ਕਾਬੁਲ ’ਚ ਸ਼ੀਆ ਕੇਂਦਰ ’ਤੇ ਫਿਦਾਈਨ ਹਮਲੇ ’ਚ 41 ਹਲਾਕ


ਜਹਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ
ਕਾਬੁਲ - ਸ਼ੀਆ ਭਾਈਚਾਰੇ ਦੇ ਇਥੇ ਤਬਾਯਨ ਕਲਚਰਲ ਸੈਂਟਰ ’ਤੇ ਅੱਜ ਕੀਤੇ ਗਏ ਫਿਦਾਈਨ ਹਮਲੇ ’ਚ 41 ਵਿਅਕਤੀ ਹਲਾਕ ਹੋ ਗਏ। ਹਮਲੇ ’ਚ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਜਹਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਇਸ ਭਿਆਨਕ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ਇਹ ਕਾਰਾ ਉਸੇ ਇਮਾਰਤ ’ਚ ਹੋਇਆ ਹੈ ਜਿਥੇ ਅਫ਼ਗਾਨ ਵੁਆਇਸ ਏਜੰਸੀ ਦਾ ਦਫ਼ਤਰ ਹੈ ਅਤੇ ਮੁਢਲੀਆਂ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਮੀਡੀਆ ਦੇ ਇਸ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਉਪ ਤਰਜਮਾਨ ਨਸਰਤ ਰਹੀਮੀ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਅਕਤੂਬਰ ’ਚ ਸ਼ੀਆ ਮਸਜਿਦ ’ਤੇ ਹੋਏ ਹਮਲੇ, ਜਿਸ ’ਚ 50 ਤੋਂ ਵੱਧ ਨਮਾਜ਼ੀ ਮਾਰੇ ਗਏ ਸਨ, ਮਗਰੋਂ ਇਹ ਸਭ ਤੋਂ ਭਿਆਨਕ ਹਮਲਾ ਹੈ। ਰਹੀਮੀ ਨੇ ਕਿਹਾ ਕਿ ਫਿਦਾਈਨ ਹਮਲਾਵਰ ਨੇ ਤਬਾਯਨ ਕਲਚਰਲ    ਸੈਂਟਰ ’ਚ ਹੋਏ ਇਕੱਠ ਦੌਰਾਨ ਆਪਣੇ ਆਪ ਨੂੰ ਉਡਾ ਲਿਆ ਜਿਸ ਕਾਰਨ ਵੱਡੀ ਗਿਣਤੀ ’ਚ ਜਾਨੀ ਨੁਕਸਾਨ ਹੋਇਆ। ਵੱਡੇ ਧਮਾਕੇ ਮਗਰੋਂ ਜਦੋਂ ਜ਼ਖ਼ਮੀ ਅਤੇ ਹੋਰ ਲੋਕ ਮੌਕੇ ਤੋਂ ਨਿਕਲ ਰਹੇ ਸਨ ਤਾਂ ਦੋ ਛੋਟੇ ਬੰਬ ਧਮਾਕੇ ਵੀ ਹੋਏ। ਰਹਿਮੀ ਮੁਤਾਬਕ ਉਸ ਮੌਕੇ ਅਫ਼ਗਾਨਿਸਤਾਨ ’ਚ ਸੋਵੀਅਤ ਚੜ੍ਹਾਈ ਦੀ 38ਵੀਂ ਵਰ੍ਹੇਗੰਢ ਮਨਾਉਣ ਲਈ ਲੋਕ ਇਕੱਤਰ ਹੋਏ ਸਨ। ਅਫ਼ਗਾਨ ਵੁਆਇਸ ਏਜੰਸੀ ਦੇ ਪੱਤਰਕਾਰ ਨੇ ਦੱਸਿਆ ਕਿ ਇਮਾਰਤ ਦੇ ਤਹਿਖਾਨੇ ’ਚ 100 ਤੋਂ ਵੱਧ ਲੋਕ ਜਮਾਂ ਸਨ। ਇਸਤਿਕਲਾਲ ਹਸਪਤਾਲ ’ਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ ਜਿਥੇ ਜ਼ਖ਼ਮੀਆਂ ਨੂੰ ਲਿਆਂਦਾ ਜਾ ਰਿਹਾ ਸੀ। ਜ਼ਿਆਦਾਤਰ ਦੇ ਚਿਹਰਿਆਂ ਅਤੇ ਸਰੀਰ ’ਤੇ ਸੜਨ ਦੇ ਨਿਸ਼ਾਨ ਸਨ। ਯੂਨੀਵਰਸਿਟੀ ਦੇ ਵਿਦਿਆਰਥੀ ਮੁਹੰਮਦ ਹਸਨ ਰਿਜ਼ਾਈ ਨੇ ਦੱਸਿਆ ਕਿ ਧਮਾਕੇ ਮਗਰੋਂ ਉਸ ਦੇ ਚਿਹਰੇ ’ਤੇ ਜ਼ਖ਼ਮ ਹਨ। ਉਹ ਦੂਜੀ ਕਤਾਰ ’ਚ ਬੈਠਾ ਹੋਇਆ ਸੀ ਅਤੇ ਉਨ੍ਹਾਂ ਦੇ ਪਿੱਛੇ ਧਮਾਕਾ ਹੋਇਆ ਸੀ। ਉਧਰ ਅਮਾਕ ’ਤੇ ਜਾਰੀ ਬਿਆਨ ਮੁਤਾਬਕ ਇਸਲਾਮਿਕ ਸਟੇਟ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਅੱਜ ਸ਼ੀਆ ਕਲਚਰਲ ਸੈਂਟਰ ਨੂੰ ਨਿਸ਼ਾਨਾ ਬਣਾਇਆ ਜਿਸ ’ਚ 41 ਵਿਅਕਤੀ ਹਲਾਕ ਹੋ ਗਏ। ਜਹਾਦੀ ਜਥੇਬੰਦੀ ਨੇ ਕਿਹਾ ਕਿ ਕੇਂਦਰ ’ਤੇ ਫਿਦਾਈਨ ਹਮਲੇ ਤੋਂ ਬਾਅਦ ਤਿੰਨ ਹੋਰ ਧਮਾਕੇ ਕੀਤੇ ਗਏ।

 

 

fbbg-image

Latest News
Magazine Archive