ਅਦਾਕਾਰ ਸ਼ਸ਼ੀ ਕਪੂਰ ਦਾ ਦੇਹਾਂਤ


ਮੁੰਬਈ - ਇਸ਼ਕ ਤੇ ਸੁਹਜ ਦਾ ਪ੍ਰਤੱਖ ਰੂਪ ਕਹੇ ਜਾਂਦੇ ਅਦਾਕਾਰ ਸ਼ਸ਼ੀ ਕਪੂਰ, ਜਿਨ੍ਹਾਂ ਨੂੰ 70ਵਿਆਂ ਤੇ 80ਵਿਆਂ ’ਚ ਫ਼ਿਲਮ ਇੰਡਸਟਰੀ ਦੀਆਂ ਸਿਖਰਲੀਆਂ ਅਦਾਕਾਰਾਂ ਨਾਲ ਕੰਮ ਕਰਨ ਦਾ ਮਾਣ ਹਾਸਲ ਹੈ, ਦਾ ਅੱਜ 79 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਅਦਾਕਾਰ ਤੋਂ ਨਿਰਮਾਤਾ ਬਣੇ ਇਸ ਬਜ਼ੁਰਗ ਅਦਾਕਾਰ ਨੇ ਆਖਰੀ ਸਾਹ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਲਏ। ਅਦਾਕਾਰ ਦੇ ਮਰਹੂਮ ਭਰਾ ਰਾਜ ਕਪੂਰ ਦੇ ਬੇਟੇ ਅਤੇ ਭਤੀਜੇ ਰਣਧੀਰ ਕਪੂਰ ਨੇ ਸ਼ਸ਼ੀ ਕਪੂਰ ਦੇ ਅਕਾਲ ਚਲਾਣੇ ਦੀ ਖ਼ਬਰ ਦਿੱਤੀ। ਉਨ੍ਹਾਂ ਕਿਹਾ ਕਿ ਬਜ਼ੁਰਗ ਅਦਾਕਾਰ ਨੂੰ ਗੁਰਦੇ ਦੀ ਸਮੱਸਿਆ ਸੀ ਤੇ ਉਹ ਕਈ ਸਾਲਾਂ ਤੋਂ ਡਾਇਲਸਿਸ ਉੱਤੇ ਸਨ। ਰਣਧੀਰ ਕਪੂਰ ਨੇ ਕਿਹਾ ਕਿ ਅਦਾਕਾਰ ਦਾ ਸਸਕਾਰ ਭਲਕੇ ਸਵੇਰੇ ਹੋਵੇਗਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਕਬੂਲ ਅਦਾਕਾਰ ਦੀ ਮੌਤ ’ਤੇ ਦੁੱਖ ਜਤਾਇਆ ਹੈ। ਹਸਪਤਾਲ ਦੇ ਡਾ. ਰਾਮ ਨਰਾਇਣ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸ਼ਸ਼ੀ ਕਪੂਰ ਨੇ ਅੱਜ ਸ਼ਾਮੀਂ ਕਰੀਬ 5:20 ਵਜੇ ਆਖਰੀ ਸਾਹ ਲਏ। ਕੇਂਦਰੀ ਸੂਚਨਾ ਤੇ ਪ੍ਰਸਾਰਨ  ਮੰਤਰੀ ਸਮ੍ਰਿਤੀ ਇਰਾਨੀ ਨੇ ਕਪੂਰ ਦੀ ਮੌਤ ਨੂੰ ‘ਇਕ ਯੁੱਗ ਦਾ ਅੰਤ’ ਕਿਹਾ ਹੈ। ਸ਼ਸ਼ੀ ਕਪੂਰ ਨਾਲ ‘ਕਲਯੁਗ’ ਤੇ ‘ਜੁਨੂੰਨ’ ਜਿਹੀਆਂ ਫ਼ਿਲਮਾਂ ਕਰਨ ਵਾਲੇ ਫ਼ਿਲਮਸਾਜ਼ ਸ਼ਿਆਮ ਬੈਨੇਗਲ ਨੇ ਅਦਾਕਾਰ ਨੂੰ ‘ਰੱਬ ਦਾ ਚੰਗਾ ਵਿਅਕਤੀ’ ਤੇ ਖੂਬਸੂਰਤ ਇਨਸਾਨ ਦੱਸਿਆ ਹੈ। 18 ਮਾਰਚ 1938 ਨੂੰ ਥੀਏਟਰ ਤੇ ਫ਼ਿਲਮ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਘਰ ਜਨਮੇ ਸ਼ਸ਼ੀ ਕਪੂਰ ਨੇ ਚਾਰ ਸਾਲ ਦੀ ਨਿੱਕੀ ਉਮਰੇ ਆਪਣੇ ਪਿਤਾ ਵੱਲੋਂ ਨਿਰਮਤ ਤੇ ਨਿਰਦੇਸ਼ਿਤ ਨਾਟਕਾਂ ’ਚ ਕੰਮ ਸ਼ੁਰੂ ਕੀਤਾ। ਅਦਾਕਾਰ ਨੇ ਫ਼ਿਲਮਾਂ ਆਗ (1948) ਤੇ ਅਵਾਰਾ (1951) ਵਿੱਚ ਬਾਲ ਕਲਾਕਾਰ ਵਜੋਂ ਹਾਜ਼ਰੀ ਲਵਾਈ। ਉਨ੍ਹਾਂ 50ਵਿਆਂ ’ਚ ਸਹਾਇਕ ਡਾਇਰੈਕਟਰ ਵਜੋਂ ਵੀ ਕੰਮ ਕੀਤਾ। ਅਦਾਕਾਰ ਵਜੋਂ ਉਨ੍ਹਾਂ ਦੀ ਪਹਿਲੀ ਫ਼ਿਲਮ ‘ਧਰਮਪੁੱਤਰ’(1961) ਸੀ। ਉਨ੍ਹਾਂ ਆਪਣੇ ਕਰੀਅਰ ਦੌਰਾਨ 116 ਤੋਂ ਵਧ ਫ਼ਿਲਮਾਂ ਕੀਤੀਆਂ। ਉਨ੍ਹਾਂ ਦੀਆਂ ਕੁਝ ਯਾਦਗਾਰ ਫ਼ਿਲਮਾਂ ’ਚ ‘ਦੀਵਾਰ’, ‘ਕਭੀ ਕਭੀ’, ‘ਨਮਕ ਹਲਾਲ’ ਤੇ ‘ਕਾਲਾ ਪੱਥਰ’ ਸ਼ਾਮਲ ਹਨ। ਉਨ੍ਹਾਂ ਨੂੰ 2011 ਵਿੱਚ ਪਦਮ ਭੂਸ਼ਨ ਤੇ ਸਾਲ 2015 ਵਿੱਚ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਿਬ ਫ਼ਾਲਕੇ ਐਵਾਰਡ ਨਾਲ ਨਿਵਾਜਿਆ ਗਿਆ ਸੀ।

 

 

fbbg-image

Latest News
Magazine Archive