ਹਾਈ ਕੋਰਟ ਦੇ ਦਖ਼ਲ ਮਗਰੋਂ ਅਕਾਲੀ ਦਲ ਨੇ ਚੁੱਕੇ ਧਰਨੇ


ਚੰਡੀਗੜ੍ਹ/ਬਠਿੰਡਾ - ਮਿਉਂਸਿਪਲ ਚੋਣਾਂ ’ਚ ਸੱਤਾਧਾਰੀ ਧਿਰ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਕਾਰਨ ਆਮ ਜਨ ਜੀਵਨ 24 ਘੰਟਿਆਂ ਤੋਂ ਵੱਧ ਸਮਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਰ ਸ਼ਾਮ ਧਰਨੇ ਚੁੱਕਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਫਿਰੋਜ਼ਪੁਰ ਪੁਲੀਸ ਨੇ ਅੱਜ ਰਾਤ ਕਰੀਬ ਪੌਣੇ 10 ਵਜੇ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਮੁਕਤਸਰ ਤੋਂ ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਸਮੇਤ ਦਰਜਨਾਂ ਖ਼ਿਲਾਫ਼ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ’ਤੇ ਧਰਨਾ ਮਾਰ ਕੇ ਆਵਾਜਾਈ ਰੋਕਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਮੱਖੂ ਵਿੱਚ ਇਨ੍ਹਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਤੇਜਿੰਦਰ ਮਿੱਡੂ ਖੇੜਾ, ਅਕਾਲੀ ਨੇਤਾ ਵਰਦੇਵ ਸਿੰਘ ਮਾਨ, ਮਿੰਨਾ ਪੁੱਤਰ ਹਰੀ ਸਿੰਘ ਜ਼ੀਰਾ ਆਦਿ ’ਤੇ ਧਾਰਾ 431, 341, 283 ਆਈਪੀਸੀ, 8 ਬੀ ਨੈਸ਼ਨਲ ਹਾਈਵੇਅ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਬਠਿੰਡਾ ਜ਼ਿਲ੍ਹੇ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ ਆਦਿ ਖਿਲਾਫ਼ ਵੀ ਦੇਰ ਸ਼ਾਮ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਥੇ ਵਰਨਣਯੋਗ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੀ ਮੱਲਾਂਵਾਲਾ ਨਗਰ ਪੰਚਾਇਤ ਦੀ ਚੋਣ ਲਈ ਨਾਮਜ਼ਦਗੀਆਂ ਵਾਲੇ ਦਿਨ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਹੋਇਆ ਟਕਰਾਅ ਗੰਭੀਰ ਰੂਪ ਧਾਰਨ ਕਰ ਗਿਆ ਸੀ। ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਤਲੁਜ ਦਰਿਆ ’ਤੇ ਹਰੀਕੇ ਹੈੱਡਵਰਕਸ ਅਤੇ ਬਿਆਸ ਦਰਿਆ ’ਤੇ ਬਿਆਸ ਕਸਬੇ ਨੇੜੇ ਪੁਲ ਉਤੇ ਧਰਨੇ ਮਾਰ ਦਿੱਤੇ ਸਨ। 24 ਘੰਟਿਆਂ ਤੋਂ ਵੀ ਵੱਧ ਸਮਾਂ ਧਰਨੇ ਲਾਏ ਜਾਣ ਕਾਰਨ ਮਾਲਵੇ ਤੇ ਦੋਆਬੇ ਦਾ ਮਾਝੇ ਨਾਲ ਇੱਕ ਤਰ੍ਹਾਂ ਸੰਪਰਕ ਟੁੱਟਿਆ ਰਿਹਾ। ਜਾਣਕਾਰੀ ਮੁਤਾਬਕ ਅਕਾਲੀ ਆਗੂਆਂ ਨੇ ਬਠਿੰਡਾ-ਚੰਡੀਗੜ੍ਹ, ਚੰਡੀਗੜ੍ਹ- ਲੁਧਿਆਣਾ, ਲੁਧਿਆਣਾ-ਦਿੱਲੀ ਅਤੇ ਹੋਰ ਕਈ ਸੜਕਾਂ ’ਤੇ ਆਵਾਜਾਈ ਰੋਕੀ। ਰਿਪੋਰਟਾਂ ਮੁਤਾਬਕ ਸੰਗਰੂਰ, ਬਠਿੰਡਾ,
ਮੁਹਾਲੀ, ਜਲੰਧਰ, ਲੁਧਿਆਣਾ, ਕਪੂਰਥਲਾ, ਤਰਨ ਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ, ਨਵਾਂ ਸ਼ਹਿਰ, ਬਰਨਾਲਾ ਆਦਿ ਜ਼ਿਲ੍ਹਿਆਂ ਵਿੱਚ ਦੋ ਦਰਜਨ ਤੋਂ ਵੱਧ ਥਾਵਾਂ ’ਤੇ ਸੜਕੀ ਆਵਾਜਾਈ ਰੋਕ ਕੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਖ਼ਲ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪੁਲੀਸ ਵੱਲੋਂ ਦਰਜ ਕੇਸਾਂ ਦੀ ਪੜਤਾਲ ਕਰਾਈਮ ਵਿੰਗ ਨੂੰ ਦੇਣ ਬਾਅਦ ਅਕਾਲੀ ਦਲ ਦੇ ਪ੍ਰਧਾਨ ਨੇ ਧਰਨੇ ਚੁੱਕਣ ਦਾ ਐਲਾਨ ਕੀਤਾ। ਵਿਧਾਨ ਸਭਾ ਚੋਣਾਂ ’ਚ ਨਮੋਸ਼ੀ ਭਰੀ ਹਾਰ ਬਾਅਦ ਅਕਾਲੀ ਦਲ ਨੇ ਕੈਪਟਨ ਸਰਕਾਰ ਵਿਰੁੱਧ ਮਿਉਂਸਿਪਲ ਚੋਣਾਂ ਦੀ ਆੜ ਹੇਠ ਵਰਕਰਾਂ ਦੀ ਲਾਮਬੰਦੀ ਆਰੰਭ ਦਿੱਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਇਸ ਦੀ ਅਗਵਾਈ ਕਰ ਰਹੇ ਹਨ।
ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਦੋਸ਼ਾਂ ਕਾਰਨ ਵਿਰੋਧੀ ਪਾਰਟੀ ਦੇ ਨਿਸ਼ਾਨੇ ’ਤੇ ਮੁੱਖ ਤੌਰ ’ਤੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਹੀ ਆਇਆ ਹੈ ਹਾਕਮ ਪਾਰਟੀ ਦੇ ਕਿਸੇ ਹੋਰ ਨੇਤਾ ਨੂੰ ਅਕਾਲੀਆਂ ਨੇ ਅਜੇ ਤਾਈਂ ਨਿਸ਼ਾਨਾ ਨਹੀਂ ਬਣਾਇਆ ਹੈ। ਸੁਖਬੀਰ ਬਾਦਲ ਸਮੇਤ ਪਾਰਟੀ ਦੇ ਹੋਰ ਆਗੂਆਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਵਿਰੋਧੀਆਂ ਅਤੇ ਕਾਂਗਰਸੀ ਨੇਤਾਵਾਂ ਵਿੱਚ ਭਰਵੀਂ ਚਰਚਾ ਹੈ। ਸਿਆਸੀ ਹਲਕਿਆਂ ਅੰਦਰ ਬਾਦਲਾਂ ਅਤੇ ਅਮਰਿੰਦਰ ਸਿੰਘ ਦਰਮਿਆਨ ‘ਗੁਪਤ ਸਮਝੌਤੇ’ ਦੀ ਚਰਚਾ ਅਕਸਰ ਚਲਦੀ ਰਹਿੰਦੀ ਹੈ।
ਪੁਲੀਸ ਰਿਪੋਰਟਾਂ ਮੁਤਾਬਕ ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਘੰਟਿਆਂਬੱਧੀ ਜਾਮ ’ਚ ਫਸੇ ਰਹੇ। ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਅੰਦੋਲਨ ਦੇ ਮੱਦੇਨਜ਼ਰ ਚੋਣਾਂ ਵਾਲੇ ਖੇਤਰਾਂ ਨਾਲ ਸਬੰਧਤ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਹਾਸਲ ਕੀਤੀ ਹੈ। ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮੱਲਾਂਵਾਲਾ ਵਿੱਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ ਇੱਕ ਦਿਨ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਪਰ ਚੋਣ ਕਮਿਸ਼ਨ ਵੱਲੋਂ ਇੱਕ ਦਿਨ ਦਾ ਵਾਧੂ ਸਮਾਂ ਦਿੱਤੇ ਜਾਣ ਬਾਅਦ ਵੀ ਮੱਲਾਂਵਾਲਾ ਨਗਰ ਪੰਚਾਇਤ ਲਈ ਅੱਜ ਕਿਸੇ ਵੀ ਅਕਾਲੀ ਉਮੀਦਵਾਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ।
ਚਾਰ ਨਗਰ ਪੰਚਾਇਤਾਂ ਦੀਆਂ ਚੋਣਾਂ ਰੱਦ ਕਰਨ ਦੀ ਮੰਗ
ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਸੂਬਾਈ ਚੋਣ ਕਮਿਸ਼ਨ (ਐਸਈਸੀ) ਨੂੰ ਮੰਗ ਪੱਤਰ ਦੇ ਕੇ ਚਾਰ ਨਗਰ ਪੰਚਾਇਤਾਂ ਮੱਲਾਂਵਾਲਾ, ਬਾਘਾਪੁਰਾਣਾ, ਮੱਖੂ ਅਤੇ ਘਨੌਰ ਦੀਆਂ ਚੋਣਾਂ ਰੱਦ ਨਾ ਕਰਨ ਦੇ ਫੈਸਲੇ ਉੱਤੇ ਮੁੜ-ਗ਼ੌਰ ਕਰਨ ਲਈ ਕਿਹਾ ਹੈ। ਅਕਾਲੀ ਦਲ ਨੇ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕਰਨ ਦਿੱਤੇ ਗਏ। ਉਨ੍ਹਾਂ ਚੋਣ ਕਮਿਸ਼ਨ ਨੂੰ ਕਿਹਾ ਕਿ ਮੱਲਾਂਵਾਲਾ ’ਚ ਨਾਮਜ਼ਦਗੀ ਦਾਖ਼ਲ ਕਰਨ ਦੀ ਮਿਆਦ ’ਚ ਕੀਤਾ ਵਾਧਾ ਬਹੁਤ ਥੋੜ੍ਹਾ ਤੇ ਬਹੁਤ ਦੇਰ ਨਾਲ ਕੀਤਾ ਗਿਆ ਹੈ। ਡਾ.ਦਲਜੀਤ ਸਿੰਘ ਚੀਮਾ ਦੀ ਅਗਵਾਈ ਵਾਲੇ ਵਫ਼ਦ ਨੇ ਸਿਵਲ ਤੇ ਪੁਲੀਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅਕਾਲੀ ਆਗੂਆਂ ਖ਼ਿਲਾਫ਼ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਚੋਣ ਪ੍ਰਕਿਰਿਆ ’ਚ ਵਿਘਨ ਪਾਉਣ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਮੰਗਾਂ ਮੰਨੇ ਜਾਣ ਬਾਅਦ ਹੀ ਧਰਨੇ ਚੁੱਕੇ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਰਾਹੀਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਬਾਅਦ ਹੀ ਧਰਨੇ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੱਲਾਂਵਾਲਾ ਘਟਨਾ ਦੇ ਮਾਮਲੇ ਵਿੱਚ 12 ਅਕਾਲੀ ਆਗੂਆਂ ਅਤੇ 90 ਵਰਕਰਾਂ ਖ਼ਿਲਾਫ਼ ਦਰਜ ਕੇਸ ਵਿੱਚੋਂ ਧਾਰਾ 307 ਹਟਾਉਣ ਤੋਂ ਇਲਾਵਾ ਕਾਂਗਰਸੀ ਵਰਕਰਾਂ ਖ਼ਿਲਾਫ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚੋਂ 5 ਜਣੇ ਗ੍ਰਿਫ਼ਤਾਰ ਕਰ ਲਏ ਹਨ। ਉਨ੍ਹਾਂ ਕਿਹਾ ਕਿ ਜ਼ੀਰਾ ਦੇ ਐਸਐਚਓ ਅਤੇ ਡੀਐਸਪੀ ਦੀ ਬਦਲੀ ਕਰ ਦਿੱਤੀ ਗਈ ਹੈ ਤੇ ਸਮੁੱਚੀ ਘਟਨਾ ਦੀ ਜਾਂਚ ਹੁਣ ਏਡੀਜੀਪੀ (ਅਪਰਾਧ) ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨੇ ਧਰਨਿਆਂ ਕਾਰਨ ਆਮ ਲੋਕਾਂ ਨੂੰ ਆਈ ਮੁਸ਼ਕਲ ਲਈ ਮੁਆਫ਼ੀ ਮੰਗੀ ਹੈ।

 

 

fbbg-image

Latest News
Magazine Archive