ਐਸ਼ੇਜ਼ ਲੜੀ: ਮਲਾਨ ਅਤੇ ਬੇਅਰਸਟਾ ਨੇ ਪਹਿਲਾ

ਦਿਨ ਕੀਤਾ ਇੰਗਲੈਂਡ ਦੇ ਨਾਂ


ਪਰਥ - ਮੱਧਕਰਮ ਦੇ ਬੱਲੇਬਾਜ਼ ਡੇਵਿਡ ਮਲਾਨ ਦੇ ਕਰੀਅਰ ਦੇ ਪਹਿਲੇ ਸੈਂਕੜੇ ਅਤੇ ਜੌਹਰੀ ਬੇਅਰਸਟਾ ਦੇ ਨਾਲ ਕੀਤੀ ਉਸ ਦੀ 174 ਦੌੜਾਂ ਦੀ ਕਮਾਲ ਦੀ ਸਾਂਝੇਦਾਰੀ ਸਦਕਾ ਇੰਗਲੈਂਡ ਨੇ ਸ਼ੁਰੂਆਤੀ ਝਟਕਿਆਂ ਵਿੱਚੋਂ ਉਭਰ ਕੇ ਆਸਟਰੇਲੀਆ ਦੇ ਵਿਰੁੱਧ ਐਸ਼ੇਜ਼ ਲੜੀ ਦੇ ਤੀਜੇ ਟੈਸਟ ਕਿ੍ਕਟ ਮੈਚ ਦੇ ਪਹਿਲੇ ਦਿਨ ਅੱਜ ਇੱਥੇ ਚਾਰ ਵਿਕਟਾਂ ’ਤੇ 305 ਦੌੜਾਂ ਬਣਾਈਆਂ। ਖੱਬੂ ਬੱਲੇਬਾਜ਼ ਮਲਾਨ ਅਜੇ 110 ਦੌੜਾਂ ਬਣਾ ਕੇ ਖੇਡ ਰਿਹਾ ਹੈ ਜਦੋਂ ਕਿ ਬੇਅਰਸਟਾ ਨੇ 75 ਦੌੜਾਂ ਬਣਾਈਆਂ ਹਨ। ਇਨ੍ਹਾਂ ਦੋਨਾਂ ਨੇ ਇਹ ਜਿੰਮੇਵਾਰੀ ਉਦੋਂ ਸੰਭਾਲੀ ਜਦੋਂ ਪਹਿਲਾਂ ਬੱਲੇਬਾਜ਼ੀ ਦੇ ਲਈ ਉੱਤਰਿਆ ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਮਾਰਕ ਸਟੋਨਮੈਨ (56) ਦੇ ਅਰਧ ਸੈਂਕੜੇ ਦੇ ਬਾਵਜੂਦ ਚੋਟੀ ਦੇ ਚਾਰ ਵਿਕਟ 131 ਦੌੜਾਂ ਉੱਤੇ ਗਵਾ ਕੇ ਸੰਘਰਸ਼ ਕਰ ਰਿਹਾ ਸੀ।
ਮਲਾਨ ਨੇ ਵਾਕਾ ਦੀ ਤੇਜ਼ ਗੇਂਦਬਾਜ਼ੀ ਦੇ ਲਈ ਢੁਕਵੀਂ ਪਿੱਚ ਉੱਤੇ ਆਸਟਰੇਲੀਆ ਦੀ ਤੇਜ਼ ਗੇਂਦਬਾਜ਼ੀ ਦੀ ਤ੍ਰਿਮੂਰਤੀ ਮਿਸ਼ੇਲ ਸਟਾਰਕ, ਜੋਸ਼ ਹੇਜਲਵੁੱਡ ਅਤੇ ਪੈਟ ਕਮਿਨਸ ਦਾ ਡਟ ਕੇ ਸਾਹਮਣਾ ਕੀਤਾ। ਇਸ ਤੀਹ ਸਾਲਾ ਗੇਂਦਬਾਜ਼ ਨੇ ਹੁਣ ਤਕ ਆਪਣੀ ਪਾਰੀ ਵਿੱੱਚ 174 ਗੇਂਦਾਂ ਦਾ ਸਾਹਮਣਾ ਕਰਦਿਆਂ 15 ਚੌਕੇ ਅਤੇ ਇੱਕ ਛੱਕਾ ਮਾਰਿਆ।
ਇੰਗਲੈਂਡ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਪਹਿਲੇ ਦੋ ਸੈਸ਼ਨਾਂ ਵਿੱਚ ਦੋ- ਦੋ ਵਿਕਟਾਂ ਗਵਾਈਆਂ ਪਰ ਮਲਾਨ ਬੇਅਰਸਟਾ ਨੇ ਆਖ਼ਰੀ ਸੈਸ਼ਨ ਵਿੱਚ ਆਸਟਰੇਲੀਆ ਨੂੰ ਸਫਲਤਾ ਤੋਂ ਵਾਂਝਾਂ ਰੱਖਿਆ ਅਤੇ ਪਹਿਲਾ ਦਿਨ ਇੰਗਲੈਂਡ ਦੇ ਨਾਂ ਕਰ ਦਿੱਤਾ। ਸਵੇਰੇ ਰੂਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਇਸ ਦੌਰਾਨ ਆਪਣਾ 150 ਵਾਂ ਟੈਸਟ ਖੇਡ ਰਿਹਾ ਐਲਿਸਟੇਅਰ ਕੁੱਕ ਲੈਅ ਵਿੱਚ ਨਹੀਂ ਆਇਆ। ਉਹ ਕੇਵਲ ਸੱਤ ਦੌੜਾਂ ਬਣਾ ਸਕਿਆ। ਉਹ ਖੱਬੂ ਗੇਂਦਬਾਜ਼ ਸਟਾਰਕ ਦੀ ਗੇਂਦ ਉੱਤੇ ਟੰਗ ਅੜਿੱਕਾ ਹੋ ਕੇ ਆਊਟ ਹੋ ਗਿਆ। ਸਟੋਨਮੈਨ ਅਤੇ ਜੇਮਜ਼ ਵਿਨਸੇ (25) ਨੇ ਹਮਲਾਵਰ ਰੁਖ਼ ਅਪਣਾਇਆ ਅਤੇ ਦੂਜੀ ਵਿਕਟ ਲਈ 63 ਦੌੜਾਂ ਜੋੜੀਆਂ। ਲੰਚ ਤੋਂ ਇੱਕ ਓਵਰ ਪਹਿਲਾਂ ਹੇਜਲਵੁੱਡ ਨੇ ਵਿਨਸੇ ਨੂੰ ਵਿਕਟ ਦੇ ਪਿੱਛੇ ਕੈਚ ਆਊਟ ਕਰਵਾ ਦਿੱਤਾ। ਇੰਗਲੈਂਡ ਨੇ ਦੂਜੇ ਸੈਸ਼ਨ ਵਿੱਚ ਰੂਟ (20) ਦਾ ਵਿਕਟ ਗਵਾਇਆ। ਪੰਜ ਟੈਸਟ ਮੈਚਾਂ ਦੀ ਇਸ ਲੜੀ ਵਿੱਚ 2 -0 ਨਾਲ ਅੱਗੇ ਚੱਲ ਰਹੇ ਆਸਟਰੇਲੀਆ ਨੇ ਆਪਣੀ ਟੀਮ ਵਿੱਚ ਇੱਕ ਬਦਲਾਅ ਕਰਕੇ ਪੀਟਰ ਹੈਂਡਜ਼ਕੰਬ੍ਹ  ਦੀ ਥਾਂ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਆਖ਼ਰੀ ਗਿਆਰਾਂ ਖਿਡਾਰੀਆਂ ਵਿੱਚ ਸ਼ਾਮਲ ਕੀਤਾ ਹੈ।   

 

Latest News
Magazine Archive