ਕੈਬਨਿਟ ਦਾ ਵਿਸਥਾਰ ਨਿਗਮ ਚੋਣਾਂ ਮਗਰੋਂ: ਕੈਪਟਨ


ਅੰਮ੍ਰਿਤਸਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਉਪ ਮੁੱਖ ਮੰਤਰੀ ਦੀ ਨਿਯੁਕਤੀ ਦੀ ਯੋਜਨਾ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਨਗਰ ਨਿਗਮ ਚੋਣਾਂ ਅਤੇ ਗੁਜਰਾਤ ਚੋਣਾਂ ਦੇ ਨਤੀਜੇ ਆਉਣ ਤੋਂ ਫ਼ੌਰੀ ਬਾਅਦ ਕੀਤਾ ਜਾਵੇਗਾ। ਮੁੱਖ ਮੰਤਰੀ ਅੱਜ ਇਥੇ ਨਿਗਮ ਚੋਣਾਂ ਦੌਰਾਨ ਸੂਬੇ ਦੇ ਸ਼ਹਿਰੀ ਵਿਕਾਸ ਲਈ ਕਾਂਗਰਸ ਦਾ ‘ਵਿਜ਼ਨ ਪੱਤਰ’ ਜਾਰੀ ਕਰਨ ਲਈ ਪੁੱਜੇ ਸਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਤਾਂ ਪੰਜਾਬ ਵਜ਼ਾਰਤ ਦਾ ਵਿਸਥਾਰ ਹੋਰ ਵੀ ਪਹਿਲਾਂ ਕਰਨਾ ਚਾਹੁੰਦੇ ਹਨ, ਪਰ ਚੋਣ ਜ਼ਾਬਤੇ ਕਰਕੇ ਇਹ ਵਿਸਥਾਰ 17 ਦਸੰਬਰ ਨੂੰ ਨਿਗਮ ਚੋਣਾਂ ਅਤੇ 18 ਦਸੰਬਰ ਨੂੰ ਗੁਜਰਾਤ ਚੋਣਾਂ ਦੇ ਨਤੀਜੇ ਮਗਰੋਂ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਦੀ ਨਿਯੁਕਤੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਕੋਈ ਰਵਾਇਤ ਨਹੀਂ ਹੈ। ਗੁਜਰਾਤ ਚੋਣਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ  ਕਾਂਗਰਸ, ਭਾਜਪਾ ਨੂੰ ਸਖ਼ਤ ਮੁਕਾਬਲਾ ਦੇ ਰਹੀ ਹੈ ਅਤੇ ਵੋਟਰਾਂ ਦੀ ਚੁੱਪੀ ਕਿਸੇ ਵੱਡੇ ਬਦਲਾਅ ਦਾ ਸੰਕੇਤ ਹੈ। ਉਨ੍ਹਾਂ ਆਸ ਜਤਾਈ ਕਿ ਗੁਜਰਾਤ ਚੋਣਾਂ ਵਿੱਚ ਕਾਂਗਰਸ ਦਾ ਹੱਥ ਉਪਰ ਰਹੇਗਾ। ਗੁਜਰਾਤ ਵਿੱਚ ਚੋਣ ਪ੍ਰਚਾਰ ਲਈ ਨਾ ਜਾਣ ਬਾਰੇ ਕੈਪਟਨ ਨੇ ਕਿਹਾ ਕਿ ਉਥੇ ਸਮੁੰਦਰੀ ਤੂਫਾਨ ਦੀ ਚੇਤਾਵਨੀ ਕਰਕੇ ਦੌਰਾ ਰੱਦ ਕੀਤਾ ਹੈ।
ਸੂਬੇ ਵਿਚ ਆਈਐਸਆਈ ਵੱਲੋਂ ਅਮਨ ਤੇ ਸ਼ਾਂਤੀ ਭੰਗ ਕਰਨ ਦੀਆਂ ਸਾਜ਼ਿਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਆਈਐਸਆਈ ਦੇ ਇਸ਼ਾਰੇ ’ਤੇ ਕੈਨੇਡਾ, ਅਮਰੀਕਾ, ਯੂਕੇ ਅਤੇ ਜਰਮਨੀ ਸਮੇਤ ਹੋਰ ਮੁਲਕਾਂ ਤੋਂ ਕੁਝ ਤਾਕਤਾਂ ਕੰਮ ਕਰ ਰਹੀਆਂ ਹਨ। ਹਾਲੀਆ ਗ੍ਰਿਫ਼ਤਾਰੀਆਂ ਤੋਂ ਤਸਵੀਰ ਹੋਰ ਸਾਫ਼ ਹੋ ਗਈ ਹੈ। ਕੈਪਟਨ ਨੇ ਕਿਹਾ ਕਿ ਉਹ ਗੁਰਦੁਆਰਿਆਂ ਨੂੰ ਜੀਐਸਟੀ ਤੋਂ ਮੁਕਤ ਰੱਖਣ ਦੇ ਹਾਮੀ ਹਨ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕਾਂ ਸਮੇਤ ਹੋਰ ਆਗੂ ਹਾਜ਼ਰ ਸਨ।

 

 

fbbg-image

Latest News
Magazine Archive