ਮੁਸਲਿਮ ਔਰਤਾਂ ਨੂੰ ਤੀਹਰੇ ਤਲਾਕ ਤੋਂ ਮਿਲੇਗੀ ਆਜ਼ਾਦੀ: ਮੋਦੀ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਰ੍ਹਿਆਂ ਦੀ ਤਕਲੀਫ਼ ਤੋਂ ਬਾਅਦ ਮੁਸਲਿਮ ਮਹਿਲਾਵਾਂ ਨੂੰ ਫ਼ੌਰੀ ਤੀਹਰੇ ਤਲਾਕ ਤੋਂ ਖਹਿੜਾ ਛੁਡਾਉਣ ਦਾ ਰਾਹ ਮਿਲ ਗਿਆ ਹੈ। ਦੋ ਵੱਖੋ ਵੱਖਰੇ ਸਮਾਗਮਾਂ ’ਚ ਪ੍ਰਧਾਨ ਮੰਤਰੀ ਨੇ ਮੁਸਲਿਮ ਔਰਤਾਂ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਦਿੱਤੇ ਗਏ ਬਰਾਬਰੀ ਦੇ ਮੌਕਿਆਂ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਲੋਕ ਸਭਾ ’ਚ ਪਾਸ ਹੋਏ ਬਿੱਲ ਦਾ ਜ਼ਿਕਰ ਕੀਤੇ ਬਿਨਾਂ ਉਨ੍ਹਾਂ ਕਿਹਾ,‘‘ਮੁਸਲਿਮ ਮਾਵਾਂ ਅਤੇ ਭੈਣਾਂ ’ਤੇ ਤੀਹਰੇ ਤਲਾਕ ਕਾਰਨ ਹੁੰਦਾ ਤਸ਼ੱਦਦ ਕਿਸੇ ਤੋਂ ਛੁਪਿਆ ਨਹੀਂ ਹੈ। ਕਈ ਵਰ੍ਹਿਆਂ ਦੇ ਸੰਘਰਸ਼ ਮਗਰੋਂ ਉਨ੍ਹਾਂ ਨੂੰ ਫ਼ੌਰੀ ਤੀਹਰੇ ਤਲਾਕ ਤੋਂ ਮੁਕਤ ਹੋਣ ਦਾ ਰਾਹ ਮਿਲਿਆ ਹੈ।’’ ਵੀਡੀਓ ਕਾਨਫਰੰਸ ਰਾਹੀਂ ਕੇਰਲਾ ਦੇ ਵਰਕਲਾ ’ਚ ਸਿਵਾਗਿਰੀ ਮੱਠ ਦੇ ਜਸ਼ਨਾਂ ਦੇ ਉਦਘਾਟਨੀ ਭਾਸ਼ਨ ਨੂੰ ਸੰਬੋਧਨ ਕਰਦਿਆ ਸ੍ਰੀ ਮੋਦੀ ਨੇ ਇਹ ਪ੍ਰਤੀਕਰਮ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਜਿਹੜੇ ਕੱਲ੍ਹ 18 ਵਰ੍ਹਿਆਂ ਦੇ ਹੋ ਰਹੇ ਹਨ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ। ਸਾਲ ਦੀ ਆਖਰੀ ‘ਮਨ ਕੀ ਬਾਤ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵੋਟ ਨਵੇਂ ਭਾਰਤ ਦੀ ਨੀਂਹ ਲਈ ਅਹਿਮ ਸਾਬਿਤ ਹੋਣਗੇ। ਉਨ੍ਹਾਂ 15 ਅਗਸਤ ਦੇ ਨੇੜੇ ‘ਮੌਕ ਪਾਰਲੀਮੈਂਟ’ ਦਾ ਸੁਝਾਅ ਵੀ ਦਿੱਤਾ ਜਿਸ ’ਚ ਮੁਲਕ ਦੇ ਹਰੇਕ ਜ਼ਿਲ੍ਹੇ ਦੇ ਨੌਜਵਾਨ ਨੁਮਾਇੰਦੇ ਚੁਣੇ ਜਾਣ। ਉਨ੍ਹਾਂ ਕਸ਼ਮੀਰ ਪ੍ਰਸ਼ਾਸਕੀ ਸੇਵਾ ਪ੍ਰੀਖਿਆ ਦੇ ਟੌਪਰ ਅੰਜੁਮ ਬਸ਼ੀਰ ਖ਼ਾਨ ਖਟਕ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਨੇ ਅਤਿਵਾਦ ਅਤੇ ਹਿੰਸਾ ਨਾਲੋਂ ਵੱਖਰਾ ਰਾਹ ਚੁਣਿਆ। ਸ੍ਰੀ ਮੋਦੀ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ ਮੌਕੇ ਇਕ ਨਹੀਂ 10 ਮੁੱਖ ਮਹਿਮਾਨ ਹੋਣਗੇ ਅਤੇ ਇਹ ਆਸੀਆਨ ਆਗੂ ਹੋਣਗੇ। ਉਨ੍ਹਾਂ ਕਿਹਾ ਕਿ 2017 ਆਸੀਆਨ ਅਤੇ ਭਾਰਤ ਦੋਹਾਂ ਲਈ ਖਾਸ ਵਰ੍ਹਾ ਰਿਹਾ ਹੈ।
ਹੱਜ ਲਈ ਔਰਤਾਂ ਦਾ ‘ਮਹਿਰਮ’ ਤੋਂ ਛੁੱਟਿਆ ਖਹਿੜਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ ਯਾਤਰਾ ਵੇਲੇ ਮੁਸਲਿਮ ਔਰਤਾਂ ਨਾਲ ਮਰਦਾਂ ਦੀ ਹਾਜ਼ਰੀ ’ਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਗਿਆ ਹੈ ਅਤੇ ਹੁਣ ਉਹ ਇਕੱਲੀਆਂ ਹੀ ਹਜ ਕਰ ਸਕਣਗੀਆਂ। ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਉਨ੍ਹਾਂ ਕਿਹਾ ਕਿ ਉਹ ਪਾਬੰਦੀ ਬਾਰੇ ਸੁਣ ਕੇ ਹੈਰਾਨ ਹੋਏ ਸਨ ਜਦਕਿ ਕਈ ਇਸਲਾਮਿਕ ਮੁਲਕਾਂ ’ਚ ਅਜਿਹੀਆਂ ਪਾਬੰਦੀਆਂ ਨਹੀਂ ਹਨ। ਪਹਿਲਾਂ ਲਾਟਰੀ ਸਿਸਟਮ ਰਾਹੀਂ ਹਜ ਯਾਤਰੂਆਂ ਦੀ ਚੋਣ ਹੁੰਦੀ ਸੀ ਪਰ ਹੁਣ ਇਕੱਲੀਆਂ ਮਹਿਲਾਵਾਂ ਨੂੰ ਹਜ ਲਈ ਵਿਸ਼ੇਸ਼ ਸ਼੍ਰੇਣੀ ਤਹਿਤ ਮੌਕਾ ਮਿਲਣਾ ਚਾਹੀਦਾ ਹੈ।

 

 

fbbg-image

Latest News
Magazine Archive