ਖਰਾਬ ਰੌਸ਼ਨੀ ਨੇ ਬਚਾਇਆ ਸ੍ਰੀਲੰਕਾ ਦਾ ਵਕਾਰ


ਕੋਲਕਾਤਾ - ਵਿਰਾਟ ਕੋਹਲੀ ਦੇ ਸੈਂਕੜੇ ਤੋਂ ਬਾਅਦ ਭਾਰਤ ਨੇ ਭੁਵਨੇਸ਼ਵਰ ਕੁਮਾਰ ਦੀ ਅਗਵਾਈ ਹੇਠ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਿੱਤ ਦੀ ਉਮੀਦ ਜਗਾਈ, ਪਰ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਵੀ ਖਰਾਬ ਰੌਸ਼ਨੀ ਕਾਰਨ ਖੇਡ ਜਲਦੀ ਸਮਾਪਤ ਕਰ ਦਿੱਤੀ ਗਈ ਜਿਸ ਕਾਰਨ ਸ੍ਰੀਲੰਕਾ ਅੱਜ ਇੱਥੇ ਈਡਨ ਗਾਰਡਨਜ਼ ’ਤੇ ਪਹਿਲਾ ਕ੍ਰਿਕਟ ਟੈਸਟ ਮੈਚ ਡਰਾਅ ਕਰਾਉਣ ’ਚ ਸਫ਼ਲ ਰਿਹਾ। ਮੈਚ ਦੇ ਕਿਸੇ ਵੀ ਦਿਨ 90 ਓਵਰ ਦੀ ਖੇਡ ਨਾ ਹੋ ਸਕੀ ਤੇ ਅੱਜ ਵੀ ਸਿਰਫ਼ 75.4 ਓਵਰ ਸੁੱਟੇ ਜਾ ਸਕੇ। ਕੋਹਲੀ (ਨਾਬਾਦ 104) ਨੇ ਆਪਣਾ 18ਵਾਂ ਟੈਸਟ ਤੇ 50ਵਾਂ ਕੌਮਾਂਤਰੀ ਸੈਂਕੜਾ ਜੜਨ ਮਗਰੋਂ ਅੱਠ ਵਿਕਟਾਂ ’ਤੇ 352 ਦੌੜਾਂ ਦੇ ਸਕੋਰ ’ਤੇ ਭਾਰਤ ਦੀ ਦੂਜੀ ਪਾਰੀ ਐਲਾਨ ਕੇ ਸ੍ਰੀਲੰਕਾ ਲਈ 231 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ (94) ਤੇ ਲੌਕੇਸ਼ ਰਾਹੁਲ (79) ਨੇ ਵੀ ਨੀਮ ਸੈਂਕੜੇ ਜੜੇ। ਇਸ ਦੇ ਜਵਾਬ ਵਿੱਚ ਸ੍ਰੀਲੰਕਾ ਨੇ ਭੁਵਨੇਸ਼ਵਰ (ਅੱਠ ਦੌੜਾਂ ’ਤੇ ਚਾਰ ਵਿਕਟਾਂ) ਤੇ ਮੁਹੰਮਦ ਸ਼ਮੀ (34 ਦੌੜਾਂ ’ਤੇ ਦੋ ਵਿਕਟਾਂ) ਅਤੇ ਉਮੇਸ਼ ਯਾਦਵ (25 ਦੌੜਾਂ ਦੇ ਕੇ ਇੱਕ ਵਿਕਟ) ਦੀ ਤੂਫ਼ਾਨੀ ਗੇਂਦਬਾਜ਼ੀ ਦੇ ਸਾਹਮਣੇ ਜਦੋਂ ਦੂਜੀ ਪਾਰੀ ’ਚ 26.3 ਓਵਰ ’ਚ ਸੱਤ ਵਿਕਟਾਂ ’ਤੇ 75 ਦੌੜਾਂ ਬਣਾਈਆਂ ਸੀ ਤਾਂ ਅੰਪਾਇਰਾਂ ਨੇ ਖਰਾਬ ਰੌਸ਼ਨੀ ਕਾਰਨ ਖੇਡ ਸਮਾਪਤ ਕਰਨ ਦਾ ਫ਼ੈਸਲਾ ਕੀਤਾ।
ਭਾਰਤ ਨੇ ਪਹਿਲੀ ਵਾਰੀ ’ਚ 172 ਦੌੜਾਂ ਬਣਾਈਆਂ ਸੀ ਜਿਸ ਦੇ ਜਵਾਬ ਵਿੱਚ ਸ੍ਰੀਲੰਕਾ ਨੇ 294 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਭਾਰਤ ਵੱਲੋਂ ਮੈਚ ’ਚ ਸਾਰੀਆਂ 17 ਵਿਕਟਾਂ ਤੇਜ਼ ਗੇਂਦਬਾਜ਼ਾਂ ਨੇ ਲਈਆਂ। ਇਹ ਪਹਿਲਾ ਮੌਕਾ ਹੈ ਜਦੋਂ ਘਰੇਲੂ ਸਰਜ਼ਮੀਂ ’ਤੇ ਉਸ ਦਾ ਕੋਈ ਵੀ ਭਾਰਤੀ ਸਪਿੰਨਰ ਵਿਕਟ ਨਹੀਂ ਲੈ ਸਕਿਆ। ਦੂਜਾ ਟੈਸਟ ਮੈਚ 24 ਨਵੰਬਰ ਨੂੰ ਨਾਗਪੁਰ ’ਚ ਖੇਡਿਆ ਜਾਵੇਗਾ। ਕੋਹਲੀ ਨੇ ਅੱਜ ਆਪਣੀ 348ਵੀਂ ਪਾਰੀ ’ਚ 50 ਕੌਮਾਂਤਰੀ ਸੈਂਕੜਾ ਜੜ ਕੇ ਸਭ ਤੋਂ ਘੱਟ ਪਾਰੀਆਂ ’ਚ 50 ਕੌਮਾਂਤਰੀ ਸੈਂਕੜਿਆਂ ਦੇ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ।
ਕੋਹਲੀ ਨੇ ਪੂਰਾ ਕੀਤਾ ਸੈਂਕੜਿਆਂ ਦਾ ਨੀਮ ਸੈਂਕੜਾ
ਵਿਰਾਟ ਕੋਹਲੀ ਨੇ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ’ਚ ਭਾਰਤ ਦੀ ਦੂਜੀ ਪਾਰੀ ’ਚ ਸੈਂਕੜਾ ਜੜ ਕੇ ਅੱਜ ਇੱਥੇ ਸੈਂਕੜਿਆਂ ਦਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਕੋਹਲੀ ਨੇ ਅੱਜ ਤੇਜ਼ ਗੇਂਦਬਾ਼ਜ ਸੁਰੰਗਾ ਲਕਮਲ ਦੀ ਗੇਂਦ ’ਚ ਛੱਕਾ ਜੜ ਕੇ ਆਪਣਾ ਟੈਸਟ ਮੈਚਾਂ ਦਾ 18ਵਾਂ ਤੇ ਕੁੱਲ 50ਵਾਂ ਸੈਂਕੜਾ ਪੂਰਾ ਕੀਤਾ। ਕੋਹਲੀ ਕੌਮਾਂਤਰੀ ਕ੍ਰਿਕਟ ’ਚ ਸੈਂਕੜਿਆਂ ਦਾ ਨੀਮ ਸੈਂਕੜਾ ਪੂਰਾ ਕਰਨ ਵਾਲਾ ਦੁਨੀਆਂ ਅੱਠਵਾਂ ਤੇ ਭਾਰਤ ਦਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਤੇਂਦੁਲਕਰ (100) ਤੋਂ ਬਾਅਦ ਰਿੱਕੀ ਪੌਂਟਿੰਗ (71), ਕੁਮਾਰ ਸੰਗਕਾਰਾ (63), ਜੈਕ ਕੈਲਿਸ (62), ਹਾਸ਼ਿਮ ਅਮਲਾ (54), ਮਾਹੇਲਾ ਜੈਵਰਧਨੇ (54), ਬ੍ਰਾਇਨ ਬਾਰਾ (53) ਤੇ ਕੋਹਲੀ (50) ਦਾ ਨੰਬਰ ਆਉਂਦਾ ਹੈ। ਟੈਸਟ ਮੈਚਾਂ ’ਚ ਸਭ ਤੋਂ ਵੱਧ ਸੈਂਕੜੇ ਜੜਨ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ’ਚ ਕੋਹਲੀ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੇ ਅੱਜ ਦਿਲੀਪ ਵੇਂਗਸਰਕਰ (17) ਨੂੰ ਪਿੱਛੇ ਛੱਡਿਆ ਹੈ। ਹੁਣ ਤੇਂਦੁਲਕਰ (51), ਰਾਹੁਲ ਦ੍ਰਾਵਿੜ (36), ਸੁਨੀਲ ਗਾਵਸਕਰ (34), ਵਰਿੰਦਰ ਸਹਿਵਾਗ (23) ਤੇ ਮੁਹੰਮਦ ਅਜ਼ਹਰੂਦੀਨ (22) ਉਸ ਤੋਂ ਅੱਗੇ ਹਨ।
ਪੁਜਾਰਾ ਵੱਲੋਂ ਪੰਜ ਦਿਨ ਬੱਲੇਬਾਜ਼ੀ ਦੀ ਪ੍ਰਾਪਤੀ
ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਕਿਸੇ ਟੈਸਟ ਮੈਚ ਦੇ ਸਾਰੇ ਪੰਜੇ ਦਿਨ ਬੱਲੇਬਾਜ਼ੀ ਕਰਨ ਵਾਲਾ ਤੀਜਾ ਭਾਰਤੀ ਦੇ ਦੁਨੀਆਂ ਦਾ ਨੌਵਾਂ ਬੱਲੇਬਾਜ਼ ਬਣ ਗਿਆ ਹੈ। ਪੁਜਾਰਾ ਅੱਜ ਸ੍ਰੀਲੰਕਾ ਖ਼ਿਲਾਫ਼ ਪੰਜਵੇਂ ਤੇ ਆਖਰੀ ਦਿਨ ਬੱਲੇਬਾਜ਼ੀ ਕਰਨ ਮੈਦਾਨ ’ਤੇ ਉੱਤਰਿਆ ਤਾਂ ਉਹ ਐਮਐਲ ਜਯਸਿਮਹਾ ਤੇ ਰਵੀ ਸ਼ਾਸਤਰੀ ਤੋਂ ਬਾਅਦ ਇਹ ਪ੍ਰਾਪਤੀ ਕਰਨ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਤਿੰਨਾਂ ਨੇ ਇਹ ਕਮਾਲ ਈਡਨ ਗਾਰਡਨ ’ਚ ਹੀ ਕੀਤਾ ਹੈ। ਇਸ ਟੈਸਟ ਮੈਚ ਦੇ ਪਹਿਲੇ ਤੇ ਦੂਜੇ ਦਿਨ ਮੀਂਹ ਪੈਣ ਕਾਰਨ ਪੁਜਾਰਾ ਨੂੰ ਇਹ ਪ੍ਰਾਪਤੀ ਹੋਈ ਹੈ। ਇਨ੍ਹਾਂ ਤੋਂ ਇਲਾਵਾ ਜਿਓਫ੍ਰੀ ਬਾਇਕਾਟ (ਇੰਗਲੈਂਡ), ਕਿਮ ਹਿਊਜੇਸ (ਆਸਟਰੇਲੀਆ), ਏਲੇਨ ਲੈਂਬ (ਇੰਗਲੈਂਡ), ਐਂਡ੍ਰਿਊ ਗ੍ਰਿਫਿਥ (ਵੈਸਟਇੰਡੀਜ਼), ਐਂਡ੍ਰਿਊ ਫਲਿੰਟਾਫ (ਇੰਗਲੈਂਡ) ਤੇ ਅਲਵਿਰੋ ਪੀਟਰਸਨ (ਦੱਖਣੀ ਅਫਰੀਕਾ) ਦੇ ਨਾਂ ਇਹ ਪ੍ਰਾਪਤੀ ਦਰਜ ਹੈ।

 

 

fbbg-image

Latest News
Magazine Archive