀ ਆਨੰਦਪੁਰ ਸਾਹਿਬ ਸੜਕ ’ਤੇ ਪਿੰਡ ਢੇਰ ਨਜ਼ਦੀਕ ਅੱਜ ਦੇਰ ਸ਼ਾਮ ਕਰੀਬ ਸਾਢੇ ਛੇ ਵਜੇ ਟੈਂਕਰ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ ਜਦਕਿ ਪਤਨੀ ਅਤੇ ਦੂਜਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਟੈਂਕਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਟੈਂਕਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।  ਜਾਣਕਾਰੀ ਅਨੁਸਾਰ ਕਰੀਬ ਸਾਢੇ ਛੇ ਵਜੇ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮਾਰਗ ’ਤੇ ਪਿੰਡ ਢੇਰ ਨਜ਼ਦੀਕ ਕਾਸਟਿਕ ਦਾ ਭਰਿਆ ਟੈਂਕਰ ਲੰਘ ਰਿਹਾ ਸੀ। ਇਸ ਦੌਰਾਨ  ਟੈਂਕਰ ਦੇ ਅੱਗੇ ਇੱਕ ਵੱਛਾ ਆ ਗਿਆ ਤੇ ਟੈਂਕਰ ਬੇਕਾਬੂ ਹੋ ਕੇ ਆਪਣੀ ਸਾਈਡ ਜਾ ਰਹੇ ਮੋਟਰਸਾਈਕਲ ਸਵਾਰ ਪਰਿਵਾਰ ਵਿੱਚ ਜਾ ਵੱਜਿਆ ਅਤੇ ਜੀਪ ਵਿੱਚ ਵੱਜਣ ਤੋਂ ਬਾਅਦ ਪਲਟ ਗਿਆ। ਮੋਟਰਸਾਈਲ ਸਵਾਰ ਸੁਰੇਸ਼ ਤੇ ਉਸ ਦਾ ਪਰਿਵਾਰ ਹਾਦਸੇ ਵਾਲੀ ਥਾਂ ਤੋਂ ਮਹਿਜ਼ 3 ਕਿਲੋਮੀਟਰ ਦੂਰ ਸਹੁਰਾ ਪਰਿਵਾਰ  ਜਾ ਰਿਹਾ ਸੀ। ਹਾਦਸੇ ਵਿੱਚ ਸੁਰੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦਾ ਛੋਟਾ ਬੱਚਾ ਟੈਂਕਰ ਦੇ ਹੇਠਾਂ ਆਉਣ ਕਰਕੇ ਕੁਚਲਿਆ ਗਿਆ। ਸੁਰੇਸ਼ ਦੀ ਪਤਨੀ ਉਰਮਿਲਾ ਅਤੇ ਦੂਜਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਇਥੇ ਮੁੱਢਲੇ ਇਲਾਜ ਮਗਰੋਂ ਦੋਵਾਂ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਆਪਣੀ ਐਂਬੂਲੈਂਸ ਨਾ ਹੋਣ ਕਰਕੇ ਪੀੜਤ ਪਰਿਵਾਰ ਨੂੰ ਖੱਜਲ ਖੁਆਰ ਹੋਣਾ ਪਿਆ।

 

 

fbbg-image

Latest News
Magazine Archive