ਰਣਜੀ ਟਰਾਫ਼ੀ: ਵਾਡਕਰ ਦੇ ਸੈਂਕੜੇ ਨਾਲ ਵਿਦਰਭਾ

ਦੀ ਸਥਿਤੀ ਮਜ਼ਬੂਤ


ਇੰਦੌਰ - ਅਕਸ਼ੈ ਵਾਡਕਰ ਦੇ ਪਹਿਲੇ ਸੈਂਕੜੇ ਦੀ ਬਦੌਲਤ ਵਿਦਰਭਾ ਨੇ ਫਾਈਨਲ ਦੇ ਤੀਜੇ ਦਿਨ ਦਿੱਲੀ ’ਤੇ 233 ਦੌੜਾਂ ਦੀ ਮਜ਼ਬੂਤ ਲੀਡ ਨਾਲ ਆਪਣੇ ਪਹਿਲੇ ਰਣਜੀ ਟਰਾਫੀ਼ ਖ਼ਿਤਾਬ ਵੱਲ ਮਜ਼ਬੂਤ ਕਦਮ ਵਧਾਏ।  ਸੈਸ਼ਨ ਦੇ ਪੰਜਵੇਂ ਮੈਚ ਵਿੱਚ ਵਿਕਟਕੀਪਰ ਵਾਡਕਰ ਨਾਬਾਦ 133 ਦੌੜਾਂ ਬਣਾ ਕੇ ਖੇਡ ਰਿਹਾ ਹੈ, ਜਿਸ ਨਾਲ ਟੀਮ ਨੇ ਅੱਜ ਦੀ ਖੇਡ ਖਤਮ ਹੋਣ ਤਕ 528 ਦੌੜਾਂ ਬਣਾਈਆਂ। ਸਿੱਧੇਸ਼ ਨੇਰਾਲ 92 ਗੇਂਦਾਂ ’ਤੇ 56 ਦੌੜਾਂ ਬਣਾ ਕੇ ਵਾਡਕਰ ਨਾਲ ਭਾਈਵਾਲੀ ਕਰ ਰਿਹਾ ਹੈ। ਉਸ ਨੇ ਆਪਣੀ ਪਾਰੀ ਵਿੱਚ ਚਾਰ ਛੱਕੇ ਅਤੇ ਇੰਨੇ ਹੀ ਚੌਕੇ ਮਾਰੇ ਹਨ।
ਵਾਡਕਰ ਅਤੇ ਨੇਰਾਲ ਹੁਣ ਤਕ ਅੱਠਵੀਂ ਵਿਕਟ ਲਈ 113 ਦੌੜਾਂ ਦੀ ਅਟੁੱਟ ਭਾਈਵਾਲੀ ਕਰ ਚੁੱਕੇ ਹਨ। ਦਿੱਲੀ ਦੀ ਟੀਮ ਪਹਿਲੀ ਪਾਰੀ ਵਿੱਚ 295 ਦੌੜਾਂ ਹੀ ਬਣਾ ਸਕੀ। ਵਾਡਕਰ ਨੇ ਇਸ ਤੋਂ ਪਹਿਲਾਂ ਹੋਲਕਰ ਸਟੇਡੀਅਮ ਵਿੱਚ ਆਦਿਤਿਆ ਸਰਵਤੇ ਨਾਲ ਸੱਤਵੀਂ ਵਿਕਟ ਲਈ 169 ਦੌੜਾਂ ਦੀ ਮਹੱਤਵਪੂਰਨ ਭਾਈਵਾਲੀ ਕੀਤੀ। ਸਰਵਤੇ ਨੇ 154 ਗੇਂਦਾਂ ਦਾ ਸਾਹਮਣਾ ਕਰਦਿਆਂ 79 ਦੌੜਾਂ ਬਣਾਈਆਂ। ਵਿਦਰਭ ਨੇ ਦਿਨ ਦੀ ਸ਼ੁਰੂਆਤ ਚਾਰ ਵਿਕਟਾਂ ’ਤੇ 206 ਦੌੜਾਂ ਨਾਲ ਕੀਤੀ ਅਤੇ ਬਿਹਤਰੀਨ ਬੱਲੇਬਾਜ਼ੀ ਕੀਤੀ।  ਵਿਦਰਭ ਨੇ ਮੈਦਾਨ ’ਤੇ ਦਿੱਲੀ ਦੇ ਅਵੇਸਲੇਪਣ ਦਾ ਲਾਹਾ ਲਿਆ। ਦਿੱਲੀ ਦੇ ਖਿਡਾਰੀ ਫੀਲਡਿੰਗ ਦੇ ਰੌਂਅ ਵਿਚ ਨਜ਼ਰ ਨਹੀਂ ਆਏ, ਉਨ੍ਹਾਂ ਨੇ ਕੈਚ ਛੱਡੇ। ਦਿੱਲੀ ਨੇ ਦਿਨ ਦੀ ਸ਼ੁਰੂਆਤ ਵਿੱਚ ਤਜਰਬੇਕਾਰ ਵਸੀਮ ਜਾਫਰ ਦਾ ਵੀ ਕੈਚ ਛੱਡਿਆ ਜਿਸ ਨੇ 78 ਦੌੜਾਂ ਦੀ ਪਾਰੀ ਖੇਡੀ। ਕਪਤਾਨ ਰਿਸ਼ਭ ਪੰਤ ਕੋਲ ਬੱਲੇਬਾਜ਼ਾਂ ਨੂੰ ਰੋਕਣ ਦੀ ਕੋਈ ਯੋਜਨਾ ਨਜ਼ਰ ਨਹੀਂ ਆਈ ਅਤੇ ਉਸ ਨੇ ਸਟੰਪਿੰਗ ਦਾ ਮੌਕਾ ਵੀ ਖੁੰਝਾਇਆ। ਕੁਣਾਲ ਚੰਦੇਲਾ ਨੇ ਦਿਨ ਦੇ ਪਹਿਲੇ ਹੀ ਓਵਰ ਦੀ ਨਵਦੀਪ ਸੈਣੀ ਦੀ ਚੌਥੀ ਗੇਂਦ ’ਤੇ ਜਾਫਰ ਦਾ ਕੈਚ ਛੱਡਿਆ। ਜਾਫਰ ਸਿਰਫ 17 ਦੌੜਾਂ ਜੋੜਨ ਬਾਅਦ ਪੈਵੇਲੀਅਨ ਪਰਤ ਗਿਆ। ਉਹ ਸਵੇਰੇ ਲਗਪਗ ਡੇਢ ਘੰਟੇ ਤਕ ਮੈਦਾਨ ’ਤੇ ਰਿਹਾ, ਜਿਸ ਨਾਲ ਉਸ ਦੇ ਪੈਵੇਲੀਅਨ ਪਰਤਣ ਤਕ ਸੈਣੀ ਕਾਫ਼ੀ ਥੱਕ ਚੁੱਕਾ ਸੀ । ਸੈਣੀ ਨੇ 10.5 ਓਵਰ ਸੁੱਟੇ ਅਤੇ ਦੋ ਵਿਕਟਾਂ ਲਈਆਂ।

 

Latest News
Magazine Archive