ਰਿਆਨ ਮਾਮਲਾ: ਗ੍ਰਿਫ਼ਤਾਰ ਵਿਦਿਆਰਥੀ ਨੂੰ ‘ਖ਼ਾਸ ਥਾਂ’ ਲੈ ਕੇ ਗਈ ਸੀਬੀਆਈ


ਨਵੀਂ ਦਿੱਲੀ - ਦੂਜੀ ਜਮਾਤ ਦੇ ਵਿਦਿਆਰਥੀ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਗੁੜਗਾਓਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ 16 ਸਾਲਾ ਵਿਦਿਆਰਥੀ ਦੇ ਬਿਆਨ ਦੀ ਪੁਸ਼ਟੀ ਲਈ ਸੀਬੀਆਈ ਅੱਜ ਉਸ ਨੂੰ ਕਿਸੇ ‘ਖ਼ਾਸ ਥਾਂ’ ਲੈ ਕੇ ਗਈ। ਇਸ ਦੌਰਾਨ ਏਜੰਸੀ ਨੇ ਕੱਲ੍ਹ ਇਕ ਬਾਲ ਅਦਾਲਤ ਨੂੰ ਦੱਸਿਆ ਕਿ ਇਸ ਵਿਦਿਆਰਥੀ ਨੇ ਆਪਣੇ ਪਿਤਾ ਤੇ ਇਕ ਗਵਾਹ ਸਾਹਮਣੇ ਆਪਣੇ ਜੁਰਮ ਦਾ ਇਕਬਾਲ ਕੀਤਾ ਹੈ।
ਵਿਦਿਆਰਥੀ ਤੋਂ ਪੁੱਛ-ਪੜਤਾਲ ਕਰ ਰਹੀ ਏਜੰਸੀ ਦੀ ਖ਼ਾਸ ਟੀਮ ਇਹ ਜਾਣਕਾਰੀ ਨਹੀਂ ਦੇ ਰਹੀ ਕਿ ਉਸ ਨੂੰ ਕਿੱਥੇ ਲਿਜਾਇਆ ਗਿਆ। ਟੀਮ ਦਾ ਤਰਕ ਹੈ ਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ ਸੂਤਰਾਂ ਨੇ ਕਿਹਾ ਕਿ ਸਵੇਰੇ 10 ਤੋਂ ਸ਼ਾਮੀਂ ਪੰਜ ਵਜੇ ਵਿਚਾਲੇ ਹੋਈ ਜਾਂਚ ਦੌਰਾਨ ਲੜਕੇ ਨੂੰ ਬਿਆਨਾਂ ਦੀ ਪੁਸ਼ਟੀ ਲਈ ਕਿਸੇ ਖ਼ਾਸ ਥਾਂ ਲਿਜਾਇਆ ਗਿਆ। ਸੀਬੀਆਈ ਵੱਲੋਂ ਮੰਗਲਵਾਰ ਰਾਤੀਂ ਗ੍ਰਿਫ਼ਤਾਰ ਕੀਤੇ ਗਏ ਗਿਆਰਵੀਂ ਦੇ ਇਸ ਵਿਦਿਆਰਥੀ ਨੂੰ ਕਿੰਗਜ਼ਵੇਅ ਕੈਂਪ ਵਿੱਚ ਸੇਵਾ ਕੁਟੀਰ ਵਿੱਚ ਰੱਖਿਆ ਗਿਆ ਹੈ। ਇੱਥੋਂ ਉਸ ਨੂੰ ਪੁੱਛ-ਪੜਤਾਲ ਲਈ ਸਵੇਰੇ 10:45 ਵਜੇ ਸੀਬੀਆਈ ਹੈੱਡਕੁਆਰਟਰ ਲਿਜਾਇਆ ਗਿਆ। ਸੂਤਰਾਂ ਨੇ ਕਿਹਾ ਕਿ ਏਜੰਸੀ ਲੜਕੇ ਕੋਲੋਂ ਉਸ ਵਿਅਕਤੀ ਜਾਂ ਦੁਕਾਨ ਦੀ ਨਿਸ਼ਾਨਦੇਹੀ ਕਰਵਾਏਗੀ, ਜਿੱਥੋਂ ਉਸ ਨੇ ਚਾਕੂ ਖਰੀਦਿਆ। ਇਸ ਤੋਂ ਇਲਾਵਾ ਘਟਨਾ ਦ੍ਰਿਸ਼ ਵੀ ਦੁਬਾਰਾ ਸਿਰਜਿਆ ਜਾਵੇਗਾ। ਜ਼ਿਕਰਯੋਗ ਹੈ ਕਿ 8 ਸਤੰਬਰ ਨੂੰ ਸਕੂਲ ਦੇ ਪਖਾਨੇ ਵਿੱਚ ਸੱਤ ਸਾਲਾ ਬੱਚੇ ਪ੍ਰਦੁਯਮਨ ਦੀ ਲਾਸ਼ ਮਿਲੀ ਸੀ। ਉਸ ਦਾ ਗਲਾ ਵੱਢਿਆ ਗਿਆ ਸੀ।
ਇਸ ਦੌਰਾਨ ਸੀਬੀਆਈ ਨੇ ਕੱਲ੍ਹ ਗੁਰੂਗ੍ਰਾਮ ਦੀ ਬਾਲ ਅਦਾਲਤ ਵਿੱਚ ਗ੍ਰਿਫ਼ਤਾਰ ਵਿਦਿਆਰਥੀ ਦੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਉਸ ਤੋਂ ਹਿਰਾਸਤੀ ਪੁੱਛ-ਪੜਤਾਲ ਦੀ ਲੋੜ ਹੈ ਅਤੇ ਇਹ ਵੀ ਪਤਾ ਕਰਨਾ ਹੈ ਕਿ ਇਸ ਜੁਰਮ ਵਿੱਚ ਕੋਈ ਹੋਰ ਤਾਂ ਸ਼ਾਮਲ ਨਹੀਂ ਸੀ। ਏਜੰਸੀ ਨੇ ਇਕ ਨੋਟ ਵਿੱਚ ਕਿਹਾ ਕਿ ਲੜਕੇ ਨੇ ਆਪਣੇ ਪਿਤਾ, ਨਿਰਪੱਖ ਗਵਾਹ ਅਤੇ ਸੀਬੀਆਈ ਦੇ ਭਲਾਈ ਅਫ਼ਸਰ ਦੀ ਹਾਜ਼ਰੀ ਵਿੱਚ ਮੰਨਿਆ ਕਿ ਉਸ ਨੇ ਸਕੂਲ ਦੀ ਹੇਠਲੀ ਮੰਜ਼ਿਲ ਉਤੇ ਪਖਾਨੇ ਵਿੱਚ ਪ੍ਰਦੁਯਮਨ ਦੀ ਹੱਤਿਆ ਕੀਤੀ।

 

Latest News
Magazine Archive