ਜੀਐਸਟੀ: ਸ਼ੋ੍ਮਣੀ ਕਮੇਟੀ ਪ੍ਰਧਾਨ ਕਰਨਗੇ ਮੋਦੀ ਤੱਕ ਪਹੁੰਚ


ਪਟਿਆਲਾ - ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਰਸਦ ਨੂੰ ਜੀਐਸਟੀ ਤੋਂ ਮੁਕਤ ਕਰਾਉਣ ਲਈ ਮੁੜ ਚਾਰਾਜੋਈ ਕੀਤੀ ਜਾਵੇਗੀ| ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਪਹੁੰਚ ਕਰਨਗੇ| ਜੀਐਸਟੀ ਲਾਗੂ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੂੰ ਲੰਗਰ ’ਤੇ ਪ੍ਰਤੀ ਸਾਲ ਤਕਰੀਬਨ 10 ਕਰੋੜ ਵਾਧੂ ਤਾਰਨੇ ਪੈਣਗੇ| ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪੋ੍. ਕਿਰਪਾਲ ਸਿੰਘ ਬਡੂੰਗਰ ਤੋਂ ਇਲਾਵਾ ਸਿੱਖ ਸੰਸਥਾਵਾਂ ਅਤੇ ਐਨਡੀਏ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਲੰਗਰ ਨੂੰ ਜੀਐਸਟੀ ਮੁਕਤ ਕਰਨ ਦੀ ਮੰਗ ਕੀਤੀ ਗਈ ਹੈ ਪਰ ਅਜੇ ਤਕ ਕੋਈ ਰਾਹਤ ਨਹੀਂ ਮਿਲੀ ਹੈ| ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਆਵਾਜ਼ ਉਠਾਏ ਜਾਣ ਦੇ ਬਾਵਜੂਦ ਕੇਂਦਰ ਤੇ ਜੀਐਸਟੀ ਕੌਂਸਲ ਇਸ ਮਸਲੇ ’ਤੇ ਚੁੱਪ ਵੱਟੀ ਬੈਠੀ ਹੈ। ਕੇਂਦਰ ਦੇ ਅੜੀਅਲ ਰਵੱਈਏ ਕਾਰਨ ਸ਼੍ਰੋਮਣੀ ਕਮੇਟੀ ਨੂੰ ਫਿਲਹਾਲ ਜੀਐਸਟੀ ਅਦਾ ਕਰਨਾ ਪੈ ਰਿਹਾ ਹੈ ਪਰ ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਜੀਐਸਟੀ ਮੁਆਫ਼ ਕਰਾਉਣ ਲਈ ਚਾਰਾਜੋਈ ਛੱਡੀ ਨਹੀਂ ਹੈ| ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਹੈ ਕਿ ਉਹ ਲੰਗਰ ਨੂੰ ਜੀਐਸਟੀ ਮੁਕਤ ਕਰਾਉਣ ਲਈ ਜਲਦੀ ਵੱਡੇ ਪੱਧਰ ‘ਤੇ ਮੁਹਿੰਮ ਛੇੜਨਗੇ| ਸ਼੍ਰੋਮਣੀ ਕਮੇਟੀ ਆਪਣੇ ਪੱਧਰ ‘ਤੇ ਜੀਐਸਟੀ ਕੌਂਸਲ ਦੇ ਨੁਮਾਇੰਦਿਆਂ ਤਕ ਪਹੁੰਚ ਕਰੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸੰਪੂਰਨਤਾ ਸਮਾਰੋਹਾਂ ‘ਚ ਜੇਕਰ ਪ੍ਰਧਾਨ ਮੰਤਰੀ ਆਉਂਦੇ ਤਾਂ ਉਨ੍ਹਾਂ ਨੇ ਹਰ ਹਾਲ ਇਹ ਮੁੱਦਾ ਉਠਾਉਣਾ ਸੀ| ਉਨ੍ਹਾਂ ਕਿਹਾ ਕਿ ਲੰਗਰ ਸਾਰੇ ਧਰਮਾਂ ਦੇ ਲੋਕਾਂ ਲਈ ਹੈ| ਭਾਜਪਾ ਦੇ ਸੂਬਾਈ ਸਕੱਤਰ ਗੁਰਤੇਜ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਸਲੇ ਨੂੰ ਕੇਂਦਰੀ ਵਿੱਤ ਰਾਜ ਮੰਤਰੀ ਅਰਜੁਨ ਮੇਘਵਾਲ ਕੋਲ ਉਠਾਇਆ ਸੀ ਅਤੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਉਹ ਇਸ ਬਾਰੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਵਿਚਾਰ ਕਰਨਗੇ| ਭਾਜਪਾ ਆਗੂ ਨੇ ਸ਼ਿਕਵਾ ਕੀਤਾ ਕਿ ਕੈਪਟਨ ਸਰਕਾਰ ਵੱਲੋਂ ਜੀਐਸਟੀ ਕੌਂਸਲ ਕੋਲ ਆਵਾਜ਼ ਨਾ ਚੁੱਕੇ ਜਾਣ ਕਾਰਨ ਇਹ ਮਾਮਲਾ ਪੇਚੀਦਾ ਹੋਣ ਲੱਗਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੰਗਰ ਦੇ ਮਹੱਤਵ ਤੋਂ ਅਣਜਾਣ ਜਾਪਦੀ ਹੈ ਕਿਉਂਕਿ ਕੈਪਟਨ ਸਰਕਾਰ ਵੱਲੋਂ ਲੰਗਰਾਂ ਦੀ ਰਸਦ ਤੋਂ ਐਸਜੀਐਸਟੀ ਵਸੂਲਿਆ ਜਾਣ ਲੱਗਾ ਹੈ| ਹਾਲਾਂਕਿ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਪਹਿਲਾਂ ਆਪਣੇ ਹਿੱਸੇ ਦਾ ਕਰ ਮੁਆਫ਼ ਕਰਨਾ ਚਾਹੀਦਾ ਸੀ।

 

 

fbbg-image

Latest News
Magazine Archive