ਵਿਸ਼ਵ ਹਾਕੀ ਲੀਗ: ਅਰਜਨਟੀਨਾ ਸੈਮੀ ਫਾਈਨਲ ’ਚ


ਭੁਵਨੇਸ਼ਵਰ - ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ ਇੱਕ ਟੀਮ ਅਰਜਨਟੀਨਾ ਨੇ ਸ਼ਾਨਦਾਰ ਹਾਕੀ ਦਾ ਮੁਜ਼ਾਹਰਾ ਕਰਦਿਆਂ ਐੱਫਆਈਐੱਚ ਵਰਲਡ ਲੀਗ ਫਾਈਨਲਜ਼ ਦੇ ਤੀਜੇ ਕੁਆਰਟਰ ਫਾਈਨਲ ਵਿੱਚ ਇੰਗਲੈਂਡ ਨੂੰ 3- 2 ਗੋਲਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਸੈਮੀਫਾਈਨਲ ਵਿੱਚ ਅਰਜਨਟੀਨਾ ਦੀ ਟੱਕਰ ਭਾਰਤ ਨਾਲ ਹੋਵੇਗੀ।
ਅਰਜਨਟੀਨਾ ਨੂੰ ਗਰੁੱਪ ਗੇੜ ਦੇ ਤਿੰਨ ਮੈਚਾਂ ਵਿੱਚੋਂ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਅੱਜ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀ ਫਾਈਨਲਜ਼ ਵਿੱਚ ਆਪਣੀ ਥਾਂ ਪੱਕੀ ਕਰ ਲਈ। ਅਰਜਨਟੀਨਾ ਟੂਰਨਾਮੈਂਟ  ਦੇ ਸੈਮੀਜ਼ ਵਿੱਚ ਪੁੱਜਣ ਵਾਲੀ ਤੀਜੀ ਟੀਮ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਸਟਰੇਲੀਆ ਅਤੇ ਭਾਰਤ ਪਹਿਲਾਂ ਹੀ ਸੈਮੀ ਫਾਈਨਲ ਵਿੱਚ ਪੁੱਜ ਚੁੱਕੇ ਹਨ।
ਇੱਥੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਪਹਿਲਾ ਕੁਆਰਟਰ ਗੋਲ ਰਹਿਤ ਰਿਹਾ ਅਤੇ ਬਾਅਦ ਵਿੱਚ ਅਰਜਨਟੀਨਾ ਨੇ ਦੂਜੇ ਕੁਆਰਟਰ ਵਿੱਚ 21ਵੇਂ ਮਿੰਟ ਵਿੱਚ ਲੁਕਾਸ ਵਿਲਾ ਦੇ ਮੈਦਾਨੀ ਗੋਲ ਨਾਲ 1-0 ਦੀ ਲੀਡ ਲੈ ਲਈ। ਮੈਟਰੀਅਸ ਪੈਰੇਡਿਜ਼ ਨੇ 29ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਅਰਜਨਟੀਨਾ ਨੂੰ 2- 0 ਦੀ ਲੀਡ ਦਿਵਾ ਦਿੱਤੀ।
ਇੰਗਲੈਂਡ ਨੇ 29ਵੇਂ ਮਿੰਟ ਵਿੱਚ ਡੇਵਿਡ ਕੋਂਡਨ ਦੇ ਮੈਦਾਨੀ ਗੋਲ ਦੀ ਮੱਦਦ ਨਾਲ ਸਕੋਰ 1 – 2 ਕਰ ਦਿੱਤਾ ਪਰ ਅਰਜਨਟੀਨਾ ਨੇ 34ਵੇਂ ਮਿੰਟ ਵਿੱਚ ਜੁਆਨ ਗਿਲਾਰਡੀ ਨੇ ਪੈਨਲਟੀ ਕਾਰਨਰ ਤੋਂ ਦਾਗੇ ਗੋਲ ਦੀ ਬਦੌਲਤ ਆਪਣੀ ਲੀਡ 3-1 ਕਰ ਲਈ। ਇੰਗਲੈਂਡ ਨੇ 60ਵੇਂ ਮਿੰਟ ਵਿੱਚ ਐਡਮ ਡਿਕਸਨ ਦੇ ਮੈਦਾਨੀ ਗੋਲ ਦੀ ਮੱਦਦ ਨਾਲ ਸਕੋਰ 2-3 ਜ਼ਰੂਰ ਕੀਤਾ ਪਰ ਉਹ ਅਰਜਨਟੀਨਾ ਨੂੰ 3-2 ਨਾਲ ਮੈਚ ਜਿੱਤਣ ਤੋਂ ਨਹੀਂ ਰੋਕ ਸਕੇ। ਹੁਣ ਭਲਕੇ ਅਰਜਨਟਟੀਨਾ ਫਾਈਨਲ ਵਿੱਚ ਪੁੱਜਣ ਲਈ ਭਾਰਤ ਨਾਲ ਟੱਕਰ ਲਵੇਗਾ।

 

 

fbbg-image

Latest News
Magazine Archive