ਅੰਮ੍ਰਿਤਸਰ ਦਾ ਇਤਿਹਾਸਕ ਰਾਮ ਬਾਗ਼ ਹੋਿੲਆ ‘ਰਾਮ’ ਆਸਰੇ


ਅੰਮ੍ਰਿਤਸਰ - ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ‘ਰਾਮ ਬਾਗ਼’ ਅੱਜਕੱਲ੍ਹ ਨਵਵਿਆਹੇ ਜੋੜਿਆਂ ਦੇ ਵਿਆਹ ਦੀ ਐਲਬਮ ਲਈ ਸ਼ੂਟਿੰਗ ਸਥਾਨ ਬਣਿਆ ਹੋਇਆ ਹੈ, ਪਰ ਬਦਕਿਸਮਤੀ ਨਾਲ ਮੰਦੇ ਹਾਲ ਪਈ ਇਸ ਇਤਿਹਾਸਕ ਯਾਦਗਾਰ ਦੀ ਹਾਲਤ ਵਿੱਚ ਹੁਣ ਤਕ ਕੋਈ ਸੁਧਾਰ ਨਹੀਂ ਆਇਆ।
ਸਮਰ ਪੈਲੇਸ, ਜਿਸ ਨੂੰ ਲੋਕ ‘ਕੰਪਨੀ ਬਾਗ਼’ ਵਜੋਂ ਵਧੇਰੇ ਜਾਣਦੇ ਹਨ, ਦੀ ਮੁੱਖ ਇਮਾਰਤ ਦੇ ਬਾਹਰ ਪਿਛਲੇ ਇਕ ਸਾਲ ਤੋਂ ਮੁਰੰਮਤ ਲਈ ਲੋਹੇ ਦੀਆਂ ਪਾਈਪਾਂ ਦਾ ਜਾਲ ਬਣਿਆ ਹੋਇਆ ਹੈ। ਸਾਲ ਬੀਤਣ ਮਗਰੋਂ ਵੀ ਇਮਾਰਤ ਦੇ ਬਾਹਰੀ ਹਿੱਸੇ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਮਾਰਤ ਦੇ ਅੰਦਰ ਚਲ ਰਿਹਾ ਕੰਮ ਵੀ ਪਿਛਲੇ ਛੇ ਮਹੀਨਿਆਂ ਤੋਂ ਬੰਦ ਹੈ। ਮੁਰੰਮਤ ਦਾ ਕੰਮ 2007 ਵਿੱਚ ਸ਼ੁਰੂ ਹੋਇਆ ਸੀ ਤੇ ਉਦੋਂ ਇਸ ਇਮਾਰਤ ਨੂੰ ਖਾਲੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇਮਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਬਣਿਆ ਹੋਇਆ ਸੀ, ਜਿਸ ਵਿੱਚ ਵਿਰਾਸਤੀ ਸਾਮਾਨ ਸਜਾਇਆ ਹੋਇਆ ਸੀ। ਇਸ ਵਿਰਾਸਤੀ ਤੇ ਬੇਸ਼ਕੀਮਤੀ ਸਾਮਾਨ ਨੂੰ ਨੇੜੇ ਹੀ ਬਣੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦੇ ਇੱਕ ਹਿੱਸੇ ਵਿੱਚ ਰੱਖਿਆ ਗਿਆ ਸੀ।
ਲਗਪਗ ਇਕ ਦਹਾਕਾ ਬੀਤਣ ਨੂੰ ਆਇਆ ਹੈ, ਪਰ ਸੁਸਰੀ ਦੀ ਚਾਲ ਚੱਲ ਰਿਹਾ ਮੁਰੰਮਤ ਦਾ ਕੰਮ ਹੁਣ ਤਕ ਖ਼ਤਮ ਨਹੀਂ ਹੋਇਆ। ਝਾਂਸੀ ਤੋਂ ਆਏ ਕਾਰੀਗਰ ਨੇ ਦੱਸਿਆ ਕਿ ਮੁਰੰਮਤ ਦਾ ਕੰਮ ਮੁੰਬਈ ਦੇ ਇੱਕ ਠੇਕੇਦਾਰ ਨੂੰ ਸੌਂਪਿਆ ਗਿਆ ਸੀ। ਠੇਕੇਦਾਰ ਨੇ ਬਾਹਰੀ ਹਿੱਸੇ ਵਿਚ ਪਲੱਸਤਰ ਵਾਸਤੇ ਲੋਹੇ ਦੀਆਂ ਪਾਈਪਾਂ ਲਾਈਆਂ ਸਨ, ਪਰ ਕੰਮ ਇਸ ਤੋਂ ਅੱਗੇ ਨਹੀਂ ਵਧਿਆ। ਅੰਦਰੂਨੀ ਹਿੱਸੇ ਵਿੱਚ ਚੱਲ ਰਿਹਾ ਕੰਮ 75 ਫੀਸਦ ਮੁਕੰਮਲ ਹੋ ਗਿਆ ਹੈ, ਪਰ ਅੱਗੇ ਦਾ ਕੰਮ ਜੂਨ ਮਹੀਨੇ ਤੋਂ ਬੰਦ ਪਿਆ ਹੈ। ਸਮਰ ਪੈਲੇਸ ਦੀ ਸਾਂਭ ਸੰਭਾਲ ਦਾ ਕੰਮ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਕੋਲ ਹੈ।
ਕਾਬਿਲੇਗੌਰ ਹੈ ਕਿ ਇਤਿਹਾਸਕ ਯਾਦਗਾਰ ਦੀ ਸਾਂਭ ਸੰਭਾਲ ਦੋ ਵਿਭਾਗਾਂ ਵਿੱਚ ਵੰਡੀ ਹੋਈ ਹੈ। ਅਪਰੈਲ 1997 ਵਿੱਚ ਪੰਜਾਬ ਸਰਕਾਰ ਵੱਲੋਂ ਇਸ ਯਾਦਗਾਰ ਨੂੰ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਸੂਚੀ ਵਿੱਚ ਸ਼ਾਮਲ ਕਰਦਿਆਂ ਵਿਰਾਸਤੀ ਇਮਾਰਤ ਐਲਾਨਿਆ ਗਿਆ ਸੀ। 2004 ਵਿੱਚ ਇਸ ਨੂੰ ਕੌਮੀ ਯਾਦਗਾਰ ਦਾ ਦਰਜਾ ਦਿੱਤਾ ਗਿਆ, ਜਿਸ ਤਹਿਤ ਇਸ ਦਾ ਪ੍ਰਬੰਧ ਭਾਰਤੀ ਪੁਰਾਤਤਵ ਵਿਭਾਗ ਨੂੰ ਸੌਂਪਿਆ ਜਾਣਾ ਸੀ, ਪਰ ਅਜੇ ਤਕ ਇਹ ਅਮਲ ਵੀ ਸਿਰੇ ਨਹੀਂ ਚੜ੍ਹਿਆ। ਯਾਦਗਾਰ ਦਾ ਕੁਝ ਹਿੱਸਾ ਪੰਜਾਬ ਦੇ ਸੈਰ-ਸਪਾਟਾ ਵਿਭਾਗ ਅਤੇ ਕੁਝ ਹਿੱਸਾ ਭਾਰਤੀ ਪੁਰਾਤਤਵ ਵਿਭਾਗ ਕੋਲ ਹੈ। ਇਸ ਆਪਸੀ ਖਿੱਚੋਤਾਣ ਕਾਰਨ ਯਾਦਗਾਰ ਦੀ ਮੁਰੰਮਤ ਤੇ ਸਾਂਭ ਸੰਭਾਲ ਦਾ ਕੰਮ ਪ੍ਰਭਾਵਿਤ ਹੋਇਆ ਹੈ। ਇਹ ਮਾਮਲਾ ਹੁਣ ਅਦਾਲਤ ਦੇ ਵਿਚਾਰ ਅਧੀਨ ਹੈ।
ਮਾਲ ਰੋਡ ਤੋਂ ਜੇਕਰ ਇਸ ਇਤਿਹਾਸਕ ਯਾਦਗਾਰ ਦੇ ਅੰਦਰ ਦਾਖਲ ਹੋਵੋ ਤਾਂ ਇਥੇ ਸਭ ਕੁਝ ਆਧੁਨਿਕ ਜਿਵੇਂ ਖੁੱਲ੍ਹੀ ਪਾਰਕਿੰਗ, ਰੰਗ ਬਿਰੰਗੀਆਂ ਟਾਈਲਾਂ, ਸਰੀਰਕ ਅਭਿਆਸ ਵਾਸਤੇ ਵੱਖ ਵੱਖ ਤਰ੍ਹਾਂ ਦੇ ਉਪਕਰਨ ਅਤੇ ਨਿੱਤ ਸੈਰ ਕਰਨ ਵਾਲਿਆਂ ਦੇ ਟੋਲੇ ਦਿਖਾਈ ਦਿੰਦੇ ਹਨ, ਪਰ ਕੁਝ ਹੋਰ ਅੰਦਰ ਜਾਂਦਿਆਂ ਹੀ ਇਸ ਦਾ ਉਜਾੜਾ ਸਾਫ਼ ਝਲਕਦਾ ਹੈ। ਪੈਲੇਸ ਵਿਚਲੇ ਛੋਟੇ ਤਲਾਆਂ ਦਾ ਮਾੜਾ ਹਾਲ ਹੈ। ਦੋਵੇਂ ਪਾਸੇ ਬਣੇ ਮੁਨਸ਼ੀ ਘਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਪਰ ਸਾਂਭ ਸੰਭਾਲ ਖੁਣੋਂ ਇਹ ਆਵਾਰਾ ਅਤੇ ਬੇਸਹਾਰਾ ਲੋਕਾਂ ਦਾ ਰੈਣ ਬਸੇਰਾ ਬਣ ਗਏ ਹਨ।
ਜਲਦੀ ਹੋਵੇਗਾ ਮੁਰੰਮਤ ਦਾ ਕੰਮ ਮੁਕੰਮਲ
ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਯੋਜਨਾ ਦੇ ਪ੍ਰੋਜੈਕਟ ਮੈਨੇਜਰ ਏ.ਆਰ. ਮਿਸ਼ਰਾ ਨੇ ਕਿਹਾ ਕਿ ਮੁਰੰਮਤ ਲਈ ਲੋੜੀਂਦੇ ਫੰਡਾਂ ਦੀ ਹੁਣ ਕੋਈ ਘਾਟ ਨਹੀਂ ਹੈ ਅਤੇ ਜਲਦੀ ਹੀ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਸਾਂਭ ਸੰਭਾਲ ਦੀ ਯੋਜਨਾ ਵਿੱਚ ਕੁਝ ਤਬਦੀਲੀ ਹੈ, ਜਿਸ ਮੁਤਾਬਕ ਹੋਰ ਮੁਰੰਮਤ ਦਾ ਕੰਮ ਹੋਵੇਗਾ। ਭਾਰਤੀ ਪੁਰਾਤਤਵ ਵਿਭਾਗ ਨੂੰ ਜਾਣੂ ਕਰਾ ਦਿੱਤਾ ਹੈ।

 

 

fbbg-image

Latest News
Magazine Archive