ਰੋਹਿਤ ਦੇ ਤੂਫ਼ਾਨੀ ਸੈਂਕੜੇ ਅੱਗੇ ਕੱਖਾਂ ਵਾਂਗ ਖਿੰਡੀ ਲੰਕਾ


ਸ੍ਰੀਲੰਕਾ ਵੱਲੋਂ ਸਿਰਫ਼ ਕੁਸ਼ਲ ਪਰੇਰਾ ਨੇ ਦਿੱਤੀ ਜਵਾਬੀ ਟੱਕਰ;
ਭਾਰਤ ਨੇ ਲੜੀ ’ਚ 2-0 ਦੀ ਜੇਤੂ ਲੀਡ ਬਣਾਈ
ਇੰਦੌਰ - ਇੱਥੋਂ ਦੇ ਹੋਲਕਰ ਸਟੇਡੀਅਮ ’ਚ ਅੱਜ ਭਾਰਤ ਨੇ ਸ੍ਰੀਲੰਕਾ ਨੂੰ 88 ਦੌੜਾਂ ਨਾਲ ਮਾਤ ਦੇ ਕੇ ਤਿੰਨ ਮੈਚਾਂ ਦੀ ਟੀ-20 ਲੜੀ 2-0 ਦੀ ਲੀਡ ਨਾਲ ਆਪਣੇ ਨਾਂ ਕਰ ਲਈ ਹੈ। ਭਾਰਤ ਨੇ ਪਹਿਲੀ ਪਾਰੀ ’ਚ ਪੰਜ ਵਿਕਟਾਂ ਗੁਆ ਕੇ 260 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਸਾਰੀ ਟੀਮ  17.2 ਓਵਰਾਂ ’ਚ 172 ਦੌੜਾਂ ਬਣਾ ਕੇ ਆਊਟ ਹੋ ਗਈ।
ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਨੇ ਬਹੁਤ ਸਹਿਜ ਨਾਲ ਸ਼ੁਰੂਆਤ ਕੀਤੀ। ਸ੍ਰੀਲੰਕਾ ਦੀ ਪਹਿਲੀ ਵਿਕਟ ਨਿਰੋਸ਼ਨ ਡਿਕਵੇਲਾ ਦੇ ਰੂਪ ’ਚ ਡਿੱਗੀ ਜਿਸ ਨੇ 25 ਦੌੜਾਂ ਬਣਾਈਆਂ। ਉਸ ਤੋਂ ਬਾਅਦ ਸਲਾਮੀ ਬੱਲੇਬਾਜ਼ ਕੁਸ਼ਲ ਪਰੇਰਾ (37 ਗੇਂਦਾਂ ’ਚ 77 ਦੌੜਾਂ, ਚਾਰ ਚੌਕੇ, 7 ਛੱਕੇ) ਤੇ ਉਪਲ ਤਰੰਗਾ (29 ਗੇਂਦਾਂ ’ਚ 47 ਦੌੜਾਂ, 3 ਚੌਕੇ, ਦੋ ਛੱਕੇ) ਆਤਸ਼ੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੀ ਆਸ ਬੰਨ੍ਹੀ, ਪਰ ਇਨ੍ਹਾਂ ਦੋਵਾਂ ਦੇ ਆਊਟ ਹੋਣ ਮਗਰੋਂ ਕੋਈ ਵੀ ਬੱਲੇਬਾਜ਼ ਟਿੱਕ ਕੇ ਨਾ ਖੇਡ ਸਕਿਆ ਤੇ ਸਾਰੀ ਟੀਮ 172 ਦੌੜਾਂ ’ਤੇ ਆਊਟ ਹੋ ਗਈ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਤੇ ਕਪਤਾਨ ਰੋਹਿਤ ਸ਼ਰਮਾ (118) ਦੀ ਕਰੀਅਰ ਦੀ ਸਰਵੋਤਮ ਪਾਰੀ ਤੇ ਲੋਕੇਸ਼ ਰਾਹੁਲ (89) ਦੀ ਬਿਹਤਰੀਨ ਪਾਰੀ ਦੇ ਦਮ ’ਤੇ ਭਾਰਤ ਨੇ ਸ੍ਰੀਲੰਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ’ਚ ਸ਼ੁੱਕਰਵਾਰ ਨੂੰ ਪੰਜ ਵਿਕਟਾਂ ’ਤੇ 260 ਦੌੜਾਂ ਦਾ ਪਹਾੜ ਜਿੱਡਾ ਸਕੋਰ ਬਣਾ ਲਿਆ। ਸ੍ਰੀਲੰਕਾ ਨੇ ਇੱਥੇ ਹੋਲਕਰ ਸਟੇਡੀਅਮ ’ਚ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਰੋਹਿਤ ਸ਼ਰਮਾ ਨੇ ਆਪਣੇ ਤੂਫ਼ਾਨੀ ਸੈਂਕੜੇ ਨਾਲ ਮਹਿਮਾਨ ਟੀਮ ਦੇ ਫ਼ੈਸਲੇ ਨੂੰ ਗ਼ਲਤ ਸਾਬਤ ਕਰ ਦਿੱਤਾ। ਰੋਹਿਤ ਨੇ ਸਿਰਫ਼ 43 ਗੇਂਦਾਂ ’ਤੇ 118 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਨੇ 35 ਗੇਂਦਾਂ ’ਚ 11 ਚੌਕਿਆਂ ਤੇ ਅੱਠ ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। 30 ਸਾਲਾ ਰੋਹਿਤ ਦਾ ਟੀ-20 ਦਾ ਇਹ ਦੂਜਾ ਸੈਂਕੜਾ ਹੈ ਤੇ ਟੀ-20 ਦਾ ਸਭ ਤੋਂ ਵੱਡਾ ਨਿੱਜੀ ਸਕੋਰ ਵੀ ਹੈ। ਉਸ ਨੇ ਲੋਕੇਸ਼ ਰਾਹੁਲ (89) ਨਾਲ ਪਹਿਲੀ ਵਿਕਟ ਲਈ 12.4 ਓਵਰਾਂ ’ਚ 165 ਦੌੜਾਂ ਦੀ ਭਾਈਵਾਲੀ ਵੀ ਕੀਤੀ।
ਰਾਹੁਲ ਨੇ ਟੀ-20 ’ਚ ਆਪਣਾ ਤੀਜਾ ਨੀਮ ਸੈਂਕੜਾ ਪੂਰਾ ਕੀਤਾ। ਉਸ ਨੇ 49 ਗੇਂਦਾਂ ’ਚ ਪੰਜ ਚੌਕਿਆਂ ਤੇ ਅੱਠ ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ। ਵਿਕਟਕੀਪਰ ਧੋਨੀ ਨੇ 21 ਗੇਂਦਾਂ ’ਚ ਦੋ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ।
ਰੋਹਿਤ ਵੱਲੋਂ ਮਿੱਲਰ ਦੇ ਰਿਕਾਰਡ ਦੀ ਬਰਾਬਰੀ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ੍ਰੀਲੰਕਾ ਖ਼ਿਲਾਫ਼ ਅੱਜ ਇੱਥੇ ਸਿਰਫ਼ 35 ਗੇਂਦਾਂ ’ਚ ਸੈਂਕੜਾ ਜੜ ਕੇ ਟੀ-20 ਕੌਮਾਂਤਰੀ ਕ੍ਰਿਕਟ ’ਚ ਦੱਖਣੀ ਅਫਰੀਕਾ ਦੇ ਡੇਵਿਡ ਮਿੱਲਰ ਵੱਲੋਂ ਜੜੇ ਸਭ ਤੋਂ ਤੇਜ਼ ਸੈਂਕੜੇ ਦੀ ਬਰਾਬਰੀ ਕਰ ਲਈ ਹੈ, ਜੋ ਉਸ ਨੇ ਇਸੇ ਸਾਲ ਬੰਗਲਾਦੇਸ਼ ਖ਼ਿਲਾਫ਼ ਬਣਾਇਆ ਸੀ। ਰੋਹਿਤ ਨੇ ਨਾਲ ਹੀ ਪਾਰੀ ਦੌਰਾਨ ਭਾਰਤ ਵੱਲੋਂ ਸਭ ਤੋਂ ਵੱਡਾ ਸਕੋਰ ਤੇ ਪਾਰੀ ’ਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਵੀ ਬਣਾਇਆ ਹੈ। ਇਸੇ ਤਰ੍ਹਾਂ ਕੌਮਾਂਤਰੀ ਕ੍ਰਿਕਟ ’ਚ ਦੋ ਸੈਂਕੜੇ ਜੜਨ ਵਾਲਾ ਵੀ ਰੋਹਿਤ ਪੰਜਵਾਂ ਖਿਡਾਰੀ ਬਣ ਗਿਆ ਹੈ।

 

 

fbbg-image

Latest News
Magazine Archive