ਚੋਣ ਕਮਿਸ਼ਨ ਭਾਜਪਾ ਦੀ ਕਠਪੁਤਲੀ ਬਣਿਆ: ਕਾਂਗਰਸ


ਪ੍ਰਧਾਨ ਮੰਤਰੀ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼;
ਮੁੱਖ ਚੋਣ ਕਮਿਸ਼ਨਰ ਨੂੰ ਮੋਦੀ ਦਾ ਪ੍ਰਮੁੱਖ ਸਕੱਤਰ ਦੱਸਿਆ
ਨਵੀਂ ਦਿੱਲੀ - ਕਾਂਗਰਸ ਨੇ ਅੱਜ ਚੋਣ ਕਮਿਸ਼ਨ ਉਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ਭਾਜਪਾ ਦੀ ‘ਕਠਪੁਤਲੀ’ ਵਜੋਂ ਕੰਮ ਕਰ ਰਿਹਾ ਹੈ ਅਤੇ ਗੁਜਰਾਤ ਵਿੱਚ ਰੋਡ ਸ਼ੋਅ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕ ਰਿਹਾ।
ਮੁੱਖ ਚੋਣ ਕਮਿਸ਼ਨਰ ਏ.ਕੇ. ਜੋਤੀ ਨੂੰ ਵੀ ਨਾ ਬਖ਼ਸ਼ਦਿਆਂ ਕਾਂਗਰਸ ਨੇ ਦੋਸ਼ ਲਾਇਆ ਕਿ ਉਹ ਮੋਦੀ ਦੇ ਪ੍ਰਮੁੱਖ ਸਕੱਤਰ ਵਾਂਗ ਵਿਹਾਰ ਕਰ ਰਹੇ ਹਨ। ਪਾਰਟੀ ਨੇ ਕਿਹਾ ਕਿ ਸਰਕਾਰ ਸਾਹਮਣੇ ਚੋਣ ਕਮਿਸ਼ਨ ਨੱਕ ਰਗੜ ਰਿਹਾ ਹੈ। ਇੱਥੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਜਰਾਤ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਅਸ਼ੋਕ ਗਹਿਲੋਤ ਅਤੇ ਸੰਚਾਰ ਬਾਰੇ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਗੁਜਰਾਤ ਵਿੱਚ ਹਾਰ ਦਾ ਸਾਹਮਣਾ ਕਰ ਰਹੇ ਨਿਰਾਸ਼ ਪ੍ਰਧਾਨ ਮੰਤਰੀ ਨੇ ਭਾਜਪਾ ਦੇ ਝੰਡਿਆਂ ਨਾਲ ਰੋਡ ਸ਼ੋਅ ਕੀਤਾ ਅਤੇ ਸੰਵਿਧਾਨ ਤੇ ਚੋਣ ਜ਼ਾਬਤੇ ਨੂੰ ਛਿੱਕੇ ਟੰਗ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਭਾਜਪਾ ਦੇ ਹਥਠੋਕੇ ਵਾਂਗ ਕੰਮ ਕਰ ਰਿਹਾ ਹੈ ਅਤੇ ਮੋਦੀ ਖ਼ਿਲਾਫ਼ ਕਦਮ ਨਾ ਚੁੱਕ ਕੇ ਉਸ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਛੱਡ ਦਿੱਤੀ ਹੈ।
ਕਾਂਗਰਸ ਆਗੂਆਂ ਨੇ ਕਿਹਾ ਕਿ ਗੁਜਰਾਤ ਚੋਣਾਂ ਵਿੱਚ ਨਿਰਪੱਖਤਾ ਬਰਕਰਾਰ ਨਾ ਰੱਖਣ ਕਾਰਨ ਚੋਣ ਕਮਿਸ਼ਨ ਨੂੰ ਆਪਣੇ ਉਤੇ ਸ਼ਰਮ ਆਉਣੀ ਚਾਹੀਦੀ ਹੈ। ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੰਵਿਧਾਨ ਦੀ ਨਿਰਾਦਰੀ ਕੀਤੀ ਹੈ। ਬਦਕਿਸਮਤੀ ਨਾਲ ਮੁੱਖ ਚੋਣ ਕਮਿਸ਼ਨਰ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸ਼ਿਕਾਇਤ ਉਤੇ ਕਮਿਸ਼ਨ 30 ਮਿੰਟ ਵਿੱਚ ਖ਼ਬਰ ਚੈਨਲਾਂ ਤੇ ਅਖ਼ਬਾਰਾਂ ਖ਼ਿਲਾਫ਼ ਐਫਆਈਆਰ ਦਰਜ ਕਰ ਸਕਦਾ ਹੈ ਪਰ ਪ੍ਰਧਾਨ ਮੰਤਰੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਮੰਤਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦਾ।
ਇਸ ਦੌਰਾਨ ਐਨਸੀਪੀ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਰਜੇਡੀ, ਨੈਸ਼ਨਲ  ਕਾਨਫਰੰਸ ਅਤੇ ਖੱਬੀਆਂ ਪਾਰਟੀਆਂ ਸਣੇ ਹੋਰ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਉਤੇ  ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਦਾ ਦੋਸ਼ ਲਾਇਆ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਸੰਸਦ  ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਅੱਜ ਇੱਥੇ ਮੁਲਾਕਾਤ ਕੀਤੀ ਅਤੇ ਸੰਸਦ ਵਿੱਚ ਚੁੱਕੇ  ਜਾਣ ਵਾਲੇ ਕਈ ਮਸਲੇ ਵਿਚਾਰੇ।
ਭਾਜਪਾ ਦੇ ਵਫ਼ਦ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ
ਨਵੀਂ ਦਿੱਲੀ - ਚੋਣ  ਕਮਿਸ਼ਨ ਉਤੇ ਹਮਲਾ ਬੋਲਣ ਵਾਲੀ ਕਾਂਗਰਸ ਨੂੰ ਭਾਜਪਾ ਨੇ ਕਰੜੇ ਹੱਥੀਂ ਲਿਆ ਅਤੇ ਕਿਹਾ  ਕਿ ਇਹ ਵਿਰੋਧੀ ਪਾਰਟੀ ਗੁਜਰਾਤ ਚੋਣਾਂ ਵਿੱਚ ਆਪਣੀ ਨੇੜੇ ਆ ਰਹੀ ਹਾਰ ਤੋਂ ਪਹਿਲਾਂ  ਬਹਾਨੇ ਲੱਭ ਰਹੀ ਹੈ। ਨਿਰਮਲਾ ਸੀਤਾਰਮਨ, ਰਵੀ ਸ਼ੰਕਰ, ਮੁਖਤਾਰ ਅੱਬਾਸ ਤੇ ਹੋਰ ਕੈਬਨਿਟ  ਮੰਤਰੀਆਂ ਦੀ ਸ਼ਮੂਲੀਅਤ ਵਾਲੇ ਪਾਰਟੀ ਵਫ਼ਦ ਨੇ ਅੱਜ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਅਤੇ  ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਤੇ ਹੋਰ ਆਗੂਆਂ ਉਤੇ ਲਾਏ ਦੋਸ਼ ਰੱਦ ਕੀਤੇ।
 

 

Latest News
Magazine Archive