ਪੈਰਾਡਾਈਜ਼ ਖ਼ੁਲਾਸੇ: ਜਾਂਚ ਬਹੁ-ਏਜੰਸੀ ਗਰੁੱਪ ਦੇ ਹਵਾਲੇ


ਨਵੀਂ ਦਿੱਲੀ - ਪੈਰਾਡਾਈਜ਼ ਦਸਤਾਵੇਜ਼ ਲੀਕ ਮਾਮਲੇ ਵਿੱਚ ਵੱਡੀ ਗਿਣਤੀ ਭਾਰਤੀਆਂ (ਵਿਅਕਤੀਆਂ ਤੇ ਕੰਪਨੀਆਂ) ਵੱਲੋਂ ਵਿਦੇਸ਼ਾਂ ਵਿੱਚ ਨਿਵੇਸ਼ ਕੀਤੇ ਜਾਣ ਦਾ ਖ਼ੁਲਾਸਾ ਹੋਣ ਤੋਂ ਬਾਅਦ ਅੱਜ ਸਿੱਧੇ ਕਰਾਂ ਸਬੰਧੀ ਕੇਂਦਰੀ ਬੋਰਡ (ਸੀਬੀਡੀਟੀ) ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਵੀ ਪਨਾਮਾ ਦਸਤਾਵੇਜ਼ ਲੀਕ ਮਾਮਲੇ ਦੀ ਤਫ਼ਤੀਸ਼ ਕਰ ਰਿਹਾ ਵੱਖ-ਵੱਖ ਏਜੰਸੀਆਂ ਦਾ ਸਮੂਹ (ਐਮਏਜੀ ਭਾਵ ਮਲਟੀ-ਏਜੰਸੀ ਗਰੁੱਪ) ਹੀ ਕਰੇਗਾ। ਬੋਰਡ ਨੇ ਕਿਹਾ ਕਿ ਇਹ ‘ਖ਼ੁਲਾਸਾ ਹੋਣ ਦੇ ਫ਼ੌਰੀ ਬਾਅਦ’ ਦੇਸ਼ ਭਰ ਵਿਚਲੀਆਂ ਆਮਦਨ ਕਰ ਵਿਭਾਗ ਦੀਆਂ ਜਾਂਚ ਇਕਾਈਆਂ ਨੂੰ ‘ਚੌਕਸ’ ਕਰ ਦਿੱਤਾ ਗਿਆ ਹੈ, ਤਾਂ ਕਿ ਇਸ ਸਬੰਧੀ ‘ਢੁਕਵੀਂ ਕਾਰਵਾਈ’ ਕੀਤੀ ਜਾ ਸਕੇ।
ਬੋਰਡ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਨਿਵੇਸ਼ ਦੇ ਅਨੇਕਾਂ ਕੇਸਾਂ ਦੀ ਜਾਂਚ ਪਹਿਲਾਂ ਹੀ ਤੇਜ਼ੀ ਨਾਲ ਚੱਲ ਰਹੀ ਹੈ। ਸੀਬੀਡੀਟੀ ਨੇ ਇਕ ਬਿਆਨ ਵਿੱਚ ਕਿਹਾ, ‘‘ਜਿਉਂ ਹੀ ਅਗਲੇਰੀ ਜਾਣਕਾਰੀ ਸਾਹਮਣੇ ਆਵੇਗੀ ਤਾਂ ਫ਼ੌਰੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।’’ ਬਿਆਨ ਮੁਤਾਬਕ ਸਰਕਾਰ ਨੇ ਹਦਾਇਤ ਦਿੱਤੀ ਹੈ ਕਿ ਪੈਰਾਡਾਈਜ਼ ਮਾਮਲੇ ਦੀ ਜਾਂਚ ਦੀ ਨਗਰਾਨੀ ਮੁੜ-ਗਠਿਤ ਐਮਏਜੀ ਵੱਲੋਂ ਕੀਤੀ ਜਾਵੇ, ਜਿਸ ਦੇ ਮੁਖੀ ਸੀਬੀਡੀਟੀ ਦੇ ਚੇਅਰਮੈਨ ਹਨ। ਇਸ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟ (ਐਫ਼ਆਈਯੂ) ਦੇ ਨੁਮਾਇੰਦੇ ਵੀ ਸ਼ਾਮਲ ਹਨ।
ਐਮਏਜੀ ਦੀ ਸਥਾਪਨਾ ਪਨਾਮਾ ਦਸਤਾਵੇਜ਼ਾਂ ਵਿੱਚ ਸਾਹਮਣੇ ਆਏ ਭਾਰਤੀਆਂ ਦੇ ਵਿਦੇਸ਼ੀ ਨਿਵੇਸ਼ ਦੀ ਕਾਨੂੰਨੀ ਵਾਜਬੀਅਤ ਦੀ ਘੋਖ ਲਈ ਬੀਤੇ ਸਾਲ ਅਪਰੈਲ ਵਿੱਚ ਕੀਤੀ ਗਈ ਸੀ। ਸਰਕਾਰੀ ਸੂਤਰਾਂ ਮੁਤਾਬਕ ਗਰੁੱਪ ਵੱਲੋਂ ਪਹਿਲਾਂ ਉਨ੍ਹਾਂ 714 ਵਿਅਕਤੀਆਂ ਦੀਆਂ ਆਮਦਨ ਕਰ ਰਿਟਰਨਾਂ ਘੋਖੀਆਂ ਜਾਣਗੀਆਂ, ਜਿਨ੍ਹਾਂ ਦੇ ਨਾਂ ਪੈਰਾਡਾਈਜ਼ ਦਸਤਾਵੇਜ਼ਾਂ ਵਿੱਚ ਬੋਲੇ ਹਨ। ਫਿਰ ਕੇਸ-ਦਰ-ਕੇਸ ਅਗਲੀ ਕਾਰਵਾਈ ਕੀਤੀ ਜਾਵੇਗੀ। ਸੀਬੀਡੀਟੀ ਨੇ ਕਿਹਾ ਕਿ ਹਾਲੇ ਇਸ ਨੇ ਖ਼ੁਲਾਸਿਆਂ ਦੇ ਪੂਰੇ ਵੇਰਵੇ ਹਾਸਲ ਕਰਨੇ ਹਨ, ਮੀਡੀਆ ਵਿੱਚ ਕੁਝ ਕੁ ਭਾਰਤੀਆਂ ਦੇ ਨਾਂ ਹੀ ਨਸ਼ਰ ਹੋਏ ਹਨ।
ਗ਼ੌਰਤਲਬ ਹੈ ਕਿ ਪੈਰਾਡਾਈਜ਼ ਦਸਤਾਵੇਜ਼ ਖ਼ੁਲਾਸਾ ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ (ਆਈਸੀਆਈਜੇ) ਨੇ ਕੀਤਾ ਹੈ, ਜੋ ਦੁਨੀਆਂ ਭਰ ਵਿੱਚ ਜਾਂਚ ਲਈ 95 ਮੀਡੀਆ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੀ  ੈ। ਇਸ ਨੇ ਜਿਨ੍ਹਾਂ ਭਾਰਤੀਆਂ ਦੇ ਨਾਂ ਨਸ਼ਰ ਕੀਤੇ ਹਨ, ਉਨ੍ਹਾਂ ਵਿੱਚ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ, ਫ਼ਰਾਰ ਕਾਰੋਬਾਰੀ ਵਿਜੇ ਮਾਲਿਆ, ਕਾਰਪੋਰੇਟ ਲਾਬੀਕਾਰ ਨੀਰਾ ਰਾਡੀਆ, ਫ਼ਿਲਮ ਸਟਾਰ ਸੰਜੇ ਦੱਤ ਦੀ ਪਤਨੀ ਦਿਲਨਸ਼ੀਨ (ਹੁਣ ਮਾਨਿਅਤਾ), ਕੇਂਦਰੀ ਮੰਤਰੀ ਜਯੰਤ ਸਿਨਹਾ ਅਤੇ ਰਾਜ ਸਭਾ ਮੈਂਬਰ ਆਰ.ਕੇ. ਸਿਨਹਾ ਸ਼ਾਮਲ ਹਨ। ਇਸ ਨੇ 180 ਮੁਲਕਾਂ ਨਾਲ ਸਬੰਧਤ ਲੋਕਾਂ ਦੇ ਨਾਂ ਦੱਸੇ ਹਨ, ਜਿਨ੍ਹਾਂ ਵਿੱਚੋਂ 714 ਨਾਵਾਂ ਨਾਲ ਭਾਰਤ ਦਾ 19ਵਾਂ ਨੰਬਰ ਹੈ। ਸੀਬੀਡੀਟੀ ਮੁਤਾਬਕ ਹਾਲੇ ਪੂਰੇ ਨਾਂ ਆਈਸੀਆਈਜੇ ਦੀ ਵੈਬਸਾਈਟ ਉਤੇ ਵੀ ਨਸ਼ਰ ਨਹੀਂ ਕੀਤੇ ਗਏ। ਬਿਆਨ ਮੁਤਾਬਕ, ‘‘ਆਈਸੀਆਈਜੇ ਦੀ ਵੈਬਸਾਈਟ ਵਿੱਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਆਉਂਦੇ ਹਫ਼ਤਿਆਂ ਦੌਰਾਨ ਪੜਾਅਵਾਰ ਦਿੱਤੀ ਜਾਵੇਗੀ।’’ ਪੈਰਾਡਾਈਜ਼ ਖ਼ੁਲਾਸਿਆਂ ਵਿੱਚ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਵੱਲੋਂ ਵੀ ਲੱਖਾਂ ਪੌਂਡ ਵਿਦੇਸ਼ੀ ਨਿਵੇਸ਼ ਦੀ ਗੱਲ ਕਹੀ ਗਈ ਹੈ। ਮਹਾਰਾਣੀ ਦੇ ਕਾਰੋਬਾਰ ਪ੍ਰਬੰਧਕਾਂ ਨੇ ਇਹ ਸਾਰਾ ਨਿਵੇਸ਼ ‘ਪੂਰੀ ਤਰ੍ਹਾਂ’ ਕਾਨੂੰਨ ਮੁਤਾਬਕ ਦੱਸਿਆ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜ਼ੀਜ਼ ਦਾ ਨਾਂ ਵੀ ਬੋਲਿਆ ਹੈ।   
ਕਾਲੇ ਧਨ ਸਬੰਧੀ ਮੋਦੀ ਨੇ ਕੀਤਾ ਲੋਕਾਂ ਨਾਲ ‘ਧੋਖਾ’: ਕਾਂਗਰਸ
ਨਵੀਂ ਦਿੱਲੀ - ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ਾਂ ਵਿਚਲੇ ਕਾਲੇ ਧਨ ਬਾਰੇ ‘ਕੋਈ ਕਾਰਵਾਈ ਨਾ ਕਰ ਕੇ’ ਲੋਕਾਂ ਨਾਲ ‘ਧੋਖਾ’ ਕੀਤਾ ਹੈ। ਪਾਰਟੀ ਨੇ ਪੈਰਾਡਾਈਜ਼ ਦਸਤਾਵੇਜ਼ਾਂ ਵਿੱਚ ਨਾਂ ਆਉਣ ਉਤੇ ਕੇਂਦਰੀ ਮੰਤਰੀ ਜਯੰਤ ਸਿਨਹਾ ਤੇ ਭਾਜਪਾ ਐਮਪੀ ਆਰ.ਕੇ. ਸਿਨਹਾ ਦਾ ਅਸਤੀਫ਼ਾ ਵੀ ਮੰਗਿਆ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਸ੍ਰੀ ਮੋਦੀ ਨੂੰ ਸਵਾਲ ਕੀਤਾ ਕਿ ਕੀ ਉਹ ਸ੍ਰੀ ਸਿਨਹਾ ਖ਼ਿਲਾਫ਼ ਕਾਰਵਾਈ ਕਰਨਗੇ ਅਤੇ ਕਾਲੇ ਧਨ ਵਾਲੇ ਸਾਰੇ ਲੋਕਾਂ ਨੇ ਨਾਂ ਜੱਗ-ਜ਼ਾਹਰ ਹੋਣ ਦੇਣਗੇ।

 

 

fbbg-image

Latest News
Magazine Archive