ਭਾਜਪਾ ਸਿਆਸੀ ਲਾਹੇ ਲਈ ਕਰਦੀ ਹੈ ਝੂਠ ਦੀ ਵਰਤੋਂ: ਰਾਹੁਲ


ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਭਾਰਤ ਦੇ ਸੰਵਿਧਾਨ ’ਤੇ ਹਮਲਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਿਆਸੀ ਲਾਹੇ ਲਈ ਝੂਠ ਦੀ ਵਰਤੋਂ ਕਰਦੇ ਹਨ ਜਦਕਿ ਉਨ੍ਹਾਂ ਦੀ ਪਾਰਟੀ (ਕਾਂਗਰਸ) ਲਈ ਸੱਚ ਅਤੇ ਉਸ ਦੀ ਰਾਖੀ ਅਹਿਮ ਹੈ। ਕਾਂਗਰਸ ਦੇ 133ਵੇਂ ਸਥਾਪਨਾ ਦਿਵਸ ਸਮਾਗਮ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਉਹ ‘ਝੂਠ ਦਾ ਜਾਲ’ ਬੁਣਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸੱਚ ਦਾ ਸਾਥ ਦਿੰਦੀ ਰਹੇਗੀ ਭਾਵੇਂ ਪਾਰਟੀ ਨੂੰ ਕਿੰਨੀਆਂ ਵੀ ਚੋਣਾਂ ’ਚ ਹਾਰ ਦਾ ਸਾਹਮਣਾ ਕਿਉਂ ਨਾ ਕਰਨਾ ਪਏ। ਸ੍ਰੀ ਗਾਂਧੀ ਨੇ ਕਾਂਗਰਸ ਹੈੱਡਕੁਆਰਟਰ ’ਤੇ ਪਾਰਟੀ ਦਾ ਝੰਡਾ ਲਹਿਰਾਇਆ ਜਿਸ ’ਚ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਸਮੇਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੀਨੀਅਰ ਆਗੂ ਹਾਜ਼ਰ ਸਨ। ਸੰਵਿਧਾਨ ਬਦਲਣ ਬਾਰੇ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਵੱਲੋਂ ਦਿੱਤੇ ਗਏ ਬਿਆਨ ਸਬੰਧੀ ਉਨ੍ਹਾਂ ਕਿਹਾ ਕਿ ਭਾਰਤ ਦਾ ਸਭ ਤੋਂ ਅਹਿਮ ਪਲ ਉਹ ਸੀ ਜਦੋਂ ਸੰਵਿਧਾਨ ਬਣਿਆ ਸੀ ਪਰ ਹੁਣ ਇਸ ’ਤੇ ਵੀ ਹਮਲੇ ਹੋ ਰਹੇ ਹਨ। ਹੇਗੜੇ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਰੱਖਿਆ ਕਰਨਾ ਹਰੇਕ ਕਾਂਗਰਸੀ ਅਤੇ ਹਰੇਕ ਭਾਰਤੀ ਦਾ ਫ਼ਰਜ਼ ਬਣਦਾ ਹੈ। ਰਾਹੁਲ ਗਾਂਧੀ ਨੇ ਕਾਂਗਰਸ ਦੇ ਸ਼ਾਨਦਾਰ ਇਤਿਹਾਸ ਦਾ ਵੀ ਜ਼ਿਕਰ ਕੀਤਾ ਅਤੇ ਬੱਚਿਆਂ ਨੂੰ ਮਠਿਆਈਆਂ ਵੰਡੀਆਂ। ਉਨ੍ਹਾਂ ਕਿਹਾ ਕਿ ਮੁਲਕ ’ਚ ਆਜ਼ਾਦੀ ਲਿਆਉਣ ਲਈ ਪਾਰਟੀ ਨੇ ਵੀ ਸਾਂਝੇ ਤੌਰ ’ਤੇ ਯੋਗਦਾਨ ਪਾਇਆ ਸੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਝੂਠ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਭਾਜਪਾ ਦਾ ਮੰਨਣਾ ਹੈ ਕਿ ਝੂਠ ਬੋਲ ਕੇ ਸਿਆਸੀ ਲਾਹਾ ਹਾਸਲ ਕੀਤਾ ਜਾ ਸਕਦਾ ਹੈ। ਬੱਸ ਇਹੋ ਸਾਡੇ ਅਤੇ ਉਨ੍ਹਾਂ ’ਚ ਫਰਕ ਹੈ। ਹੋ ਸਕਦਾ ਹੈ ਕਿ ਸਾਨੂੰ ਨੁਕਸਾਨ ਹੋਵੇ, ਸਾਨੂੰ ਹਾਰ ਦਾ ਸਾਹਮਣਾ ਕਰਨਾ ਪਏ ਪਰ ਅਸੀਂ ਕਦੇ ਵੀ ਸੱਚ ਦੇ ਰਾਹ ਨੂੰ ਨਹੀਂ ਛੱਡਾਂਗੇ।’’ ਸ੍ਰੀ ਗਾਂਧੀ ਨੇ ਕਿਹਾ ਕਿ ਮੁਲਕ ਦੀ ਸਥਾਪਨਾ ਦਾ ਦਸਤਾਵੇਜ਼, ਜਿਸ ਨੂੰ ਸ੍ਰੀ ਅੰਬੇਦਕਰ ਨੇ ਸਾਨੂੰ ਸੌਂਪਿਆ, ਅੱਜ ਨਿਸ਼ਾਨੇ ’ਤੇ ਹੈ।
ਜੇਤਲੀ ਦਾ ਮਖੌਲ ਉਡਾਉਣ ’ਤੇ ਰਾਹੁਲ ਖ਼ਿਲਾਫ਼ ਮਰਿਆਦਾ ਮਤਾ
ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਨਾਮ ਤੋੜ-ਮਰੋੜ ਕੇ ਉਨ੍ਹਾਂ ਦਾ ਮਖੌਲ ਉਡਾਉਣ ਲਈ ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਅੱਜ ਰਾਜ ਸਭਾ ’ਚ ਮਰਿਆਦਾ ਮਤਾ ਪੇਸ਼ ਕੀਤਾ। ਭਾਜਪਾ ਮੈਂਬਰ ਭੁਪੇਂਦਰ ਯਾਦਵ ਨੇ ਨਿਯਮ 187 ਤਹਿਤ ਮਤਾ ਪੇਸ਼ ਕਰਕੇ ਸਭਾਪਤੀ ਨੂੰ ਬੇਨਤੀ ਕੀਤੀ ਕਿ ਉਹ ਇਸ ਦਾ ਨੋਟਿਸ ਲੈਣ। ਸਭਾਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਉਹ ਮਤੇ ’ਤੇ ਵਿਚਾਰ ਮਗਰੋਂ ਕੋਈ ਫ਼ੈਸਲਾ ਲੈਣਗੇ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਟਵਿੱਟਰ ’ਤੇ ਸ੍ਰੀ ਜੇਤਲੀ ਦੇ ਨਾਮ ਦੇ ਆਖਰੀ ਦੋ ਅੱਖਰਾਂ ਨੂੰ ਅੰਗਰੇਜ਼ੀ ’ਚ ‘ਲਾਈ’ ਬਣਾ ਦਿੱਤਾ ਸੀ ਜਿਸ ਦਾ ਮਤਲਬ ‘ਝੂਠ’ ਹੈ। ਉਧਰ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਦੇ ਬਿਆਨਾਂ ’ਤੇ ਅੱਜ ਵੀ ਸਦਨ ’ਚ ਹੰਗਾਮਾ ਹੋਇਆ ਅਤੇ ਵਾਰ ਵਾਰ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।

 

 

fbbg-image

Latest News
Magazine Archive