ਰਣਜੀ ਟਰਾਫ਼ੀ: ਗੰਭੀਰ ਤੇ ਚੰਦੇਲਾ ਦੇ ਸੈਂਕੜਿਆਂ

ਨਾਲ ਦਿੱਲੀ ਹੋਈ ਮਜ਼ਬੂਤ


ਪੁਣੇ - ਗੌਤਮ ਗੰਭੀਰ ਵੱਲੋਂ ਟਿਕ ਕੇ ਖੇਡੀ ਪਾਰੀ ਅਤੇ ਕੁਣਾਲ ਚੰਦੇਲਾ ਦੇ ਪਰਿਪੱਕ ਸੈਂਕੜੇ ਦੀ ਮੱਦਦ ਨਾਲ ਦਿੱਲੀ ਨੇ ਬੰਗਾਲ ਦੇ ਵਿਰੁੱਧ ਰਣਜੀ ਟਰਾਫੀ ਸੈਮੀ ਫਾਈਨਲ ਦੇ ਦੂਜੇ ਦਿਨ ਅੱਜ ਇੱਥੇ ਤਿੰਨ ਵਿਕਟਾਂ ਉੱਤੇ 271 ਦੌੜਾਂ ਬਣਾ ਕੇ ਖ਼ੁਦ ਨੂੰ ਬਿਹਤਰ ਸਥਿਤੀ ਵਿੱਚ ਕਰ ਲਿਆ ਹੈ। ਬੰਗਾਲ ਨੇ ਆਪਣੀ ਪਹਿਲੀ ਪਾਰੀ ਵਿੱਚ ਕੇਵਲ 286 ਦੌੜਾਂ ਬਣਾਈਆਂ ਸਨ। ਦਿੱਲੀ ਦਾ ਪਹਿਲੀ ਪਾਰੀ ਵਿੱਚ ਲੀਡ ਬਣਾਉਣਾ ਤੈਅ ਹੈ। ਦਿੱਲੀ ਦੀ ਟੀਮ ਅਜੇ ਬੰਗਾਲ ਤੋਂ 15 ਦੌੜਾਂ ਪਿੱਛੇ ਹੈ।
ਗੰਭੀਰ (127) ਨੇ ਆਪਣਾ 42ਵਾਂ ਸੈਂਕੜਾ ਅਤੇ ਆਪਣਾ ਤੀਜਾ ਪਹਿਲੀ ਸ੍ਰੇਣੀ ਮੈਚ ਖੇਡ ਰਹੇ ਚੰਦੇਲਾ (113) ਨੇ ਪਹਿਲਾ ਸੈਂਕੜਾ ਜਮਾਇਆ। ਇਨ੍ਹਾਂ ਦੋਨਾਂ ਨੇ ਪਹਿਲੀ ਵਿਕਟ ਲਈ 232 ਦੌੜਾਂ ਦੀ ਸਾਂਝੇਦਾਰੀ ਕਰਕੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਬੰਗਾਲ ਨੇ ਹਾਲਾਂ ਕਿ ਤੀਜੇ ਸੈਸ਼ਨ ਵਿੱਚ ਚੰਗੀ ਵਾਪਸੀ ਕੀਤੀ ਅਤੇ ਇਸ ਵਿੱਚ ਕੇਵਲ 51 ਦੌੜਾਂ ਦਿੱਤੀਆਂ ਅਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਗੰਭੀਰ ਅਤੇ ਚੰਦੇਲਾ ਨੇ ਬਿਹਤਰੀਨ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ ਅਤੇ ਮੁਹੰਮਦ ਸ਼ਮੀ (83 ਦੌੜਾਂ ਦੇ ਕੇ ਇੱਕ ਵਿਕਟ) ਇਨ੍ਹਾਂ ਦੋਨਾਂ ਉੱਤੇ ਕੋਈ ਪ੍ਰਭਾਵ ਨਹੀ ਛੱਡ ਸਕਿਆ। ਗੰਭੀਰ ਦੀ ਪਾਰੀ ਦੀ ਖਾਸੀਅਤ ਉਸਦਾ ਸਾਕਾਰਤਮਿਕ ਰਵੱਈਆ ਰਿਹਾ। ਉਹ ਦਿੱਲੀ ਦੇ ਲਈ ਅਹਿਮ ਦੌੜਾਂ ਜੁਟਾਉਂਦਾ ਰਿਹਾ। ਦਰਸ਼ਕਾਂ ਨੇ ਉਸਦੇ ਸਕਵੇਅਰ ਕੱਟ, ਪੁਲ ਅਤੇ ਡਰਾਈਵ ਦਾ ਪੂਰਾ ਆਨੰਦ ਮਾਣਿਆ। ਇਹ ਹੀ ਨਹੀ ਸਗੋਂ ਇਸ ਖੱਬੂ ਬੱਲੇਬਾ਼ਜ਼ ਨੇ ਬੇਹੱਦ ਸ਼ਾਂਤ ਰਵਈਆ ਵੀ ਦਿਖਾਇਆ ਜਦੋਂ ਡਿੰਡਾ ਨੇ ਜਾਣਬੁੱਝ ਕੇ ਫਾਲੋਥਰੂ ਵਿੱਚ ਉਸਦੇ ਵੱਲ ਗੇਂਦ ਸੁੱਟੀ ਤਾਂ ਉਹ ਲਾਈਨ ਤੋਂ ਹਟ ਗਿਆ ਅਤੇ ਉਸਨੇ ਕੋਈ ਪ੍ਰਤੀਕਿਰਿਆ ਨਹੀ ਦਿੱਤੀ। ਗੰਭੀਰ ਨੇ ਆਮਿਰ ਗਨੀ ਉੱਤੇ ਕਵਰ ਡਰਾਈਵ ਨਾਲ ਲਗਾਤਾਰ ਦੋ ਚੌਕੇ ਜੜ ਕੇ 122 ਗੇਂਦਾਂ ਉੱਤੇ ਆਪਣਾ ਸੈਂਕੜਾ ਪੂਰਾ ਕੀਤਾ।
ਸੈਂਕੜਾ ਪੂਰਾ ਕਰਨ ਬਾਅਦ ਉਸਨੇ ਨਵੇਂ ਸਿਰੇ ਤੋਂ ਗਾਰਡ ਲਿਆ। ਦੂਜੇ ਪਾਸੇ ਚੰਦੇਲਾ ਨੇ ਅੱਗੇ ਪਿੱਚ ਦੇ ਵੱਲ ਜਾਣ ਵਾਲੀਆਂ ਗੇਂਦਾਂ ਦੀ ਉਡੀਕ ਕੀਤੀ ਜਿਨ੍ਹਾਂ ਉੱਤੇ ਉਸਨੇ ਕੁੱਝ ਦਰਸ਼ਨੀ ਕਵਰ ਡਰਾਈਵ ਲਾਏ। ਗਨੀ ਉੱਤੇ ਉਸਦਾ ਜਮਾਇਆ ਗਿਆ ਛੱਕਾ ਕਮਾਲ ਦਾ ਸੀ। ਬੀ ਅਮਿਤ ਨੇ ਚੰਦੇਲਾ ਨੂੰ ਵਿਕਟ ਦੇ ਪਿੱਛੇ ਕੈਚ ਕਰਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ ਜਦੋਂ ਕਿ ਡਿੰਡਾ ਨੇ ਧਰੁਵ ਛੋਰੇ (12) ਨੂੰ ਦੇਰ ਤਕ ਟਿਕਣ ਨਹੀਂ ਦਿੱਤਾ। ਗੰਭੀਰ ਦੀ ਇਕਾਗਰਤਾ ਆਖ਼ਿਰ ਨੂੰ ਗਨੀ ਨੇ ਭੰਗ ਕੀਤੀ। ਦਿਨ ਦੇ ਆਖ਼ਰੀ ਓਵਰ ਵਿੱਚ ਉਸਨੇ ਵਿਕਟ ਕੀਪਰ ਸ੍ਰੀਵਤਸ ਗੋਸਵਾਮੀ ਹੱਥੋਂ  ਗੰਭੀਰ ਨੂੰ ਕੈਚ ਆਊਟ ਕਰਵਾ ਦਿੱਤਾ। ਉਸਨੇ 216 ਗੇਂਦਾਂ ਦੀ ਪਾਰੀ ਵਿੱਚ 21 ਚੌਕੇ ਲਾਏ। ਸਟੰਪ ਉਖੜਨ ਸਮੇਂ ਨਿਤੀਸ਼ ਰਾਣਾ 11 ਦੌੜਾਂ ਉੱਤੇ ਖੇਡ ਰਿਹਾ ਸੀ। ਇਸ ਤੋਂ ਪਹਿਲਾਂ ਬੰਗਾਲ ਨੇ ਸਵੇਰੇ ਆਪਣੀ ਪਹਿਲੀ ਪਾਰੀ  ਸੱਤ ਵਿਕਟਾਂ ਉੱਤੇ  269 ਦੌੜਾਂ ਤੋਂ ਅੱਗੇ ਵਧਾਈ ਪਰ ਜਲਦੀ ਹੀ ਉਸਨੇ ਬਾਕੀ ਬਚਦੀਆਂ ਤਿੰਨ ਵਿਕਟਾਂ ਗਵਾ ਦਿੱਤੀਆਂ। ਦਿੱਲੀ ਦੀ ਤਰਫੋਂ ਨਵਦੀਪ ਸੈਣੀ ਨੇ ਤਿੰਨ ਜਦੋਂ ਕਿ ਕੁਲਵੰਤ ਖੇਜਰੋਲੀਆ ਅਤੇ ਮਨਨ ਸ਼ਰਮਾ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ।
ਨਾਇਰ ਦੇ ਸੈਂਕੜੇ ਨਾਲ ਕਰਨਾਟਕ 109 ਦੌੜਾਂ ਅੱਗੇ
ਕੋਲਕਾਤਾ - ਭਾਰਤੀ ਟੀਮ ਵਿੱਚ ਵਾਪਸੀ ਲਈ ਯਤਨਸ਼ੀਲ ਕਰੁਣ ਨਾਇਰ (ਨਾਬਾਦ) ਦੇ  ਸੈਂਕੜੇ ਦੀ ਬਦੌਲਤ ਕਰਨਾਟਕ ਨੇ ਰਣਜੀ ਟਰਾਫੀ ਸੈਮੀ ਫਾਈਨਲ ਦੇ ਦੂਜੇ ਦਿਨ ਅੱਜ ਇੱਥੇ ਵਿਦਰਭ ਉੱਤੇ ਪਹਿਲੀ ਪਾਰੀ ਵਿੱਚ ਅਹਿਮ ਲੀਡ ਲੈ ਲਈ। ਨਾਇਰ ਨੇ ਸਵੇਰੇ ਛੇ ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ ਅਤੇ ਉਹ ਹੁਣ ਵੀ 148 ਦੌੜਾਂ ਬਣਾ ਕੇ ਕਰੀਜ਼ ਉੱਤੇ ਟਿਕਿਆ ਹੋਇਆ ਹੈ। ਉਸਨੇ ਕੱਲ੍ਹ ਦੇ ਨਾਬਾਦ ਬੱਲੇਬਾਜ਼ ਸੀਐਮ ਗੌਤਮ( 73 ਦੌੜਾਂ) ਦੇ ਨਾਲ 139 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਕਰਨਾਟਕ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਦੇ ਨਾਲ ਅੱਠ ਵਿਕਟਾਂ ਉੱਤੇ 294 ਦੌੜਾਂ ਬਣਾ ਕੇ 109 ਦੌੜਾਂ ਦੀ ਲੀਡ ਲੈ ਲਈ ਹੈ। ਵਿਦਰਭ ਦੀ ਟੀਮ ਪਹਿਲੀ ਪਾਰੀ ਵਿੱਚ 185 ਦੌੜਾਂ ਉੱਤੇ ਆਉਟ ਹੋ ਗਈ।

 

 

fbbg-image

Latest News
Magazine Archive