- Government
- Iimmigration Direct
- British Columbia
- City Of Surrey
- Abbotsford
- Vancouver
- Richmond
- Health
- Fraser Health
- Vancouver Coastal Health
- Education
- The University Of British Columbia
- Simon Fraser University
- Kwantlen Polytechnic University
- University Of The Fraser Valley
- Media
- Apna Roots Newspaper
- Punjab Di Awaaz Newspaper
Click Here to Email Us
Or
directly send your Advertisement request to indo@telus.net

ਲੁਧਿਆਣਾ ’ਚ ਫੈਕਟਰੀ ਦੀ ਪੰਜ ਮੰਜ਼ਿਲਾ ਇਮਾਰਤ ਡਿੱਗੀ
ਲੁਧਿਆਣਾ - ਇੱਥੇ ਦੇ ਇੰਡਸਟਰੀਅਲ ਏਰੀਆ-ਏ ਵਿੱਚ ਸੂਫ਼ੀਆ ਚੌਕ ਨੇੜੇ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਐਮ.ਸੰਨਜ਼ ਪਾਲੀਮਰਜ਼ ਵਿੱਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋਇਆ, ਜਿਸ ਕਾਰਨ ਪੰਜ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਮਲਬੇ ਥੱਲੇ ਫਾਇਰ ਬ੍ਰਿਗੇਡ ਦੇ ਤਿੰਨ ਅਫ਼ਸਰ, ਛੇ ਮੁਲਾਜ਼ਮ, ਭਾਵਾਧਸ ਦੇ ਦਲਿਤ ਆਗੂ ਸਮੇਤ ਕਰੀਬ 20 ਜਣੇ ਦਬ ਗਏ। ਸ਼ਾਮ ਤੱਕ ਮਲਬੇ ਵਿੱਚੋਂ ਫਾਇਰ ਬ੍ਰਿਗੇਡ ਦੇ ਦੋ ਮੁਲਾਜ਼ਮਾਂ ਸਮੇਤ ਤਿੰਨ ਲਾਸ਼ਾਂ ਕੱਢੀਆਂ ਗਈਆਂ, ਜਦੋਂ ਕਿ ਤਿੰਨ ਫੱਟੜਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨਾਲ ਕੌਮੀ ਆਫ਼ਤ ਪ੍ਰਬੰਧਨ ਟੀਮ (ਐਨ.ਡੀ.ਆਰ.ਐਫ਼), ਸੂਬਾਈ ਡਿਜ਼ਾਸਟਰ ਰਿਸਪੌਂਸ ਫੋਰਸ (ਐਸਡੀਆਰਐਫ਼) ਅਤੇ ਫੌਜ ਨੇ ਰਾਹਤ ਕਾਰਜਾਂ ਲਈ ਮੋਰਚਾ ਸੰਭਾਲਿਆ।
ਇਕ ਮ੍ਰਿਤਕ ਦੀ ਪਛਾਣ ਪੰਜਾਬ ਟੈਕਸੀ ਯੂਨੀਅਨ ਦੇ ਪ੍ਰਧਾਨ ਇੰਦਰਪਾਲ ਸਿੰਘ ਪਾਲ ਵਜੋਂ ਹੋਈ, ਜਦੋਂ ਕਿ ਬਾਕੀ ਦੋਵਾਂ ਦੀ ਪਛਾਣ ਸੀਨੀਅਰ ਫਾਇਰ ਅਫ਼ਸਰ ਸੈਮੂਅਲ ਗਿੱਲ ਤੇ ਫਾਇਰ ਮੁਲਾਜ਼ਮ ਪੂਰਨ ਸਿੰਘ ਵਜੋਂ ਹੋਈ। ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀਆਂ ਗਈਆਂ। ਮੌਕੇ ‘ਤੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਪੁਲੀਸ ਕਮਿਸ਼ਨਰ ਆਰ.ਐਨ. ਢੋਕੇ, ਨਿਗਮ ਕਮਿਸ਼ਨਰ ਜਸਕਿਰਨ ਸਿੰਘ ਸਮੇਤ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਪੁੱਜੇ।
ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਕਰੀਬ ਸਾਢੇ 7 ਵਜੇ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਪੰਜ ਮੰਜ਼ਿਲਾ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਕਰੀਬ 11 ਵਜੇ 80 ਫੀਸਦੀ ਅੱਗ ਬੁੱਝ ਗਈ ਤਾਂ ਫਾਇਰ ਬ੍ਰਿਗੇਡ ਅਫ਼ਸਰ ਤੇ ਕਰਮੀ ਅੰਦਰ ਚਲੇ ਗਏ। ਫੈਕਟਰੀ ਮਾਲਕ ਤੇ ਕੁਝ ਹੋਰ ਲੋਕ ਵੀ ਅੰਦਰ ਜਾਇਜ਼ਾ ਲੈਣ ਗਏ ਤਾਂ ਜ਼ੋਰਦਾਰ ਧਮਾਕੇ ਨਾਲ ਪੂਰੀ ਇਮਾਰਤ ਢਹਿ ਗਈ।
ਤਿੰਨ ਫਾਇਰ ਅਫ਼ਸਰ ਰਾਜਿੰਦਰ ਸ਼ਰਮਾ, ਸੈਮੂਅਲ ਗਿੱਲ, ਰਾਜ ਕੁਮਾਰ ਤੋਂ ਇਲਾਵਾ ਫਾਇਰ ਮੁਲਾਜ਼ਮ ਰਾਜਨ, ਪੂਰਨ ਸਿੰਘ, ਸੁਖਦੇਵ ਸਿੰਘ, ਮਨਪ੍ਰੀਤ ਤੋਂ ਇਲਾਵਾ ਦਲਿਤ ਆਗੂ ਲਛਮਣ ਦਾਵਿ੍ੜ ਸਮੇਤ ਕਈ ਜਣੇ ਅੰਦਰ ਫਸ ਗਏ। ਰਾਹਤ ਕਾਰਜ ਦੌਰਾਨ ਤਿੰਨ ਵਿਅਕਤੀਆਂ ਨੂੰ ਕੱਢਿਆ ਗਿਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਮਲਬੇ ਵਿੱਚ ਦਬੇ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਵੀ ਮੌਕੇ ‘ਤੇ ਪੁੱਜਣੇ ਸ਼ੁਰੂ ਹੋ ਗਏ।ਇਮਾਰਤ ਡਿੱਗਣ ਤੋਂ ਬਾਅਦ ਉਸ ਵਿੱਚੋਂ ਲਗਾਤਾਰ ਜ਼ਹਿਰੀਲਾ ਧੂੁੰਆਂ ਨਿਕਲਦਾ ਰਿਹਾ, ਜਿਸ ਕਾਰਨ ਆਸਪਾਸ ਦੇ ਲੋਕਾਂ ਤੇ ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੂੰ ਦਿੱਕਤ ਆਈ। ਹਾਲਾਂਕਿ ਮੌਕੇ ‘ਤੇ ਮਾਸਕ ਵੀ ਮੁਹੱਈਆ ਕਰਵਾਏ ਗਏ ਪਰ ਉਹ ਨਾਕਾਫ਼ੀ ਸਾਬਤ ਹੋਏ। ਅੱਗ ਕਾਰਨ ਪ੍ਰਸ਼ਾਸਨ ਨੇ ਤੁਰੰਤ ਨੇੜਲੀਆਂ ਫੈਕਟਰੀਆਂ ਤੇ ਘਰਾਂ ਨੂੰ ਖ਼ਾਲੀ ਕਰਵਾ ਦਿੱਤਾ। ਜਦੋਂ ਇਮਾਰਤ ਡਿੱਗੀ ਤਾਂ ਉਸ ਦਾ ਮਲਬਾ ਨਾਲ ਲੱਗਦੀ ਫੈਕਟਰੀ ਅਤੇ ਘਰਾਂ ਵਿੱਚ ਵੀ ਡਿੱਗਿਆ। ਨਜ਼ਦੀਕ ਰਹਿਣ ਵਾਲੇ ਗੁਰਦੇਵ ਸਿੰਘ ਨੇ ਕਿਹਾ ਕਿ ਫੈਕਟਰੀ ਨੂੰ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਘਰ ਖਾਲੀ ਕਰ ਦਿੱਤੇ ਸਨ ਅਤੇ ਇਮਾਰਤ ਦਾ ਮਲਬਾ ਉਨ੍ਹਾਂ ਦੇ ਘਰਾਂ ਉਤੇ ਵੀ ਡਿੱਗਿਆ। ਧਮਾਕੇ ਤੋਂ ਪਹਿਲਾਂ ਫੈਕਟਰੀ ਤੋਂ ਬਾਹਰ ਆਏ ਹਰਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਇਮਾਰਤ ਵਿੱਚ ਅੱਗ ਕਾਰਨ ਹੋਇਆ ਨੁਕਸਾਨ ਦੇਖਣ ਲਈ ਪਹਿਲੀ ਮੰਜ਼ਿਲ ਤੱਕ ਗਏ ਸਨ। ਇਕ ਕਮਰੇ ਦੀ ਖਿੜਕੀ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਤਾਂ ਇਕ ਮਜ਼ਦੂਰ ਨੇ ਅੰਦਰ ਲੱਗਿਆ ਸ਼ਟਰ ਪੁੱਟਿਆ ਤੇ ਤੇਜ਼ ਧੂੰਆਂ ਆਇਆ।
ਇਸ ਕਾਰਨ ਉਹ ਬਾਹਰ ਆ ਗਏ। ਬਾਹਰ ਆਉਣ ਤੋਂ ਕੁਝ ਦੇਰ ਬਾਅਦ ਹੀ ਜ਼ੋਰਦਾਰ ਧਮਾਕਾ ਹੋਇਆ। ਪਹਿਲਾਂ ਕੁਝ ਸਮਝ ਨਹੀਂ ਆਇਆ, ਫਿਰ ਜਦੋਂ ਧੂੰਆਂ ਘਟਿਆ ਤਾਂ ਦੇਖਿਆ ਕਿ ਇਮਾਰਤ ਮਲਬੇ ਵਿੱਚ ਤਬਦੀਲ ਹੋ ਗਈ ਸੀ। ਮੌਕੇ ਉਤੇ ਕਈ ਸਿਆਸੀ ਆਗੂ ਪੁੱਜੇ। ਇਨ੍ਹਾਂ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਇਲਾਵਾ ਵਿਧਾਇਕ ਭਾਰਤ ਭੂਸ਼ਣ ਆਸ਼ੂ, ਸੰਜੈ ਤਲਵਾੜ, ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਵਿਪਨ ਸੂਦ ਕਾਕ, ਭਾਜਪਾ ਦੇ ਪ੍ਰਵੀਨ ਬਾਂਸਲ, ਇੰਦਰ ਅਗਰਵਾਲ, ਕਾਂਗਰਸੀ ਕੇ.ਕੇ. ਬਾਵਾ ਸਮੇਤ ਕਈ ਨੇਤਾ ਸ਼ਾਮਲ ਹਨ।