ਜੋਸ਼ੀ ਵੱਲੋਂ ‘ਪਦਮਾਵਤੀ’ ਦੇ ਨਿਰਮਾਤਾਵਾਂ ਦੀ ਆਲੋਚਨਾ


ਮੁੰਬਈ - ਸੀਬੀਐਫਸੀ ਮੁਖੀ ਪ੍ਰਸੂਨ ਜੋਸ਼ੀ ਨੇ ਸਰਟੀਫਿਕੇਟ ਬਗ਼ੈਰ ਹੀ ਕਈ ਟੀਵੀ ਚੈਨਲਾਂ ’ਤੇ ਫਿਲਮ ‘ਪਦਮਾਵਤੀ’ ਦੀ ਸਕਰੀਨਿੰਗ ਲਈ ਇਸ ਫਿਲਮ ਦੇ ਨਿਰਮਾਤਾਵਾਂ ਦੀ ਆਲੋਚਨਾ ਕੀਤੀ ਹੈ। ਇਸ ਫਿਲਮ ਦੇ ਪ੍ਰੋਡਿਊਸਰਾਂ ਵੱਲੋਂ ਕੁੱਝ ਪੱਤਰਕਾਰਾਂ ਲਈ ਵਿਸ਼ੇਸ਼ ਸਕਰੀਨਿੰਗ ਰੱਖੇ ਜਾਣ ਦੀਆਂ ਰਿਪੋਰਟਾਂ ਬਾਅਦ ਸ੍ਰੀ ਜੋਸ਼ੀ ਦਾ ਇਹ ਬਿਆਨ ਆਇਆ ਹੈ।
ਸਰਟੀਫਿਕੇਟ ਲਈ ਦਿੱਤੀ ਅਰਜ਼ੀ ‘ਅਧੂਰੀ’ ਹੋਣ ਕਾਰਨ ਸੀਬੀਐਫਸੀ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ ਵਾਪਸ ਭੇਜ ਦਿੱਤੀ ਸੀ। ਸ੍ਰੀ ਜੋਸ਼ੀ ਨੇ ਕਿਹਾ ਕਿ ਉਹ ‘ਨਿਰਾਸ਼’ ਹਨ ਕਿ ਸੀਬੀਐਫਸੀ ਨੇ ਇਹ ਫਿਲਮ ਅਜੇ ਦੇਖੀ ਨਹੀਂ ਹੈ ਪਰ ਇਸ ਦੀ ਮੀਡੀਆ ਲਈ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਕੌਮੀ ਚੈਨਲਾਂ ’ਤੇ ਇਸ ਦੀ ਸਮੀਖਿਆ ਹੋ ਰਹੀ ਹੈ। ਉਨ੍ਹਾਂ ਕਿਹਾ, ‘ਇਹ ਆਪਣੀ ਸਹੂਲਤ ਮੁਤਾਬਕ ਬੇਤਰਤੀਬੇ ਢੰਗ ਨਾਲ ਸਰਟੀਫਿਕੇਟ ਪ੍ਰਣਾਲੀ ਨੂੰ ਦੇਖਣ ਦਾ ਤੰਗ ਨਜ਼ਰੀਆ ਹੈ। ਇਕ ਪਾਸੇ ਸੀਬੀਐਫਸੀ ਨੂੰ ਜ਼ਿੰਮੇਵਾਰ ਠਹਿਰਾਉਣਾ ਤੇ ਪ੍ਰਕਿਰਿਆ ਤੇਜ਼ ਕਰਨ ਲਈ ਦਬਾਅ ਪਾਉਣਾ ਅਤੇ ਦੂਜੇ ਪਾਸੇ ਸਥਾਪਤ ਵਿਵਸਥਾ ਨੂੰ ਢਾਹ ਲਾਉਣ ਦੇ ਯਤਨ ਨਾਲ ਮੌਕਾਪ੍ਰਸਤੀ ਦੀ ਮਿਸਾਲ ਕਾਇਮ ਹੋਈ ਹੈ।’  ਜ਼ਿਕਰਯੋਗ ਹੈ ਕਿ ਇਹ ਫਿਲਮ ਪਹਿਲੀ ਦਸੰਬਰ ਨੂੰ ਰਿਲੀਜ਼ ਹੋਣੀ ਹੈ ਪਰ ਕਈ ਰਾਜਪੂਤ ਗਰੁੱਪਾਂ ਵੱਲੋਂ ਇਸ ਫਿਲਮ ’ਚ ਇਤਿਹਾਸਕ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਫਿਲਮ ’ਚ ਰਾਣੀ ਪਦਮਾਵਤੀ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਸ੍ਰੀ ਭੰਸਾਲੀ ਨੂੰ ਧਮਕੀਆਂ ਵੀ ਮਿਲ ਚੁੱਕੀਆਂ ਹਨ।
ਦੀਪਿਕਾ ਨੂੰ ਹਾਲੀਵੁੱਡ ਤੋਂ ਮਿਲੀ ਹਮਾਇਤ
ਲਾਸ ਏਂਜਲਸ - ਵਿਵਾਦਾਂ ’ਚ ਘਿਰੀ ਫਿਲਮ ‘ਪਦਮਾਵਤੀ’ ਦੀ ਮੁੱਖ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਹਾਲੀਵੁੱਡ ਦੀ ਅਦਾਕਾਰਾ ਰੂਬੀ ਰੋਜ਼ ਨੇ ਹਮਾਇਤ ਦਿੱਤੀ ਹੈ। ਰੋਜ਼ ਅਤੇ ਦੀਪਿਕਾ ਨੇ ‘xXx: ਰਿਟਰਨ ਆਫ਼ ਜ਼ੈਂਡਰ ਕੇਜ’ ’ਚ ਇਕੱਠਿਆਂ ਭੂਮਿਕਾ ਨਿਭਾਈ ਸੀ। ਰਾਜਪੂਤ ਕਰਨੀ ਸੈਨਾ ਦੇ ਇਕ ਆਗੂ ਵੱਲੋਂ ਦੀਪਿਕਾ ਨੂੰ ਧਮਕੀ ਦੇਣ ਮਗਰੋਂ ਰੂਬੀ ਰੋਜ਼ ਨੇ ਟਵੀਟ ਕਰਕੇ ਕਿਹਾ ਕਿ ਦੀਪਿਕਾ ਮਜ਼ਬੂਤ ਅਤੇ ਦਲੇਰ ਔਰਤ ਹੈ ਅਤੇ ਸਮਝ ਸਕਦੀ ਹੈ ਕਿ ਉਹ ਕਿਹੜੇ ਦੌਰ ’ਚੋਂ ਗੁਜ਼ਰ ਰਹੀ ਹੈ।
ਭਾਰਤੀ ਕੌਮਾਂਤਰੀ ਫਿਲਮ ਮੇਲੇ ਦਾ ਬਾਈਕਾਟ ਕੀਤਾ ਜਾਵੇ: ਸ਼ਬਾਨਾ
ਮੁੰਬਈ - ਸੀਨੀਅਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਅੱਜ ਕਿਹਾ ਕਿ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਅਤੇ ਉਨ੍ਹਾਂ ਦੀ ਫਿਲਮ ‘ਪਦਮਾਵਤੀ’ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਧਮਕੀਆਂ ਦੇ ਰੋਸ ’ਚ ਫਿਲਮ ਜਗਤ ਨੂੰ ਭਾਰਤੀ ਕੌਮਾਂਤਰੀ ਫਿਲਮ ਮੇਲੇ (ਆਈਐਫਐਫਆਈ) ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਸ ਮੁੱਦੇ ’ਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਵੱਟੀ ਚੁੱਪ ਦੀ ਆਲੋਚਨਾ ਕਰਦਿਆਂ ਸ਼ਬਾਨਾ ਨੇ ਇਸ ਸਥਿਤੀ ਨੂੰ ‘ਸੱਭਿਆਚਾਰਕ ਖ਼ਾਤਮੇ’ ਵਾਲੀ ਦੱਸਿਆ ਹੈ।    
ਚਿਤੌੜਗੜ੍ਹ ਬਾਅਦ ਕੁੰਭਲਗੜ੍ਹ ਕਿਲਾ ਘੇਰਿਆ
ਜੈਪੁਰ - ਫਿਲਮ ‘ਪਦਮਾਵਤੀ’ ਉਤੇ ਮੁਕੰਮਲ ਰੋਕ ਦੀ ਮੰਗ ਕਰਦਿਆਂ ਰਾਜਪੂਤ ਭਾਈਚਾਰੇ ਦੀ ਅਗਵਾਈ ਹੇਠ ਸਥਾਨਕ ਲੋਕਾਂ ਨੇ ਅੱਜ ਰਾਜਸਮੰਦ ਜ਼ਿਲ੍ਹੇ ’ਚ ਪੈਂਦੇ ਕੁੰਭਲਗੜ੍ਹ ਕਿਲੇ ਨੂੰ ਘੇਰਾ ਪਾ ਕੇ ਇਸ ’ਚ ਦਾਖ਼ਲਾ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਚਿਤੌੜਗੜ੍ਹ ਕਿਲੇ ਨੂੰ ਘੇਰਾ ਪਾ ਲਿਆ ਸੀ। ਚਿਤੌੜਗੜ੍ਹ ਥਾਣੇ ਦੇ ਐਸਐਚਓ ਓਮ ਪ੍ਰਕਾਸ਼ ਨੇ ਦੱਸਿਆ ਕਿ ਚਿਤੌੜਗੜ੍ਹ ’ਚ ਅੱਜ ਹਾਲਾਤ ਆਮ ਵਾਂਗ ਰਹੇ।
ਤਬਦੀਲੀਆਂ ਤੋਂ ਬਿਨਾਂ ਰਿਲੀਜ਼ ਨਾ ਹੋਵੇ ਫਿਲਮ: ਰਾਜੇ
ਜੈਪੁਰ - ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸਿਮ੍ਰਤੀ ਇਰਾਨੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਫਿਲਮ ‘ਪਦਮਾਵਤੀ’ ਜ਼ਰੂਰੀ ਤਬਦੀਲੀਆਂ ਕੀਤੇ ਬਿਨਾਂ ਰਿਲੀਜ਼ ਨਾ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੈਂਸਰ ਬੋਰਡ ਨੂੰ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਸਾਰੇ ਸੰਭਾਵੀ ਨਤੀਜਿਆਂ ’ਤੇ ਵੀ ਗੌਰ ਕਰਨਾ ਚਾਹੀਦਾ ਹੈ।

 

 

fbbg-image

Latest News
Magazine Archive