ਬਿਹਤਰ ਭਾਰਤ ਲਈ ਚੁੱਕੇ ਕਦਮਾਂ ਦੀ ਕੀਮਤ

ਤਾਰਨ ਲਈ ਤਿਆਰ: ਮੋਦੀ


ਨੋਟਬੰਦੀ ਨੇ ਵਿਹਾਰਵਾਦੀ ਤਬਦੀਲੀ ਲਿਆਂਦੀ
ਨਵੀਂ ਦਿੱਲੀ - ਯੂਪੀਏ ਸ਼ਾਸਨ ਉਤੇ ਹਮਲੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਵਿੱਚ ਪੜਾਅਵਾਰ ਤਬਦੀਲੀਆਂ ਲਿਆਉਣ ਲਈ ਉਹ ‘ਵੱਡੀ ਸਿਆਸੀ ਕੀਮਤ’ ਤਾਰਨ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ ਜਦੋਂ ਯੂਪੀਏ ਨੂੰ ਸੱਤਾ ਤੋਂ ਪਾਸੇ ਕਰ ਕੇ ਐਨਡੀਏ ਨੇ ਕਮਾਂਡ ਸੰਭਾਲੀ ਤਾਂ ਭਾਰਤ ਨੂੰ ‘ਕਮਜ਼ੋਰ ਪੰਜ’ ਦੇਸ਼ਾਂ ਵਿੱਚ ਗਿਣਿਆ ਜਾਂਦਾ ਸੀ ਅਤੇ ਦੇਸ਼ ਦਾ ਅਰਥਚਾਰਾ, ਬੈਂਕਿੰਗ ਪ੍ਰਣਾਲੀ ਅਤੇ ਸ਼ਾਸਨੀ ਢਾਂਚਾ ਬੁਰੀ ਹਾਲਤ ਵਿੱਚ ਸੀ। ਉਨ੍ਹਾਂ ਦੀ ਸਰਕਾਰ ਨੇ ਤਬਦੀਲੀ ਲਿਆਂਦੀ ਅਤੇ ਇਸ ਲਈ ਸਰਕਾਰ ਨੂੰ ਵਿਸ਼ਵ ਭਰ ਵਿੱਚੋਂ ਮਾਨਤਾ ਮਿਲ ਰਹੀ ਹੈ। 15ਵੇਂ ਹਿੰਦੋਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਵਿੱਚ ਸ੍ਰੀ ਮੋਦੀ ਨੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਅਤੇ ਕਾਲੇ ਧਨ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ, ਬੈਂਕਿੰਗ ਪ੍ਰਣਾਲੀ ਤੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਲਈ ਚੁੱਕੇ ਕਦਮਾਂ ਦੀ ਨਿਸ਼ਾਨਦੇਹੀ ਕੀਤੀ। ਯੂਪੀਏ ਸਰਕਾਰ ਵੱਲੋਂ ਐਨਡੀਏ ਸਰਕਾਰ ਲਈ ਪਿੱਛੇ ਛੱਡੀ ‘ਵਿਰਾਸਤ’ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘‘ਮੈਂ ਇਸ ਗੱਲੋਂ ਸੁਚੇਤ ਹਾਂ ਕਿ ਮੈਨੂੰ ਮੇਰੇ ਕਦਮਾਂ, ਮੇਰੇ ਚੁਣੇ ਰਾਹ ਅਤੇ ਉਸ ਮੰਜ਼ਿਲ ਜਿੱਥੇ ਮੈਂ ਮੁਲਕ ਨੂੰ ਲੈ ਜਾਣਾ ਚਾਹੁੰਦਾ ਹਾਂ, ਲਈ ਵੱਡੀ ਸਿਆਸੀ ਕੀਮਤ ਤਾਰਨੀ ਪਵੇਗੀ। ਪਰ ਮੈਂ ਇਸ ਲਈ ਤਿਆਰ ਹਾਂ।’’
ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਗੁਜਰਾਤ ਵਿੱਚ ਕਾਂਗਰਸ ਤੇ ਸੱਤਾਧਾਰੀ ਭਾਜਪਾ ਵਿਚਾਲੇ ਗਹਿਗੱਚ ਸਿਆਸੀ ਲੜਾਈ ਦੇ ਪਿਛੋਕੜ ਵਿੱਚ ਆਈਆਂ। ਨੋਟਬੰਦੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਮੁਲਕ ਵਿੱਚ ‘ਵਿਹਾਰਵਾਦੀ ਤਬਦੀਲੀ’ ਲਿਆਂਦੀ। ਆਜ਼ਾਦੀ ਮਗਰੋਂ ਪਹਿਲੀ ਦਫ਼ਾ ਭ੍ਰਿਸ਼ਟ ਲੋਕ ਗ਼ੈਰ ਕਾਨੂੰਨੀ ਪੈਸਾ ਬਣਾਉਣ ਤੋਂ ਡਰ ਰਹੇ ਹਨ। ਜਿਸ ਦਿਨ ਮੁਲਕ ਸਾਰੇ ਮਾਲੀ ਲੈਣ-ਦੇਣ ਲਈ ਤਕਨੀਕ ਅਤੇ ਡਿਜ਼ੀਟਲ ਤਰੀਕਿਆਂ ਦੀ ਵਰਤੋਂ ਕਰੇਗਾ, ਉਸ ਦਿਨ ਸੰਗਠਿਤ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਠੱਲ੍ਹ ਪਵੇਗੀ। ਬੈਂਕਿੰਗ ਪ੍ਰਣਾਲੀ ਵਿੱਚ ਆ ਰਿਹਾ ਕਾਲਾ ਧਨ ਆਪਣੇ ਨਾਲ ਕਾਫ਼ੀ ਡੇਟਾ ਲਿਆ ਰਿਹਾ ਹੈ। ਇਹ ‘ਲੁਕਿਆ ਖ਼ਜ਼ਾਨਾ’ ਸਰਕਾਰ ਨੂੰ ਗਲਤ ਹਥਕੰਡੇ ਵਰਤਣ ਵਾਲਿਆਂ ਵਿਰੁੱਧ ਕਾਰਵਾਈ ਦੇ ਯੋਗ ਬਣਾਏਗਾ।
ਸ੍ਰੀ ਮੋਦੀ ਨੇ ਕਿਹਾ ਕਿ ‘‘ਇਸ ਸਰਕਾਰ ਨੂੰ ਕੋਈ ਵੀ ਅਜਿਹੇ ਕਦਮ ਚੁੱਕਣ ਤੋਂ ਨਹੀਂ ਰੋਕ ਸਕਦਾ, ਜੋ ਸਿਸਟਮ ਵਿੱਚ ਸਥਾਈ ਤਬਦੀਲੀਆਂ ਲਿਆਉਣਗੇ ਅਤੇ ਦੇਸ਼ ਦੇ ਹਿੱਤ ਯਕੀਨੀ ਬਣਾਉਣਗੇ। ਮੇਰਾ ਮੰਨਣਾ ਹੈ ਕਿ ਜਿਹੜੇ ਲੋਕ ਇਹ ਸਮਝਦੇ ਹਨ ਕਿ ਮੁਲਕ ਨੂੰ ਕੋਈ ਜਾਦੂ ਦੀ ਛੜੀ ਵਰਤ ਕੇ ਬਦਲਿਆ ਨਹੀਂ ਜਾ ਸਕਦਾ, ਉਹ ਅਸਲ ਵਿੱਚ ਨਿਰਾਸ਼ਾ ਦੀ ਜਕੜ ਵਿੱਚ ਹਨ।’’ ਯੂਪੀਏ ਦੀ ‘ਨੀਤੀਗਤ ਖੜੋਤ’ ਬਾਰੇ ਗੱਲ ਕਰਦਿਆਂ ਉਨ੍ਹਾਂ ਮੀਡੀਆ ਉਤੇ ਵੀ ਤਨਜ਼ ਕਸਿਆ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਸ਼ਾਸਨ ਵਿੱਚ ‘‘ਭ੍ਰਸ਼ਟਾਚਾਰ ਹੀ ਸ਼ਿਸ਼ਟਾਚਾਰ ਥਾ।’’
ਲੋਕਾਂ ਨੂੰ ਸੇਵਾਵਾਂ ਦੇਣ ਅਤੇ ਚੋਰੀ ਰੋਕਣ ਵਿੱਚ ਆਧਾਰ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਕਿਹਾ ਕਿ ਇਸ ਪ੍ਰਣਾਲੀ ਨੂੰ ਬੇਨਾਮੀ ਜਾਇਦਾਦਾਂ ਦਾ ਪਤਾ ਲਾਉਣ ਲਈ ਵੀ ਵਰਤਿਆ ਜਾਵੇਗਾ।
‘ਮੀਡੀਆ ਨਾਂਹ-ਪੱਖੀ ਪਹੁੰਚ ਤਿਆਗੇ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦਾ ਨਾਮ ਲੈ ਕੇ ਮੀਡੀਆ ਨੂੰ ਨਾਕਾਰਤਮਕਤਾ ਤਿਆਗਣ ਅਤੇ ਦੇਸ਼ ਨੂੰ ਸੇਧ ਦੇਣ ਵਿੱਚ ਮਦਦਗਾਰ ਹਾਂਪੱਖੀ ਗਤੀਵਿਧੀਆਂ ਉਤੇ ਧਿਆਨ ਕੇਂਦਰਤ ਕਰਨ ਦੀ ਅਪੀਲ ਕੀਤੀ। ‘ਹਿੰਦੋਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ’ ਦੇ ਉਦਘਾਟਨੀ ਸੈਸ਼ਨ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ‘‘ਕਲਾਮ ਨੇ ਕੁੱਝ ਸਾਲ ਪਹਿਲਾਂ ਆਖਿਆ ਸੀ ਕਿ ਕਿਉਂ ਸਾਡਾ ਮੀਡੀਆ ਇੰਨਾ ਨਾਂਹਪੱਖੀ ਹੈ? ਉਨ੍ਹਾਂ ਆਖਿਆ ਸੀ ਕਿ ਭਾਰਤ ਵਿੱਚ ਕਿਉਂ ਅਸੀਂ ਆਪਣੀਆਂ ਸਮਰੱਥਾਵਾਂ ਤੇ ਉਪਲਬਧੀਆਂ ਤੋਂ ਸ਼ਰਮਿੰਦਾ ਹਾਂ?’’
ਹਰੇਕ ਗੁਜਰਾਤੀ ਸਿਰ 37 ਹਜ਼ਾਰ ਦਾ ਕਰਜ਼ਾ: ਰਾਹੁਲ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਮਲੇ ਜਾਰੀ ਰੱਖਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੁੱਛਿਆ ਕਿ ਉਨ੍ਹਾਂ ਦੀਆਂ ‘ਵਿੱਤੀ ਗੜਬੜੀਆਂ ਤੇ ਪ੍ਰਚਾਰ’ ਦੀ ਕੀਮਤ ਗੁਜਰਾਤ ਦੇ ਲੋਕ ਕਿਉਂ ਤਾਰਨ? ਭਾਜਪਾ ਵੱਲੋਂ ਪਿਛਲੀਆਂ ਚੋਣਾਂ ਵਿੱਚ ਕੀਤੇ ਵਾਅਦਿਆਂ ਬਾਰੇ ਕੱਲ੍ਹ ‘ਇਕ ਸਵਾਲ ਰੋਜ਼ਾਨਾ’ ਦੀ ਲੜੀ ਸ਼ੁਰੂ ਕਰਨ ਵਾਲੇ ਰਾਹੁਲ ਗਾਂਧੀ ਨੇ ਅੱਜ ਗੁਜਰਾਤ ਦੇ ਕਰਜ਼ ਬੋਝ ਉਤੇ ਧਿਆਨ ਕੇਂਦਰਤ ਰੱਖਿਆ। ਉਨ੍ਹਾਂ ਕਿਹਾ ਕਿ ‘‘ਪ੍ਰਧਾਨ ਮੰਤਰੀ ਤੋਂ ਗੁਜਰਾਤ ਮਾਮਲਿਆਂ ਬਾਰੇ ਮੇਰਾ ਦੂਜਾ ਸਵਾਲ ਇਹ ਹੈ ਕਿ 1995 ਵਿੱਚ ਗੁਜਰਾਤ ਉਤੇ ਕੁੱਲ ਕਰਜ਼ 9183 ਕਰੋੜ ਰੁਪਏ ਸੀ, ਜੋ 2017 ਵਿੱਚ 2.41 ਲੱਖ ਕਰੋੜ ਹੋ ਗਿਆ। ਇਸ ਦਾ ਮਤਲਬ ਹੈ ਕਿ ਹਰੇਕ ਗੁਜਰਾਤੀ ਉਤੇ 37 ਹਜ਼ਾਰ ਰੁਪਏ ਦਾ ਕਰਜ਼ ਹੈ।’’ ਉਨ੍ਹਾਂ ਟਵੀਟ ਕੀਤਾ ਕਿ ‘‘ਤੁਹਾਡੀ ਵਿੱਤੀ ਗੜਬੜੀ ਤੇ ਪ੍ਰਚਾਰ ਦੀ ਕੀਮਤ ਗੁਜਰਾਤ ਦੇ ਲੋਕ ਕਿਉਂ ਤਾਰਨ।’’

 

 

fbbg-image

Latest News
Magazine Archive