ਅਕਾਲ ਤਖ਼ਤ ਵੱਲੋਂ ਚੀਫ਼ ਖਾਲਸਾ ਦੀਵਾਨ ਦਾ ਪ੍ਰਧਾਨ ਤਲਬ


ਪ੍ਰਧਾਨ ਵਜੋਂ ਸੇਵਾਵਾਂ ’ਤੇ ਲਾਈ ਰੋਕ, ਪੁਲੀਸ ਵੱਲੋਂ ਮਾਮਲੇ ਦੀ ਜਾਂਚ ਦੇ ਆਦੇਸ਼
ਅੰਮ੍ਰਿਤਸਰ - ਸਦੀ ਪੁਰਾਣੀ ਸਿੱਖ ਧਾਰਮਿਕ ਤੇ ਵਿਦਿਅਕ ਸੰਸਥਾ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਤਰਾਜ਼ਯੋਗ ਵੀਡੀਓ ਦਾ ਸਖ਼ਤ ਨੋਟਿਸ ਲੈਂਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪ੍ਰਧਾਨ ਵਜੋਂ ਉਨ੍ਹਾਂ ਦੀਆਂ ਸਰਗਰਮੀਆਂ ਤੇ ਸੇਵਾਵਾਂ ’ਤੇ ਰੋਕ ਲਾ ਦਿੱਤੀ ਹੈ। ਜਥੇਦਾਰ ਨੇ ਸ੍ਰੀ ਚੱਢਾ ਨੂੰ ਆਪਣਾ ਪੱਖ ਰੱਖਣ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਤਲਬ ਕਰਨ ਦਾ ਵੀ ਆਦੇਸ਼ ਦਿੱਤਾ ਹੈ।
ਅੱਜ ਇਥੇ ਅਕਾਲ ਤਖ਼ਤ ਸਕੱਤਰੇਤ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਤਰਾਜ਼ਯੋਗ ਵੀਡੀਓ ਬਾਰੇ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਅਕਾਲ ਤਖ਼ਤ ਨੇ ਸ੍ਰੀ ਚੱਢਾ ਦੀਆਂ ਸੇਵਾਵਾਂ ’ਤੇ ਤੁਰੰਤ ਰੋਕ ਲਾਉਣ ਲਈ ਆਦੇਸ਼ ਦਿੱਤੇ ਹਨ। ਸ੍ਰੀ ਚੱਢਾ ਦੇ ਕਿਸੇ ਧਾਰਮਿਕ ਮੰਚ ਤੋਂ ਬੋਲਣ ਸਮੇਤ ਦੀਵਾਨ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸਰਗਰਮੀਆਂ ’ਤੇ ਰੋਕ ਲਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਇਹ ਇਕੱਤਰਤਾ ਜਲਦੀ ਸੱਦੀ ਜਾ ਰਹੀ ਹੈ। ਇਸ ਇਕੱਤਰਤਾ ਵਿੱਚ ਸ੍ਰੀ ਚੱਢਾ ਨੂੰ ਆਪਣਾ ਪੱਖ ਰੱਖਣ ਲਈ ਤਲਬ ਕੀਤਾ ਗਿਆ ਹੈ। ਜਥੇਦਾਰ ਨੇ ਕਿਹਾ ਕਿ ਦੀਵਾਨ ਅਤੇ ਇਸ ਨਾਲ ਸਬੰਧਤ ਸਮੂਹ ਅਦਾਰਿਆਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ     ਚਲਾਉਣ ਲਈ ਜਲਦੀ ਹੀ ਇਸ ਸਬੰਧੀ ਅਗਲਾ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਤਰਾਜ਼ਯੋਗ ਵੀਡੀਓ ਕਰਕੇ ਸਿੱਖ ਸੰਸਥਾ ਦੀ ਸਾਖ਼ ਨੂੰ ਢਾਹ ਲੱਗੀ ਹੈ।
ਦੂਜੇ ਪਾਸੇ ਪੁਲੀਸ ਨੇ ਸ੍ਰੀ ਚੱਢਾ ਖ਼ਿਲਾਫ਼ ਦਿੱਤੀ ਸ਼ਿਕਾਇਤ ’ਤੇ ਅੱਜ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਜਾਂਚ ਏਸੀਪੀ (ਕਰਾਈਮ) ਤੇਜਬੀਰ ਸਿੰਘ ਨੂੰ ਸੌਂਪੀ ਗਈ ਹੈ। ਪੁਲੀਸ ਕਮਿਸ਼ਨਰ ਐਸ. ਸ੍ਰੀਵਾਸਤਵ ਨੇ ਦੱਸਿਆ ਕਿ ਸ਼ਿਕਾਇਤ ਪੀੜਤ ਔਰਤ ਵੱਲੋਂ ਦਿੱਤੀ ਗਈ ਸੀ ਤੇ ਜਾਂਚ ਰਿਪੋਰਟ ਮਗਰੋਂ ਅਗਲੇਰੀ ਕਾਰਵਾਈ ਹੋਵੇਗੀ।
ਇਸ ਦੌਰਾਨ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੇ ਅੱਜ ਦੀਵਾਨ ਦੇ ਅਮਲੇ ਦੀ ਇਕ ਮੀਟਿੰਗ ਕੀਤੀ ਹੈ। ਉਨ੍ਹਾਂ ਅਮਲੇ ਨੂੰ ਬਿਨਾਂ ਕਿਸੇ ਡਰ ਦੇ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ ਹੈ।
ਡਰਾ ਧਮਕਾ ਕੇ ਕੀਤਾ ਸਰੀਰਕ ਸ਼ੋਸ਼ਣ
ਇਤਰਾਜ਼ਯੋਗ ਵੀਡੀਓ ਵਿੱਚ ਨਜ਼ਰ ਆਉਂਦੀ ਔਰਤ ਨੇ ਵੀਰਵਾਰ ਨੂੰ ਮੀਡੀਆ ਕੋਲ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸ ਨੂੰ ਡਰਾ ਧਮਕਾ ਕੇ ਸਰੀਰਕ ਸ਼ੋਸ਼ਣ ਲਈ ਮਜਬੂਰ ਕੀਤਾ ਗਿਆ ਸੀ। ਉਸ ਨੇ ਪੁਲੀਸ ਕੋਲੋਂ ਨਿਆਂ ਦੀ ਮੰਗ ਕੀਤੀ ਹੈ। ਪੀੜਤ ਔਰਤ ਚੀਫ ਖ਼ਾਲਸਾ ਦੀਵਾਨ ਦੇ ਪ੍ਰਬੰਧ ਹੇਠ ਚਲਦੇ ਇੱਕ ਸਕੂਲ ਨਾਲ ਜੁੜੀ ਹੋਈ ਹੈ, ਜਿਸ ਨੇ ਬੀਤੇ ਦਿਨ ਡੀਜੀਪੀ ਨੂੰ ਸ਼ਿਕਾਇਤ ਕੀਤੀ ਸੀ।

 

 

fbbg-image

Latest News
Magazine Archive