ਕਾਂਗਰਸ ਤੇ ਭਾਜਪਾ ਵੱਲੋਂ ਸ਼ਬਦੀ ਹੱਲੇ ਜਾਰੀ


ਰਾਹੁਲ ਗਾਂਧੀ ਨੇ ਮੋਦੀ ਨੂੰ ਬੇਰੁਜ਼ਗਾਰੀ ਦੇ ਮੁੱਦੇ ’ਤੇ ਘੇਰਿਆ;
ਮੋਦੀ ਨੇ ਸਿੱਬਲ ਨੂੰ ਲਿਆ ਕਰਾਰੇ ਹੱਥੀਂ
ਨਵੀਂ ਦਿੱਲੀ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਰੁਜ਼ਗਾਰ ਨੌਜਵਾਨਾਂ ਤੇ ਕਾਮਿਆਂ ਨੂੰ ਮਿਲ ਰਹੀਆਂ ਘੱਟ ਉਜਰਤਾਂ ਦੇ ਮੁੱਦੇ ’ਤੇ ਘੇਰਿਆ। ਗੁਜਰਾਤ ਚੋਣਾਂ ਦੇ ਮੱਦੇਨਜ਼ਰ ਚੱਲ ਰਹੀ ਟਵਿਟਰ ਜੰਗ ਦੌਰਾਨ ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਕਈ ਸਵਾਲੀ ਹਮਲੇ ਕੀਤੇ ਤੇ ਉਨ੍ਹਾਂ ਤੋਂ ਜਵਾਬ ਮੰਗਿਆ। ਉਨ੍ਹਾਂ ਸਵਾਲ ਕੀਤਾ ਕਿ ਦੇਸ਼ ’ਚ ਇੱਕ ਪਾਸੇ ਬੇਰੁਜ਼ਗਾਰੀ ਹੈ ਤੇ ਦੂਜੇ ਪਾਸੇ ਲੱਖਾਂ ਰੁਪਏ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਠੇਕਾ ਆਧਾਰਤ ਕਾਮੇ ਪ੍ਰੇਸ਼ਾਨ ਹਨ। ਉਨ੍ਹਾਂ ਟਵੀਟ ਕੀਤਾ, ‘ਸਤਵੇਂ ਤਨਖ਼ਾਹ ਕਮਿਸ਼ਨ ਦੇ ਬਾਵਜੂਦ 18 ਹਜ਼ਾਰ ਰੁਪਏ ਮਹੀਨਾ ਪੱਕੀ ਤਨਖ਼ਾਹ ਤੇ ਠੇਕਾ ਆਧਾਰਤ ਕਾਮਿਆਂ ਨੂੰ 5500 ਤੋਂ 10000 ਰੁਪਏ ਹੀ ਮਿਲ ਰਹੇ ਹਨ।’
ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਭਾਵਨਗਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਕਪਿਲ ਸਿੱਬਲ ਵੱਲੋਂ ਸਰਕਾਰ ਬਣਨ ’ਤੇ ਪਟੇਲਾਂ ਨੂੰ 50 ਫੀਸਦ ਤੋਂ ਵੱਧ ਰਾਖਵਾਂਕਰਨ ਦੇਣ ਦੇ ਕੀਤੇ ਜਾ ਰਹੇ ਵਾਅਦੇ ਨੂੰ ਝੂਠ ਦੀ ਪੰਡ ਦੱਸਿਆ। ਸ੍ਰੀ ਮੋਦੀ ਨੇ ਕਿਹਾ, ‘ਕਾਂਗਰਸ ਪਾਰਟੀ ’ਚ ਇੱਕ ਵਕੀਲ ਹੈ ਤੇ ਉਸ ਨੂੰ ਕਪਿਲ ਸਿੱਬਲ ਕਿਹਾ ਜਾਂਦਾ ਹੈ। ਜਦੋਂ ਵੀ ਕਾਂਗਰਸ ਨੇ ਕੋਈ ਝੂਠ ਫੈਲਾਉਣਾ ਹੁੰਦਾ ਹੈ ਤਾਂ ਉਸ ਨੂੰ ਮੈਦਾਨ ’ਚ ਉਤਾਰ ਦਿੱਤਾ ਜਾਂਦਾ ਹੈ।’  ਉਨ੍ਹਾਂ ਕਿਹਾ ਕਿ ਸਾਲ 2007 ’ਚ ਵੀ ਸ੍ਰੀ ਸਿੱਬਲ ਵੀਰਮਗਾਮ ਆਏ ਸੀ ਤੇ ਕਈ ਵਾਅਦੇ ਕੀਤੇ ਸਨ। ਉਹ ਹੁਣ ਫਿਰ ਗੁਜਰਾਤ ’ਚ ਆਏ ਹਨ ਤੇ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ।
8-9 ਨੂੰ ਕੋਈ ਅਖ਼ਬਾਰੀ ਇਸ਼ਤਿਹਾਰ ਨਹੀਂ: ਚੋਣ ਕਮਿਸ਼ਨ
ਨਵੀਂ ਦਿੱਲੀ - ਚੋਣ ਕਮਿਸ਼ਨ ਨੇ ਅੱਜ ਨਿਰਦੇਸ਼ ਜਾਰੀ ਕੀਤੇ ਹਨ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਜਰਾਤ ਅੰਦਰ 8 ਤੇ 9 ਦਸੰਬਰ ਨੂੰ ਕਿਸੇ ਵੀ ਅਖ਼ਬਾਰ ’ਚ ਕੋਈ ਇਸ਼ਤਿਹਾਰ ਨਹੀਂ ਛਪੇਗਾ। ਪਹਿਲੇ ਗੇੜ ਦੌਰਾਨ ਗੁਜਰਾਤ ਦੇ 89 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ 9 ਦਸੰਬਰ ਨੂੰ ਪੈਣਗੀਆਂ। ਕਮਿਸ਼ਨ ਨੇ ਕਿਹਾ ਕਿ ਅਤੀਤ ’ਚ ਚੋਣਾਂ ਦੌਰਾਨ ਅਖ਼ਬਾਰਾਂ ’ਚ ਛਪੇ ਨਿਯਮਾਂ ਦੀ ਉਲੰਘਣਾ ਕਰਦੇ ਤੇ ਗੁੰਮਰਾਹਕੁਨ ਇਸ਼ਤਿਹਾਰ ਛਪੇ ਸਨ। ਇਸੇ ਦੇ ਮੱਦੇਨਜ਼ਰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।

 

 

fbbg-image

Latest News
Magazine Archive