ਕੱਟੜਪੰਥੀਆਂ ਨੂੰ ਵਰਤ ਰਹੀ ਹੈ ਫੌਜ: ਹੁਸੈਨ


ਵਾਸ਼ਿੰਗਟਨ - ਮੁਤਾਹਿਦਾ ਕੌਮੀ ਮੂਵਮੈਂਟ (ਐਮਕਿਊਐਮ) ਦੇ ਆਗੂ ਅਲਤਾਫ਼ ਹੁਸੈਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਦੇਸ਼ ਵਿੱਚ ਜਮਹੂਰੀ ਸ਼ਾਸਨ ਖ਼ਤਮ ਕਰਨ ਲਈ ਸਿਆਸੀ ਕੱਟੜਪੰਥੀਆਂ ਨੂੰ ਵਰਤ ਰਹੀ ਹੈ। ਅਮਰੀਕਾ ਸਣੇ ਕੌਮਾਂਤਰੀ ਭਾਈਚਾਰੇ ਨੂੰ ਲਿਖੀ ਚਿੱਠੀ ਵਿੱਚ ਲੰਡਨ ਰਹਿੰਦੇ ਹੁਸੈਨ ਨੇ ਫੌਰੀ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਦੀ ਫੌਜ ਨੂੰ ਸਿਆਸਤ ਵਿੱਚ ਦਖ਼ਲਅੰਦਾਜ਼ੀ ਤੋਂ ਬਾਜ਼ ਆਉਣ ਲਈ ਸਪੱਸ਼ਟ ਸੰਦੇਸ਼ ਭੇਜਿਆ ਜਾਵੇ। ਪਾਕਿਸਤਾਨ ਅਤੇ ਵਿਸ਼ਵ ਵਿੱਚ ਸ਼ਾਂਤੀ ਬਹਾਲੀ ਲਈ ਇਹੀ ਇਕ ਤਰੀਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਵਿੱਚ ਫੌਜ ਖ਼ਾਸ ਤੌਰ ’ਤੇ ਖ਼ੁਫ਼ੀਆ ਏਜੰਸੀ ਆਈਐਸਆਈ ਦੇਸ਼ ਵਿੱਚ ਜਮਹੂਰੀ ਸ਼ਾਸਨ ਦੇ ਖ਼ਾਤਮੇ ਲਈ ਧਾਰਮਿਕ ਕੱਟੜਪੰਥੀਆਂ ਨੂੰ ਵਰਤ ਰਹੀ ਹੈ। ਅਲਤਾਫ਼ ਹੁਸੈਨ ਨੇ ਕਿਹਾ ਕਿ ਰਾਜਧਾਨੀ ਇਸਲਾਮਾਬਾਦ ਨੂੰ ਇਕ ਵਾਰ ਫਿਰ ਧਾਰਮਿਕ ਕੱਟੜਪੰਥੀਆਂ ਨੇ ਬੰਦੀ ਬਣਾ ਲਿਆ ਹੈ। ਜਾਪਦਾ ਹੈ ਕਿ ਇਨ੍ਹਾਂ ਕੱਟੜਪੰਥੀਆਂ ਨੂੰ ਪਾਕਿ ਫੌਜ ਨੇ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਪਾਕਿ ਸਰਕਾਰ ਨੇ ਕੱਲ੍ਹ ਇਸਲਾਮਾਬਾਦ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਝੜਪਾਂ ਰੋਕਣ ਲਈ ਫੌਜ ਨੂੰ ਸੱਦਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਇਨ੍ਹਾਂ ਅਖੌਤੀ ਪ੍ਰਦਰਸ਼ਨਾਂ ਦੀ ਕਵਰੇਜ ਰੋਕਣ ਲਈ ਇਲੈਕਟ੍ਰਾਨਿਕ ਮੀਡੀਆ ਉਤੇ ਪਾਬੰਦੀ ਲਾ ਦਿੱਤੀ ਹੈ। ਦੇਸ਼ ਵਿੱਚ ਇਸ ਸਮੇਂ ਹਫੜਾ-ਦਫੜੀ ਦਾ ਮਾਹੌਲ ਜਾਪ ਰਿਹਾ ਹੈ ਅਤੇ ਫੌਜ ਦੇ ਸੱਤਾ ਸੰਭਾਲਣ ਲਈ ਢੁਕਵਾਂ ਮੰਚ ਤਿਆਰ ਹੋ ਰਿਹਾ ਹੈ।
ਅਮਰੀਕਾ ਨੇ ਹਾਫ਼ਿਜ਼ ਦੀ ਗ੍ਰਿਫ਼ਤਾਰੀ ਦੀ ਮੰਗ ਦੁਹਰਾਈ
ਵਾਸ਼ਿੰਗਟਨ - ਅਮਰੀਕਾ ਨੇ ਜਮਾਤ-ਉਦ-ਦਾਵਾ ਦੇ ਮੁਖੀ ਤੇ ਮੁੰਬਈ ਅਤਿਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੀ ਫੌਰੀ ਮੁੜ ਗ੍ਰਿਫ਼ਤਾਰੀ ਅਤੇ ਕੇਸ ਚਲਾਉਣ ਦੀ ਮੰਗ ਕਰਦਿਆਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਕਾਰਵਾਈ ਨਾ ਕੀਤੀ ਤਾਂ ਇਸ ਦਾ ਅਸਰ ਦੁਵੱਲੇ ਰਿਸ਼ਤਿਆਂ ਉਤੇ ਪਵੇਗਾ। ਹਾਫ਼ਿਜ਼ ਸਈਦ, ਜਿਸ ਦੇ ਸਿਰ ਉਤੇ ਅਮਰੀਕਾ ਨੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ, ਸ਼ੁੱਕਰਵਾਰ ਨੂੰ ਰਿਹਾਅ ਹੋ ਗਿਆ ਸੀ। ਨਿਆਂਇਕ ਸਮੀਖਿਆ ਬੋਰਡ ਦੇ ਰਿਹਾਈ ਦੇ ਹੁਕਮ ਮਗਰੋਂ ਪਾਕਿ ਸਰਕਾਰ ਨੇ ਹਾਫ਼ਿਜ਼ ਨੂੰ ਕਿਸੇ ਹੋਰ ਕੇਸ ਵਿੱਚ ਹਿਰਾਸਤ ਵਿੱਚ ਨਾ ਲੈਣ ਦਾ ਫੈਸਲਾ ਕੀਤਾ। ਉਹ ਇਸ ਸਾਲ ਜਨਵਰੀ ਦੇ ਬਾਅਦ ਤੋਂ ਹਿਰਾਸਤ ਵਿੱਚ ਹੈ। ਕਰੜੇ ਸ਼ਬਦਾਂ ਵਾਲੇ ਬਿਆਨ ਵਿੱਚ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸਾਰਾ ਸੈਂਡਰਜ਼ ਨੇ ਕੱਲ੍ਹ ਕਿਹਾ ਸੀ ਕਿ ਲਸ਼ਕਰ-ਏ-ਤੋਇਬਾ ਦੇ ਇਸ ਆਗੂ ਨੂੰ ਰਿਹਾਅ ਕਰਨ ਦੀ ਅਮਰੀਕਾ ਨਿਖੇਧੀ ਕਰਦਾ ਹੈ ਅਤੇ ਉਸ ਦੀ ਮੁੜ ਗ੍ਰਿਫ਼ਤਾਰੀ ਤੇ ਕੇਸ ਚਲਾਉਣ ਦੀ ਮੰਗ ਕਰਦਾ ਹਾਂ। ਸੈਂਡਰਜ਼ ਨੇ ਕਿਹਾ ਕਿ ‘‘ਜੇ ਪਾਕਿਸਤਾਨ ਨੇ ਸਈਦ ਨੂੰ ਕਾਨੂੰਨੀ ਤੌਰ ਉਤੇ ਹਿਰਾਸਤ ਵਿੱਚ ਰੱਖਣ ਤੇ ਕੇਸ ਚਲਾਉਣ ਲਈ ਕਦਮ ਨਾ ਚੁੱਕਿਆ ਤਾਂ ਇਸ ਨਾਲ ਦੁਵੱਲੇ ਰਿਸ਼ਤੇ ਅਸਰਅੰਦਾਜ਼ ਹੋਣਗੇ ਅਤੇ ਪਾਕਿਸਤਾਨ ਦੀ ਆਲਮੀ ਦਿੱਖ ਨੂੰ ਵੀ ਨੁਕਸਾਨ ਪੁੱਜੇਗਾ।’’

 

 

fbbg-image

Latest News
Magazine Archive